ਅਸ਼ੋਕ ਵਰਮਾ, ਬਠਿੰਡਾ 10 ਅਕਤੂਬਰ 2023
ਪਟਿਆਲਾ ਜ਼ਿਲ੍ਹੇ ਦੇ ਪਿੰਡ ਰੈਸਲ ਦੀ ਰਹਿਣ ਵਾਲੇ ਲਵਲੀਨ ਕੌਰ ਨੇ ਸਖ਼ਤ ਮਿਹਨਤ ਅਤੇ ਕਾਬਲੀਅਤ ਦੇ ਦਮ ਤੇ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਭਰਤੀ ਹੋਣ ‘ਚ ਸਫਲਤਾ ਹਾਸਲ ਕਰਕੇ ਨਾ ਕੇਵਲ ਆਪਣੇ ਮਾਪਿਆਂ ਬਲਕਿ ਆਪਣੇ ਸਮੁੱਚੇ ਖਾਨਦਾਨ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਲਵਲੀਨ ਕੌਰ ਦੇ ਪਿਤਾ ਚਮਕੌਰ ਸਿੰਘ ਵੀ ਪੰਜਾਬ ਪੁਲਿਸ ’ਚ ਸਬ-ਇੰਸਪੈਕਟਰ ਹਨ ਜਿਨ੍ਹਾਂ ਦੇ ਘਰ ਖੁਸ਼ੀਆਂ ਵਾਲਾ ਮਾਹੌਲ ਬਣਿਆ ਹੋਇਆ ਹੈ।ਚਮਕੌਰ ਸਿੰਘ ਨੇ ਲਵਲੀਨ ਕੌਰ ਨੂੰ ਵਧਾਈ ਦੇ ਕੇ ਖੁਸ਼ੀ ਸਾਂਝੀ ਕੀਤੀ ਅਤੇ ਆਖਿਆ ‘ਸ਼ੁਕਰੀਆ ਧੀਏ’ ਤੂੰ ਸਾਡਾ ਅਤੇ ਸਾਡੇ ਪਿੰਡ ਦਾ ਹੀ ਨਹੀਂ ਪੂਰੇ ਪੰਜਾਬ ਦੀਆਂ ਧੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ।
ਇਹਨਾਂ ਦਿਨਾਂ ਦੌਰਾਨ ਸਬ ਇੰਸਪੈਕਟਰ ਚਮਕੌਰ ਸਿੰਘ ਪਟਿਆਲਾ ਜ਼ਿਲ੍ਹੇ ਦੀ ਛੀਟਾਂ ਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਹਨ । ਚਮਕੌਰ ਸਿੰਘ ਕਰੀਬ 28 ਸਾਲ ਪਹਿਲਾਂ ਸਿਪਾਹੀ ਦੇ ਤੌਰ ’ਤੇ ਪੁਲਿਸ ਵਿਚ ਭਰਤੀ ਹੋਏ ਸੀ ਜਿੰਨ੍ਹਾਂ ਨੂੰ ਧੀ ਵਾਲੇ ਅਹੁਦੇ ਤੱਕ ਪੁੱਜਣ ਲਈ 27 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਸੀ ਜਦੋਂ ਕਿ ਉਨ੍ਹਾਂ ਦੀ ਧੀ ਸਿੱਧੇ ਹੀ ਸਬ-ਇੰਸਪੈਕਟਰ ਭਰਤੀ ਹੋਣ ‘ਚ ਸਫਲ ਹੋਈ ਹੈ। ਭਾਵੇਂ ਪੰਜਾਬ ਪੁਲਿਸ ਤੇ ਇੱਕ ਚੰਗੇ ਅਹੁਦੇ ਵਾਲੀ ਨੌਕਰੀ ਨੂੰ ਸੂਬੇ ਵਿੱਚ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਰ ਰੌਚਕ ਤੱਥ ਹੈ ਕਿ ਔਖੇ ਪਰਿਵਾਰਕ ਹਾਲਾਤਾਂ ਦਰਮਿਆਨ ਲਵਲੀਨ ਕੌਰ ਨੇ ਕੁੱਝ ਕਰ ਦਿਖਾਉਣ ਦਾ ਸੁਫਨਾ ਲਿਆ ਸੀ ਜੋ ਉਸ ਨੇ ਲਗਨ, ਹਿੰਮਤ ਅਤੇ ਹੌਸਲੇ ਨਾਲ ਪੂਰਾ ਕਰ ਦਿਖਾਇਆ ਹੈ।
