ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 11 ਅਕਤੂਬਰ 2023
ਗੁਰਦਾਸਪੁਰ ਵਿੱਚ ਹੋਈਆਂ 67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਲੜਕਿਆਂ ਦੇ ਅੰਡਰ 14 ਜੁਡੋ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਵਾਹਗੇ ਵਾਲ਼ਾ ਦੇ ਹਰਪਾਲ ਸਿੰਘ ਨੇ ਪੂਰੇ ਪੰਜਾਬ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਸਕੂਲ ਮੁਖੀ ਸ਼੍ਰੀ ਮਤੀ ਨੈਨਸੀ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸ.ਸ. ਮਾਸਟਰ ਉਡੀਕ ਚੰਦ ਅਤੇ ਕਮਲਜੀਤ ਸਿੰਘ ਦੁਆਰਾ ਵਿਦਿਆਰਥੀ ਨੂੰ ਦਿੱਤੀ ਸਿਖਲਾਈ ਨੇ ਕਾਂਸੀ ਦੇ ਮੈਡਲ ਦੇ ਰੂਪ ਵਿੱਚ ਆਪਣਾ ਰੰਗ ਵਿਖਾਇਆ।
ਹਰਪਾਲ ਸਿੰਘ ਦੇ ਦੇਰ ਰਾਤ ਘਰ ਪਹੁੰਚਣ ‘ਤੇ ਪੂਰੇ ਪਿੰਡ ਵਾਸੀਆਂ ਵੱਲੋਂ ਢੋਲ ਅਤੇ ਪਟਾਕਿਆਂ ਨਾਲ਼ ਸੁਆਗਤ ਕੀਤਾ ਗਿਆ। ਹਰਪਾਲ ਸਿੰਘ ਦੇ ਪਿਤਾ ਬੂਟਾ ਸਿੰਘ ਅਤੇ ਮਾਤਾ ਰਾਜਪ੍ਰੀਤ ਕੌਰ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ।ਸਧਾਰਨ ਮਜ਼ਦੂਰ ਵਰਗ ਨਾਲ਼ ਸੰਬੰਧਿਤ ਮਾਪਿਆਂ ਲਈ ਇਹ ਅਦਭੁੱਤ ਅਤੇ ਵਿਲੱਖਣ ਪਲ ਸਨ। ਅੱਜ ਸਕੂਲ ਪਹੁੰਚਣ ‘ਤੇ ਹਰਪਾਲ ਸਿੰਘ ਦਾ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ । ਸਕੂਲ ਮੁਖੀ ਸ਼੍ਰੀ ਮਤੀ ਨੈਨਸੀ ਅਰੋੜਾ ਨੇ ਇਸ ਖੁਸ਼ੀ ਦੇ ਮੌਕੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਖੇਡਾਂ ਅਤੇ ਪੜ੍ਹਾਈ ਵਿੱਚ ਵਧੀਆਂ ਕਾਰਗੁਜ਼ਾਰੀ ਵਿਖਾਉਣ ਲਈ ਪ੍ਰੇਰਿਤ ਕੀਤਾ।
ਨਾਲ਼ ਹੀ ਉਹਨਾਂ ਨੇ ਅਗਲੇ ਕੁੱਝ ਦਿਨਾਂ ਨੂੰ ਹੋਣ ਜਾ ਰਹੇ ਅੰਤਰ ਜ਼ਿਲ੍ਹਾ ਅੰਡਰ 17 ਜੁਡੋ ਮੁਕਾਬਲਿਆਂ ਵਿੱਚ ਹਿੱਸਾ ਲੈਣ ਜਾ ਰਹੇ ਸੱਤ ਖਿਡਾਰੀਆਂ ਨੂੰ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਅੰਡਰ 14 ਜੁਡੋ ਮੁਕਾਬਲਿਆਂ ਵਿੱਚ ਰਾਜ ਪੱਧਰ ‘ਤੇ ਸਕੂਲ ਦੇ ਕੁੱਲ ਗਿਆਰਾਂ ਖਿਡਾਰੀਆਂ ਨੇ ਹਿੱਸਾ ਲਿਆ ਜਿਹਨਾਂ ਵਿੱਚ ਹਰਪਾਲ ਸਿੰਘ,ਰੋਬਨਪ੍ਰੀਤ ਸਿੰਘ, ਸ਼ਿਵਮ, ਤਨਵੀਰ ਸਿੰਘ, ਮਨਪ੍ਰੀਤ ਸਿੰਘ,ਗੁਰਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਏਕਮਪ੍ਰੀਤ ਕੌਰ, ਮਨਸੀਰਤ ਕੌਰ, ਅਨਮੋਲ ਕੌਰ, ਰਵਨੀਤ ਕੌਰ ਦੇ ਨਾਮ ਸ਼ਾਮਲ ਹਨ।
ਗੌਰਤਲਬ ਹੈ ਕਿ ਇਸੇ ਸਕੂਲ ਦੀ ਹੀ ਗੁਰਪ੍ਰੀਤ ਕੌਰ ਨੇ ਪਿਛਲੇ ਦਿਨੀਂ ਅੰਡਰ 14 ਕੁਸ਼ਤੀ ਮੁਕਾਬਲੇ ਵਿੱਚ ਪੰਜਾਬ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਪੂਰੇ ਫਿਰੋਜ਼ਪੁਰ ਵਿੱਚ ਮੈਡਲ ਪ੍ਰਾਪਤ ਕਰਨ ਵਾਲ਼ੀ ਇਕਲੌਤੀ ਕੁੜੀ ਦਾ ਮਾਣ ਹਾਸਲ ਕੀਤਾ ਸੀ। ਇਸ ਮੌਕੇ ਸਕੂਲ ਮੁਖੀ ਸ਼੍ਰੀ ਮਤੀ ਨੈਨਸੀ ਅਰੋੜਾ, ਉਡੀਕ ਚੰਦ, ਕੁਲਦੀਪ ਸਿੰਘ,ਕਵਿਤਾ ਗੁਪਤਾ, ਪ੍ਰੀਤੀ ਬਾਲਾ, ਅੰਜੂ ਬਾਲਾ, ਫਰਾਂਸਿਸ ਸੈਮੂਅਲ, ਵਿਨੇ ਸਚਦੇਵਾ, ਕਮਲ ਵਧਵਾ, ਦੀਪਿਕਾ, ਅਜੇ ਅਤੇ ਛਿੰਦਰਪਾਲ ਕੌਰ ਹਾਜ਼ਰ ਸਨ।