ਅਸ਼ੋਕ ਵਰਮਾ, ਬਠਿੰਡਾ 13 ਅਕਤੂਬਰ 2023
ਬਠਿੰਡਾ ਜ਼ਿਲ੍ਹੇ ਦੀਆਂ ਅੱਧੀ ਦਰਜਨ ਧੀਆਂ ਇੱਕੋ ਦਿਨ ਵਿੱਚ ਜੱਜ ਬਣ ਗਈਆਂ ਹਨ।ਵਕਤ ਨਾਲ ਬਦਲੇ ਦਿਨਾਂ ਦੀ ਗੱਲ ਹੈ ਜੋ ਇਨ੍ਹਾਂ ਕੁੜੀਆਂ ਨੇ ਤੋਰੀ ਹੈ। ਹੁਣ ਇਹ ਧੀਆਂ ਇਨਸਾਫ ਦੀ ਕੁਰਸੀ ਤੇ ਬੈਠ ਕੇ ਲੋਕਾਂ ਨੂੰ ਨਿਆਂ ਦੇਣਗੀਆਂ। ਜੱਜ ਦੀ ਕੁਰਸੀ ਤੇ ਬਿਰਾਜਮਾਨ ਹੋਣ ਜਾ ਰਹੀਆਂ ਇਨ੍ਹਾਂ ਕੁੜੀਆਂ ਨੂੰ ਮਾਪਿਆਂ ਨੇ ਸਿਰ ਪਲੋਸ ਕੇ ਸ਼ਾਬਾਸ਼ ਦਿੱਤੀ ਅਤੇ ਇਸ ਕਾਮਯਾਬੀ ਲਈ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਹੈ। ਇਨ੍ਹਾਂ ਬੱਚੀਆਂ ਨੇ ਆਪਣੇ ਦਮ ਤੇ ਸਫ਼ਲਤਾ ਹਾਸਿਲ ਕਰਕੇ ਹੋਰਨਾ ਕੁੜੀਆਂ ਲਈ ਦੇਸ਼ ਸੇਵਾ ਅਤੇ ਰੁਜ਼ਗਾਰ ਦਾ ਇੱਕ ਨਵਾਂ ਮਾਡਲ ਪੇਸ਼ ਕੀਤਾ ਹੈ। ਅੱਜ ਪੂਰਾ ਦਿਨ ਇਨ੍ਹਾਂ ਬੱਚੀਆਂ ਦੇ ਘਰਾਂ ਵਿੱਚ ਵਧਾਈਆਂ ਦੇਣ ਵਾਲਿਆਂ ਨੇ ਵਹੀਰਾਂ ਘੱਤੀ ਰੱਖੀਆਂ ਅਤੇ ਮਾਪਿਆਂ ਨੇ ਵੀ ਇਸ ਮੋਹ ਦੀ ਤਾਂਘ ਦਾ ਮੁੱਲ ਮੂੰਹ ਮਿੱਠਾ ਕਰਵਾ ਕੇ ਮੋੜਿਆ।
ਬਠਿੰਡਾ ਸ਼ਹਿਰ ਦੇ ਨਛੱਤਰ ਨਗਰ ਦੇ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਭੁਪਿੰਦਰ ਸਿੰਘ ਗਿੱਲ ਦੀ ਇਕਲੌਤੀ ਲੜਕੀ ਹਰਜੋਬਨ ਕੌਰ ਗਿੱਲ ਨੇ ਤਾਂ ਪਹਿਲੀ ਬਾਲ ਵਿੱਚ ਹੀ ਛੱਕਾ ਮਾਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮਾਪਿਆਂ ਵੱਲੋਂ ਦਿੱਤੀ ਪ੍ਰੇਰਨਾ ਨੂੰ ਆਪਣਾ ਨਿਸ਼ਾਨਾ ਮੰਨਦਿਆਂ ਹਰਜੋਬਨ ਕੌਰ ਨੇ ਜੁਡੀਸ਼ੀਅਲ ਸਰਵਿਸ ਲਈ ਪਹਿਲੀ ਕੋਸ਼ਿਸ਼ ਕੀਤੀ ਜਿਸ ‘ਚ ਉਹ ਸਫਲ ਰਹੀ ਹੈ। ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਹੈ। ਹਰਜੋਬਨ ਦੱਸਦੀ ਹੈ ਕਿ ਉਸਨੇ 11ਵੀਂ ਵਿੱਚ ਹੀ ਕਾਨੂੰਨ ਦੀਆਂ ਤਕਸੀਮਾਂ ਜਰਬਾਂ ਰਾਹੀਂ ਆਪਣਾ ਕੈਰੀਅਰ ਬਣਾਉਣ ਦਾ ਫ਼ੈਸਲਾ ਲਿਆ ਸੀ।