ਉਹ ਵੀ ਦਿਨ ਸਨ ਜਦੋਂ ਧੀਆਂ ਭੈਣਾਂ ਦਾ ਘਰੋਂ ਪੈਰ ਪੁੱਟਣਾ ਜੁਰਮ ਬਰਾਬਰ ਸਮਝਿਆ ਜਾਂਦਾ ਸੀ ਪਰ ਲਵਲੀਨ ਕੌਰ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਕੁੜੀਆਂ ਕੁੱਝ ਠਾਣ ਲੈਣ ਤਾਂ ਉਹ ਕਰਕੇ ਦਿਖਾ ਸਕਦੀਆਂ ਹਨ। ਲਵਲੀਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਡਿਊਟੀ ਨਿਭਾ ਰਹੀ ਹੈ ਅਤੇ ਸਿਖਲਾਈ ਉਪਰੰਤ ਪੰਜਾਬ ਪੁਲਿਸ ਵਿੱਚ ਆਪਣੀ ਪ੍ਰਸ਼ਾਸ਼ਨਿਕ ਸਮਰੱਥਾ ਦਾ ਲੋਹਾ ਮਨਵਾਉਂਦੀ ਨਜ਼ਰ ਆਵੇਗੀ। ਲੋਹੜੇ ਦੇ ਆਤਮ ਵਿਸ਼ਵਾਸ ਨਾਲ ਭਰੀ ਲਵਲੀਨ ਨੇ ਦੱਸਿਆ ਕਿ ਉਸ ਨੂੰ ਆਪਣੇ, ‘‘ਪਿਤਾ ਦੇ ਵਰਦੀ ਪਾਈ ਬਹੁਤ ਸੋਹਣੀ ਲੱਗਦੀ ਸੀ ਜਿਸ ਨੂੰ ਦੇਖਦਿਆਂ ਉਸਦੀ ਦਿਲੀ ਇੱਛਾ ਸੀ ਕਿ ਜੇ ਕਦੇ ਮੌਕਾ ਮਿਲਿਆ ਤਾਂ ਉਹ ਪੰਜਾਬ ਪੁਲਿਸ ਦਾ ਹਿੱਸਾ ਬਣਨ ਨੂੰ ਤਰਜੀਹ ਦੇਵੇਗੀ। ਉਸਨੇ ਦਰਸਾ ਦਿੱਤਾ ਹੈ ਕਿ ਹਰ ਕੋਈ ਮਹਿਲਾ ਰੁਜ਼ਗਾਰ ਲਈ ਇਸ ਰਸਤੇ ਤੇ ਤੁਰ ਸਕਦੀ ਹੈ।
ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਅਤੇ ਚਾਚਾ ਵੱਲੋਂ ਦਿੱਤੀ ਗਈ ਪ੍ਰੇਰਨਾ ਦੇ ਸਿਰ ਬੰਨ੍ਹਿਆ ਅਤੇ ਕਿਹਾ ਕਿ ਦੋਵਾਂ ਨੇ ਉਸ ਦੇ ਸੁਫਨਿਆਂ ਨੂੰ ਖੰਭ ਲਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਹੈ। ਉਨਾਂ ਦੱਸਿਆ ਦੋਵਾਂ ਨੇ ਹੀ ਉਸ ਨੂੰ ਸਿਵਲ ਸਰਵਿਸ ਦੀ ਤਿਆਰੀ ਕਰਨ ਅਤੇ ਵੱਖ-ਵੱਖ ਤਰ੍ਹਾਂ ਦੀ ਪ੍ਰੀਖਿਆ ਦੇਣ ਸਬੰਧੀ ਹੌਂਸਲਾ ਤੇ ਹੱਲਾਸ਼ੇਰੀ ਦਿੱਤੀ । ਲਵਲੀਨ ਆਖਦੀ ਹੈ ਕਿ ਮਾਪੇ ਹਮੇਸ਼ਾ ਹੀ ਆਖਦੇ ਸਨ ਕਿ ਕਿ ਜੇ ਬੰਦਾ ਚਾਹੇ ਤਾਂ ਸਮੁੰਦਰਾਂ ਦੇ ਰਾਹ ਬਦਲ ਸਕਦਾ ਹੈ । ਉਸ ਨੇ ਆਪਣਾ ਅਹਿਦ ਪ੍ਰਗਟਾਇਆ ਕਿ ਉਹ ਸਭ ਨੂੰ ਇਨਸਾਫ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਆਪਣੇ ਤੌਰ ਤੇ ਜਿੰਨਾਂ ਇਨਸਾਫ਼ ਤੁਸੀਂ ਦੇ ਸਕਦੇ ਹੋ ਉਹ ਜਰੂਰ ਦੇਣਾ ਚਾਹੀਦਾ ਹੈ। ਖਾਸ ਤੌਰ ਤੇ ਬੇਕਸੂਰ ਲੋਕਾਂ ਨਾਲ ਬੇਇਨਸਾਫੀ ਤਾਂ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਹੈ।
ਲਵਲੀਨ ਦੀ ਪਰਿਵਾਰਿਕ ਪ੍ਰਸਥਿਤੀ
ਲਵਲੀਨ ਦੱਸਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਉਨਾਂ ਦੱਸਿਆ ਕਿ ਮਾਪਿਆਂ ਨੇ ਆਪਣੀਆਂ ਆਰਥਿਕ ਔਕੜਾਂ ਦੇ ਬਾਵਜੂਦ ਆਪਣੀ ਹੈਸੀਅਤ ਨਾਲੋਂ ਵੱਧ ਸਿੱਖਿਆ ਦਿਵਾਉਣ ਦੀ ਪੂਰੇ ਯਤਨ ਕੀਤੇ ਹਨ ਅਤੇ ਪੜ੍ਹਾਈ ਲਈ ਚੰਗੇ ਤੋਂ ਚੰਗੇ ਸਕੂਲ ਵਿੱਚ ਦਾਖਲਾ ਦਿਵਾਇਆ। ਉਨਾਂ ਦੱਸਿਆ ਕਿ ਜਿਸ ਤਰ੍ਹਾਂ ਘਰੇਲੂ ਹਾਲਾਤ ਠੀਕ ਹੁੰਦੇ ਗਏ ਪਰਿਵਾਰ ