ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ 

Advertisement
Spread information
ਅਸ਼ੋਕ ਵਰਮਾ, ਮਾਨਸਾ 13 ਅਕਤੂਬਰ 2023


        ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਮਹਿਜ਼ 19ਸਾਲ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੀਪ ਸਿੰਘ  ਦਾ ਪਿੰਡ ਕੋਟਲੀ ਕਲਾਂ ਵਿਖੇ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਟ੍ਰੇਨਿੰਗ ਤੋਂ ਬਾਅਦ ਕਰੀਬ ਡੇਢ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਜੰਮੂ ਕਸ਼ਮੀਰ ਡਿਊਟੀ ਤੇ  ਪੁੱਜਾ ਸੀ। ਉਹ10 ਦਸੰਬਰ 2022 ਨੂੰ ਫੌਜ ਵਿੱਚ ਭਰਤੀ ਹੋਇਆ ਸੀ ਤੇ ਲੰਘੀ 11 ਅਕਤੂਬਰ ਨੂੰ 11 ਮਹੀਨਿਆਂ ਦੇ ਅੰਦਰ ਹੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ।
      ਇਸ ਮੌਕੇ ਸ਼ਹੀਦ ਦੀ ਮ੍ਰਿਤਕ ਦੇਹ ਲੈ ਕੇ ਪੁੱਜੇ ਰੈਜੀਮੈਂਟ 10-ਜੇਕੇ ਰਾਈਫਲ ਦੇ ਜਵਾਨਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਅਤੇ ਸਾਬਕਾ ਫੌਜੀਆਂ ਨੇ ਰੀਥ ਭੇਟ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ।ਸ਼ਹੀਦ ਦੇ ਸਸਕਾਰ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਨੇ ਵੀ ਸਲਾਮੀ ਦੇਣ ਲਈ ਹਥਿਆਰ ਉਲਟੇ ਕੀਤੇ।
    ਸਸਕਾਰ ਮੌਕੇ ਪਿਤਾ ਗੁਰਦੀਪ ਸਿੰਘ ਨੇ ਸ਼ਹੀਦ ਪੁੱਤ ਨੂੰ ਸਲੂਟ ਮਾਰਿਆ ਤਾਂ ਇਸ ਮੌਕੇ ਹਾਜ਼ਰ ਲੋਕਾਂ ਦੀਆਂ ਅੱਖਾਂ ਵਿੱਚੋਂ ਤਿਪ ਤਿਪ ਕਰਕੇ ਹੰਝੂ ਵਗ ਰਹੇ ਸਨ। ਇਸ ਤੋਂ ਪਹਿਲਾਂ ਭੈਣ ਨੇ ਇਕਲੌਤੇ ਭਰਾ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ  ਸਿਰ ’ਤੇ ਸਿਹਰਾ ਬੰਨ੍ਹਿਆਂ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਨਦੀ ਵਗ ਰਹੀ ਸੀ। ਜਿਸ ਭਰਾ ਦੇ ਵਿਆਹ ਵੇਲੇ ਸਿਹਰਾ ਬੰਨ੍ਹਣਾ ਸੀ ਉਸ ਨੂੰ ਇਸ ਤਰ੍ਹਾਂ ਅੰਤਿਮ ਵਿਦਾਇਗੀ ਦੇਣੀ ਪੈ ਰਹੀ ਹੈ ਉਸਨੇ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ।