ਸ਼ਹਿਰ ਦੇ ਨਾਮੀ ਸੇਂਟ ਜੋਸਫ ਸਕੂਲ ਚੋਂ 10ਵੀਂ ਕਰਨ ਵਾਲੀ ਹਰਜੋਬਨ ਨੇ 12ਵੀਂ ਤੋਂ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਸਕੂਲ ਆਫ਼ ਲਾਅ ਵਿੱਚ ਟਾਪ ਕੀਤਾ ਸੀ।
ਇਸ ਸਫਲਤਾ ਪਿੱਛੇ ਰੌਚਕ ਪਹਿਲੂ ਇਹ ਵੀ ਹੈ ਕਿ ਜਿੱਥੇ ਆਮ ਤੌਰ ਤੇ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਗੱਲ ਕਰਦੇ ਹਨ ਪਰ ਇਸ ਦੇ ਉਲਟ ਹਰਜੋਬਨ ਕੌਰ ਨੇ ਪੜ੍ਹਾਈ ਤੋਂ ਪੈਦਾ ਹੁੰਦੇ ਆਪਣੇ ਤਣਾਅ ਨੂੰ ਦੂਰ ਕਰਨ ਲਈ ਸਮੇਂ ਸਮੇਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਵੀ ਕੀਤੀ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਦੀ ਸੀਨੀਅਰ ਸਹਾਇਕ ਵੀਰਪਾਲ ਕੌਰ ਦਾ ਕਹਿਣਾ ਸੀ ਕਿ ਉਸ ਨੇ ਹਰਜੋਬਨ ਨੂੰ ਕਦੇ ਆਪਣੀ ਪੜ੍ਹਾਈ ਨਾਲ ਸਮਝੌਤਾ ਕਰਦਿਆਂ ਨਹੀਂ ਦੇਖਿਆ ਹੈ। ਅੱਜ ਇਹ ਪਰਿਵਾਰ ਗੁਰੂ ਘਰ ਵਿੱਚ ਨਤਮਸਤਕ ਹੋਇਆ ਅਤੇ ਆਪਣੀ ਬੱਚੀ ਦੇ ਸੁਨਹਿਰੇ ਭਵਿੱਖ ਅਤੇ ਨਿਆ ਦੀ ਤੱਕੜੀ ਤੇ ਖਰਾ ਉਤਰਨ ਲਈ ਦੁਆ ਮੰਗੀ ਹੈ।ਹਰਜੋਬਨ ਆਖਦੀ ਹੈ ਕਿ ਇਨਸਾਫ ਦੇ ਮੰਦਰ ਵਿੱਚੋਂ ਉਹ ਕਿਸੇ ਨੂੰ ਨਿਰਾਸ਼ ਨਹੀਂ ਜਾਣ ਦੇਵੇਗੀ।
ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਦੇ ਆੜ੍ਹਤੀ ਅਤੇ ਕੱਪੜਾ ਕਾਰੋਬਾਰੀ ਸੁਸ਼ੀਲ ਗੋਇਲ ਅਤੇ ਘਰੇਲੂ ਔਰਤ ਅਨੀਤਾ ਗੋਇਲ ਦੀ ਬੇਟੀ ਮੋਹਿਨੀ ਗੋਇਲ ਨੇ ਪੀਸੀਐਸ ਵਿੱਚ 46ਵਾਂ ਰੈਂਕ ਹਾਸਲ ਕਰਕੇ ਗੋਨਿਆਣਾ ਨੂੰ ਪਹਿਲੀ ਜੱਜ ਹੋਣ ਦਾ ਮਾਣ ਦਿਵਾਇਆ ਤੇ ਇਤਿਹਾਸ ਰਚਿਆ ਹੈ। ਨਤੀਜੇ ਦਾ ਐਲਾਨ ਹੁੰਦਿਆਂ ਹੀ ਪਰਿਵਾਰ ਵਿੱਚ ਜਸ਼ਨਾਂ ਦਾ ਮਾਹੌਲ ਬਣਿਆ ਹੋਇਆ ਹੈ। ਸੁਸ਼ੀਲ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮੋਹਿਨੀ ਦੀ ਸਫਲਤਾ ਪਿੱਛੇ ਚੰਡੀਗੜ੍ਹ ਦੇ ਸਰਕਾਰ ਦੇ ਸੇਵਾਮੁਕਤ ਡਬਲ ਏ.