ਅਸ਼ੋਕ ਵਰਮਾ, ਬਠਿੰਡਾ, 10 ਅਕਤੂਬਰ 2023
ਬਠਿੰਡਾ ਅਦਾਲਤ ਨੇ ਸਾਬਕਾ ਵਿੱਤ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਖ਼ਰੀਦਣ ਦੇ ਮਾਮਲੇ ਵਿੱਚ ਬਠਿੰਡਾ ਵਿਕਾਸ ਅਥਾਰਟੀ ਦੇ ਰਿਕਾਰਡ ‘ਚ ਕਥਿਤ ਭੰਨਤੋੜ ਕਰਨ ਸਬੰਧੀ ਨਾਮਜ਼ਦ ਬੀਡੀਏ ਦੇ ਤੱਤਕਾਲੀ ਪ੍ਰਸ਼ਾਸਕ ਪੀਸੀਐਸ ਅਫਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਦੀ ਅਗਾਊਂ ਜ਼ਮਾਨਤ ਲਈ ਦਿੱਤੀ ਅਰਜ਼ੀ ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਸ੍ਰੀ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਹੁਣ ਜ਼ਮਾਨਤ ਦੀ ਅਰਜੀ ਤੇ ਫ਼ੈਸਲਾ 16 ਅਕਤੂਬਰ ਨੂੰ ਸੁਣਾਏਗੀ। ਮਾਮਲਾ ਸਾਬਕਾ ਵਿੱਤ ਮੰਤਰੀ ਨਾਲ ਜੁੜਿਆ ਹੋਣ ਕਰਕੇ ਹੁਣ ਨਜ਼ਰਾਂ ਅਦਾਲਤ ਦੇ ਫੈਸਲੇ ਤੇ ਟਿਕ ਗਈਆਂ ਹਨ।
ਦੂਜੇ ਪਾਸੇ ਅੱਜ ਸਵੇਰੇ ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਦਰਮਿਆਨ ਜ਼ਮਾਨਤ ਮਾਮਲੇ ਤੇ ਬਹਿਸ ਹੋਈ। ਮੁਲਜ਼ਮਾਂ ਦੇ ਵਕੀਲਾਂ ਨੇ ਜਿੱਥੇ ਆਪਣੇ ਮੁਵੱਕਿਲਾਂ ਨੂੰ ਬੇਕਸੂਰ ਦੱਸਦਿਆਂ ਜਮਾਨਤ ਦੇਣ ਦੀ ਮੰਗ ਕੀਤੀ ਉੱਥੇ ਸਰਕਾਰੀ ਵਕੀਲ ਨੇ ਬੀਡੀਏ ਦੇ ਦੋਵਾਂ ਅਫਸਰਾਂ ਨੂੰ ਪਲਾਟ ਘਪਲੇ ਦੇ ਸਾਜਿਸ਼ਘਾੜੇ ਕਰਾਰ ਦਿੰਦਿਆਂ ਜ਼ਮਾਨਤ ਦਾ ਸਖਤ ਵਿਰੋਧ ਕੀਤਾ।ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਦੋਵਾਂ ਨੇ ਏਦਾਂ ਬੇਨਿਯਮੀਆਂ ਕੀਤੀਆਂ ਤਾਂ ਜੋ ਕੋਈ ਹੋਰ ਪਲਾਟ ਨਾ ਖਰੀਦ ਸਕੇ। ਤੱਤਕਾਲੀ ਮੰਤਰੀ ਨੂੰ ਲਾਭ ਦੇਣ ਲਈ ਕਈ ਮਹੀਨੇ ਪਹਿਲਾਂ ਬਦਲੀ ਜਾ ਚੁੱਕੀ ਅਧਿਕਾਰੀ ਦੇ ਡਿਜ਼ੀਟਲ ਦਸਤਖ਼ਤ ਵਰਤੇ ਗਏ। ਦੋਵੇ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਤੇ 16 ਅਕਤੂਬਰ ਤੱਕ ਫੈਸਲਾ ਰਾਖਵਾਂ ਰੱਖ ਲਿਆ।
ਵਿਜੀਲੈਂਸ ਬਿਊਰੋ ਪੰਜਾਬ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਤੋਂ ਇਲਾਵਾ ਤਿੰਨ ਪ੍ਰਾਈਵੇਟ ਵਿਅਕਤੀਆਂ ਕਾਰੋਬਾਰੀ ਰਾਜੀਵ ਕੁਮਾਰ, ਸ਼ਰਾਬ ਕਾਰੋਬਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਧਾਰਾ 409, 420, 467, 468, 471, 120 5ਬੀ, 66 ਸੀ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਸ਼ਹਿਰ ਦੇ ਇੱਕ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਅਤੇ ਸ਼ਰਾਬ ਦੇ ਇੱਕ ਕਾਰੋਬਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਅਦਾਲਤ ਨੇ ਜੇਲ੍ਹ ਭੇਜਿਆ ਹੋਇਆ ਹੈ।
ਗੌਰਤਲਬ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਬਠਿੰਡਾ ਦੀ ਅਦਾਲਤ ਵਿੱਚ ਅਗਾਂਊ ਜ਼ਮਾਨਤ ਦੀ ਅਰਜ਼ੀ ਲਾਈ ਸੀ ਜਿਸ ਨੂੰ ਸੈਸ਼ਨ ਅਦਾਲਤ ਨੇ ਲੰਘੀ 4 ਅਕਤੂਬਰ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਪਿੱਛੋਂ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ ਕਾਲੀਆ ਅਗਾਂਊ ਜ਼ਮਾਨਤ ਲਈ ਬਠਿੰਡਾ ਅਦਾਲਤ ਅੱਗੇ ਫਰਿਆਦੀ ਹੋਏ ਸਨ। ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਮਨਪ੍ਰੀਤ ਬਾਦਲ ਤੇ ਪਲਾਟ ਖਰੀਦਣ ਲਈ ਆਪਣੇ ਸਰਕਾਰੀ ਪ੍ਰਭਾਵ ਦੀ ਵਰਤੋਂ ਕਰਕੇ ਸਰਕਾਰ ਦੇ ਖ਼ਜਾਨੇ ਨੂੰ ਚੂਨਾ ਲਾਉਣ ਦੀ ਸ਼ਿਕਾਇਤ ਦਰਜ ਕਰਾਈ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਮਨਪ੍ਰੀਤ ਬਾਦਲ ਦੇ ਪੁਰਾਣੇ ਗੰਨਮੈਨ ਗੁਰਤੇਜ ਸਿੰਘ ਦੀ ਵੀ ਤਲਾਸ਼ ਕਰ ਰਹੀ ਹੈ। ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ, ਬਿਕਰਮਜੀਤ ਸਿੰਘ ਸ਼ੇਰ ਗਿੱਲ ਅਤੇ ਪੰਕਜ ਕਾਲੀਆ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ ਹੈ।