          ਜਾਣਕਾਰੀ ਅਨੁਸਾਰ ਸ਼ਹੀਦ ਅੰਮ੍ਰਿਤਪਾਲ ਸਿੰਘ ਇੱਕ ਮੱਧ ਵਰਗੀ  ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਫੌਜ ’ਚ ਭਰਤੀ ਹੋਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਪਿਤਾ ਨਾਲ ਖੇਤੀਬਾੜੀ ’ਚ ਹੱਥ ਵਟਾਉਂਦਾ ਸੀ। ਘਰ ’ਚ ਦੁੱਖ ਸਾਂਝਾ ਕਰਨ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਪੁੱਜ ਕੇ ਸਾਊ ਸੀ। ਸ਼ਹੀਦ ਦਾ ਪਿਤਾ ਗੁਰਦੀਪ ਸਿੰਘ ਵੀ ਰੋਂਦਾ ਇਹੋ ਕਹਿੰਦਾ ਰਿਹਾ ਕਿ ‘ਮੇਰਾ ਪੁੱਤ ਦੁਨੀਆਂ ਤੋਂ ਚਲਾ ਗਿਆ ਪਰ ਕਦੇ ਕੋਈ ਖੁਨਾਮੀ ਨਹੀਂ ਖੱਟੀ’। ਅੰਮ੍ਰਿਤਪਾਲ ਸਿੰਘ ਨੂੰ ਕੰਬਾਇਨਾਂ ਅਤੇ ਟਰੈਕਟਰਾਂ ਦਾ ਕਾਫੀ ਸ਼ੌਂਕ ਸੀ। ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਭੈਣ ਕੈਨੇਡਾ ਰਹਿੰਦੀ ਹੈ।ਗੁਰਦੀਪ ਸਿੰਘ ਦੀ ਭਤੀਜੀ ਦਾ ਵਿਆਹ ਹੋਣਾ ਸੀ ਤਾਂ ਅੰਮ੍ਰਿਤਪਾਲ ਨੇ ਵੀ ਛੁੱਟੀ ਕਟਾ ਰੱਖੀ ਸੀ। 
            ਉਸਦੀ ਕੈਨੇਡਾ ਰਹਿੰਦੀ ਭੈਣ ਅਤੇ ਅੰਮ੍ਰਿਤਪਾਲ ਸਿੰਘ ਨੇ ਇਕੱਠਿਆਂ ਘਰ ਆਉਣਾ ਸੀ। ਗੁਰਦੀਪ ਸਿੰਘ ਨੇ ਆਖਿਆ ਕਿ ਉਸਦਾ ਪੁੱਤ ਇਕੱਲਾ ਉਸਦਾ ਨਹੀਂ ਬਲਕਿ ਪੂਰੇ ਦੇਸ਼ ਦਾ ਪੁੱਤ ਸੀ ਕਿਉਂਕਿ ਉਸਨੇ ਦੇਸ਼ ਦੀ ਸੇਵਾ ਲਈ ਆਪਣਾ ਪੁੱਤ ਫੌਜ ’ਚ ਤੋਰਿਆ ਸੀ। ਪੁੱਤ ਦੇ ਵਿਛੋੜੇ ’ਚ ਹੰਝੂ ਨਾ ਸੰਭਾਲਦਿਆਂ ਗੁਰਦੀਪ ਸਿੰਘ ਨੇ ਆਖਿਆ ਕਿ ਉਸ ਨੂੰ ਆਪਣੇ ਸੋਨੇ ਵਰਗੇ ਪੁੱਤ ਤੋਂ ਬਹੁਤ ਆਸਾਂ ਸਨ ਪਰ ਮਾਲਕ ਨੂੰ ਕੁਝ ਹੋਰ ਹੀ ਮਨਜੂਰ ਸੀ। ਸ਼ਹੀਦ ਦੇ ਚਾਚਾ ਸੁਖਜੀਤ ਸਿੰਘ ਨੇ ਦੱਸਿਆ ਕਿ ਕਾਫੀ ਸਮੇਂ ਤੱਕ ਉਨ੍ਹਾਂ ਦੀ ਖੇਤੀ ਸੇਮ ਦੀ ਮਾਰ ਹੇਠ ਰਹੀ। ਹੁਣ ਪਰਿਵਾਰ ਨੂੰ ਦਿਨ ਠੀਕ ਹੋਣ ਦੀ ਆਸ ਬੱਝੀ ਸੀ ਤਾਂ ਇਹ ਭਾਣਾ ਵਰਤ ਗਿਆ। 
          ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ ਕਿਉਂਕਿ ਅੰਮ੍ਰਿਤਪਾਲ ਸ ਉਨ੍ਹਾਂ ਦਾ ਇਕਲੌਤਾ ਸਹਾਰਾ ਸੀ। ਜ਼ਿਲ੍ਹਾ ਪ੍ਰਸ਼ਾਸ਼ਨ  ਤਰਫੋਂ ਪੁੱਜੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਅੰਮ੍ਰਿਤਪਾਲ ਸਿੰਘ ਦੇਸ਼ ਦਾ ਸਰਮਾਇਆ ਹੈ ਅਤੇ ਉਸਦੇ ਪਰਿਵਾਰ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਏਗਾ।ਦੱਸਣਯੋਗ ਹੈ ਕਿ ਪਿੰਡ ਕੋਟਲੀ ਕਲਾਂ ਦੇ  ਇੱਕ ਦਰਜ਼ਨ ਤੋਂ ਵੱਧ ਜਵਾਨ ਭਾਰਤੀ ਫੌਜ ਵਿੱਚ ਵੱਖ-ਵੱਖ ਥਾਵਾਂ ’ਤੇ ਡਿਊਟੀ ਕਰਕੇ ਦੇਸ਼ ਸੇਵਾ ਕਰ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ, ਨੇੜਲੇ ਪਿੰਡਾਂ ਦੇ ਲੋਕ, ਰਿਸ਼ਤੇਦਾਰ, ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!