ਜੀ.ਏ ਗੁਰਿੰਦਰਪਾਲ ਸਿੰਘ ਦਾ ਹੈ ਜਿਨ੍ਹਾਂ ਮੋਹਿਨੀ ਨੂੰ ਕੋਚਿੰਗ ਦਿੱਤੀ । ਮੋਹਿਨੀ ਨੇ ਡੀਏਵੀ ਸਕੂਲ ਤੋਂ 10ਵੀਂ ਅਤੇ ਬਾਬਾ ਫ਼ਰੀਦ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਮਾਪੇ ਆਖਦੇ ਹਨ ਕਿ ਠਾਠਾਂ ਮਾਰਦੇ ਜਜ਼ਬੇ ਨੇ ਬੱਚੀ ਨੂੰ ਨਵੇਂ ਮਿਸ਼ਨ ਦੀ ਰਾਹੀ ਬਣਾ ਦਿੱਤਾ ਹੈ।
ਬਠਿੰਡਾ ਦੇ ਐਡਵੋਕੇਟ ਨਵਜੋਤ ਸਿੰਘ ਰੋਮਾਣਾ ਦੀ ਪੁੱਤਰੀ ਅਸਮਿਤਾ ਰੋਮਾਣਾ ਵੀ ਇਸ ਕੁਰਸੀ ਲਈ ਸਫਲਤਾ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਿਲ ਹੈ। ਪਿਤਾ ਵਕੀਲ ਹੋਣ ਕਰਕੇ ਉਸ ਨੂੰ ਇਸਦਾ ਲਾਹਾ ਵੀ ਮਿਲਿਆ ਹੈ । ਅਸਮਿਤਾ ਦੀ ਸਫਲਤਾ ਪਿੱਛੇ ਵੀ ਸੋਸ਼ਲ ਮੀਡੀਆ ਦਾ ਵੱਡਾ ਹੱਥ ਸਾਹਮਣੇ ਆਇਆ ਹੈ ਜਿਸ ਨੇ ਮੋਬਾਇਲ ਫੋਨ ਨੂੰ ਸਿਖਲਾਈ ਦਾ ਆਧਾਰ ਬਣਾਇਆ । ਉਸਨੇ ਇੰਸਟਾਗ੍ਰਾਮ ‘ਤੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲਿਆਂ ਦੀ ਵੀ ਡੂੰਘਾਈ ਨਾਲ ਘੋਖ ਕੀਤੀ ਜੋ ਉਸਨੂੰ ਸਫਲ ਹੋਣ ਵਿੱਚ ਵੀ ਸਹਾਈ ਹੋਈ। ਪਿਤਾ ਐਡਵੋਕੇਟ ਨਵਜੋਤ ਸਿੰਘ ਰਮਾਣਾ ਦੱਸਦੇ ਹਨ ਕਿ ਅਸਮਿਤਾ ਨੇ ਛੇਵੀਂ ਕਲਾਸ ਤੋਂ ਹੀ ਜੱਜ ਬਣਨ ਨੂੰ ਆਪਣਾ ਟੀਚਾ ਮਿਥ ਲਿਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਪਰਿਵਾਰ ਨੇ ਵੀ ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਅਸਮਿਤਾ ਦੀ ਪੂਰੀ ਪੂਰੀ ਹੌਸਲਾ ਅਫਜਾਈ ਕੀਤੀ ਅਤੇ ਹਰ ਕਿਸਮ ਦਾ ਸਹਿਯੋਗ ਦਿੱਤਾ ਹੈ।
