ਅਸ਼ੋਕ ਵਰਮਾ, ਬਠਿੰਡਾ,13 ਅਕਤੂਬਰ 2023
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਉਪਰੰਤ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਫਰਾਰ ਚੱਲ ਰਹੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਅਗਾਂਊ ਜਮਾਨਤ ਲਈ ਦਾਇਰ ਕੀਤੀ ਗਈ ਪਟੀਸ਼ਨ ਸੁਣਵਾਈ ਲਈ ਮਨਜ਼ੂਰ ਕਰ ਲਈ ਹੈ ।ਮਨਪ੍ਰੀਤ ਬਾਦਲ ਨੇ ਆਪਣੇ ਵਕੀਲ ਅਰਸ਼ਦੀਪ ਸਿੰਘ ਚੀਮਾ ਅਤੇ ਸੁਖਦੀਪ ਸਿੰਘ ਭਿੰਡਰ ਰਾਹੀਂ ਅੱਜ 11 ਅਕਤੂਬਰ ਨੂੰ ਰਿੱਟ ਦਾਇਰ ਕੀਤੀ ਸੀ ਜਿਸ ਨੂੰ ਅਰਜੈਂਟ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਅੱਜ ਇਸ ਅਰਜੀ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਸ੍ਰੀ ਵਿਕਾਸ ਬਹਿਲ ਦੀ ਅਦਾਲਤ ਵੱਲੋਂ ਅਗਲੀ ਸੁਣਵਾਈ 16 ਅਕਤੂਬਰ ਤੈਅ ਕੀਤੀ ਗਈ ਹੈ। ਇਸ ਦੀ ਪੁਸ਼ਟੀ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਕੀਤੀ ਹੈ । ਸਿਆਸੀ ਤੌਰ ਤੇ ਅਹਿਮ ਮੰਨੇ ਜਾਂਦੇ ਇਸ ਮਾਮਲੇ ਤੇ ਹੁਣ ਨਜ਼ਰਾਂ ਅਦਾਲਤ ਦੀ ਅਗਲੀ ਕਾਰਵਾਈ ਤੇ ਟਿਕ ਗਈਆਂ ਹਨ।ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ , ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ , ਪ੍ਰਾਈਵੇਟ ਲੋਕਾਂ ਵਿਕਾਸ ਕੁਮਾਰ, ਰਜੀਵ ਕੁਮਾਰ, ਅਮਨਦੀਪ ਸਿੰਘ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਕੇਸ ਦਰਜ ਕੀਤਾ ਸੀ।
ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 29 ਸਤੰਬਰ ਸ਼ੁੱਕਰਵਾਰ ਨੂੰ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਰਾਹੀਂ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ ਜੋ 4 ਅਕਤੂਬਰ ਨੂੰ ਰੱਦ ਕਰ ਦਿੱਤੀ ਗਈ ਸੀ। ਸਾਬਕਾ ਵਿੱਤ ਮੰਤਰੀ ਦੇ ਵਕੀਲ ਨੇ ਉਨ੍ਹਾਂ ਦੇ ਮੁਵੱਕਿਲ ਨੂੰ ਸਿਆਸੀ ਰੰਜ਼ਿਸ਼ ਤਹਿਤ ਫ਼ਸਾਉਣ ਵਰਗੀਆਂ ਦਲੀਲਾਂ ਦੇ ਕੇ ਜਮਾਨਤ ਦੇਣ ਦੀ ਮੰਗ ਕੀਤੀ ਸੀ ਪਰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ ਸੀ ।ਦੱਸ ਦੇਈਏ ਕਿ ਵਿਜੀਲੈਂਸ ਜਾਂਚ ਦੇ ਚੱਲਦਿਆਂ ਸ਼ੁਰੂ ਵਿੱਚ ਵੀ ਮਨਪ੍ਰੀਤ ਨੇ ਬਠਿੰਡਾ ਅਦਾਲਤ ‘ਚ ਅਗਾਊਂ ਜਮਾਨਤ ਦੀ ਅਰਜੀ ਦਿੱਤੀ ਸੀ ਜੋ ਕੇਸ ਦਰਜ ਹੋਣ ਤੋਂ ਬਾਅਦ ਵਾਪਸ ਲੈ ਲਈ ਸੀ।
ਮਨਪ੍ਰੀਤ ਸਿੰਘ ਬਾਦਲ ਫਰਾਰ
ਮਨਪ੍ਰੀਤ ਬਾਦਲ ਨੇ ਬਠਿੰਡਾ ‘ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਬਠਿੰਡਾ ਵਿਕਾਸ ਅਥਾਰਟੀ ਤੋਂ ਦੋ ਪਲਾਟ ਖਰੀਦੇ ਸਨ।ਵਿਜੀਲੈਂਸ ਜਾਂਚ ‘ਚ ਸਾਹਮਣੇ ਆਇਆ ਸੀ ਕਿ ਪਲਾਟ ਖਰੀਦਣ ਵੇਲੇ ਵੱਡੀ ਪੱਧਰ ਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ। ਮਾਮਲੇ ਦੀ ਪੜਤਾਲ ਮਗਰੋਂ ਮਾਮਲਾ ਦਰਜ ਹੋਣ ਤੋਂ ਪਿੱਛੋਂ ਮਨਪ੍ਰੀਤ ਬਾਦਲ ਲਗਾਤਾਰ ਰੂਪੋਸ਼ ਹੈ ਤੇ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਉਨ੍ਹਾਂ ਨੂੰ ਲੱਭਣ ਵਿੱਚ ਸਫਲ ਨਹੀਂ ਹੋ ਸਕੀਆਂ ਹਨ। ਵਿਜੀਲੈਂਸ ਨੇ ਫੌਜਦਾਰੀ ਮਾਮਲਿਆਂ ਦੇ ਅਧਾਰ ’ਤੇ ਵਿਜੀਲੈਂਸ ਨੇ ਲੁੱਕ ਆਊਟ ਸਰਕੁਲਰ (ਐਲਓਸੀ) ਜਾਰੀ ਕਰਵਾਇਆ ਹੋਇਆ ਹੈ।ਇਸ ਮਾਮਲੇ ਦੀ ਸ਼ਿਕਾਇਤ ਭਾਜਪਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਸਿੰਗਲਾ ਨੇ ਕੀਤੀ ਸੀ।