ਸੀਨੀਅਰ ਐਡਵੋਕੇਟ ਹਰ ਭਗਵਾਨ ਸਿੰਘ ਜੋਗਾ ਅਤੇ ਘਰੇਲੂ ਔਰਤ ਕੁਲਦੀਪ ਕੌਰ ਦੀ ਬੇਟੀ ਨਵਕਿਰਨ ਕੌਰ ਪਰਿਵਾਰ ਦੀ ਇਕਲੌਤੀ ਧੀ ਹੈ ਜਿਸ ਨੇ ਇਸ ਪ੍ਰੀਖਿਆ ਵਿਚ ਸੱਤਵਾਂ ਰੈਂਕ ਹਾਸਲ ਕੀਤਾ ਹੈ ਪਹਿਲਾਂ ਨਵਕਿਰਨ ਨੇ ਹਰਿਆਣਾ ਸਿਵਲ ਸਰਵਿਸ ਲਈ ਕੁਆਲੀਫਾਈ ਕੀਤਾ ਪਰ ਇੰਟਰਵਿਊ ‘ਚ ਰਹਿ ਗਈ। ਪਰਿਵਾਰਕ ਪਿਛੋਕੜ ਕਾਨੂੰਨੀ ਸੇਵਾਵਾਂ ਨਾਲ ਜੁੜਿਆ ਹੋਣਾ ਵੀ ਉਸ ਲਈ ਮਦਦਗਾਰ ਸਹਾਈ ਹੋਇਆ ਹੈ। ਨਵਕਿਰਨ ਇਸ ਸਮੇਂ ਫਿਲੌਰ ਪੁਲੀਸ ਅਕੈਡਮੀ ਵਿੱਚ ਸਿਖਲਾਈ ਲੈ ਰਹੀ ਹੈ। ਪਿਛਲੇ ਸਾਲ ਉਸ ਦੀ ਚੋਣ ਪੀਆਈਬੀ ਵਿੱਚ ਹੋਈ ਸੀ। ਉਸ ਨੇ ਇਸ ਪ੍ਰੀਖਿਆ ਲਈ ਦਿੱਲੀ ਤੋਂ ਆਨਲਾਈਨ ਕੋਚਿੰਗ ਵੀ ਲਈ ਅਤੇ ਖੁਦ ਵੀ ਸਖਤ ਮਿਹਨਤ ਕੀਤੀ।
ਪੰਜਾਬ ਸਿਵਲ ਸਰਵਿਸ਼ਜ (ਜੁਡੀਸ਼ਰੀ) ਦੀ ਪ੍ਰੀਖਿਆ ਨੂੰ ਪਾਸ ਕਰਕੇ ਜੱਜ ਬਣਨ ਦਾ ਮਾਣ ਹਾਸਲ ਕਰਨ ਵਾਲਿਆਂ ਵਿੱਚ ਰਾਮਾ ਮੰਡੀ ਦੇ ਕੱਪੜਾ ਵਪਾਰੀ ਯਸ਼ਪਾਲ ਗਰਗ ਦੀ ਬੇਟੀ ਮੂਨਕ ਦਾ ਨਾਮ ਵੀ ਬੋਲਦਾ ਹੈ ਜੋ 43ਵੇਂ ਰੈਂਕ ਤੇ ਰਹੀ ਹੈ। ਪਹਿਲਾਂ ਵਕੀਲ ਬਣੀ ਤੇ ਹੁਣ ਜੱਜ ਬਣੀ ਮੂਨਕ ਗਰਗ ਨੇ ਦੱਸਿਆ ਕਿ ਉਸਨੂੰ ਜੁਡੀਸ਼ਰੀ ਤਰਫ ਆਉਣ ਦੀ ਰੁਚੀ ਰਜਿੰਦਰਾ ਕਾਲਜ ਵਿੱਚ ਪੜ੍ਹਨ ਦੌਰਾਨ ਪੈਦਾ ਹੋਈ ਸੀ। ਉਸਨੇ ਇਹ ਸਫਲਤਾ ਦੂਜੇ ਹੱਲੇ ਹਾਸਲ ਕੀਤੀ ਹੈ। ਬਠਿੰਡਾ ਅਦਾਲਤ ਵਿੱਚ ਤਾਇਨਾਤ ਸਤਵਿੰਦਰ ਸਿੰਘ ਦੀ ਬੇਟੀ ਜਸ਼ਨਪ੍ਰੀਤ ਕੌਰ ਪਹਿਲੀ ਕੋਸ਼ਿਸ਼ ਵਿੱਚ ਹੀ ਜੱਜ ਬਣੀ ਹੈ। ਗੁਰੂ ਗੋਬਿੰਦ ਸਿੰਘ ਨਗਰ ਦੀ ਰਹਿਣ ਵਾਲੀ ਜਸ਼ਨਪ੍ਰੀਤ ਕੌਰ ਦਾ ਸੁਪਨਾ ਜੱਜ ਬਣ ਕੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ।ਜਸ਼ਨਪ੍ਰੀਤ ਨੇ ਦੱਸਿਆ ਕਿ ਜਦੋਂ ਸੁਫਨਾ ਉਹ ਬੰਦ ਅੱਖਾਂ ਨਾਲ ਦੇਖਦੀ ਸੀ ਉਹ ਪੂਰਾ ਹੁੰਦਾ ਖੁੱਲੀਆਂ ਅੱਖਾਂ ਨਾਲ ਦੇਖਿਆ ਹੈ।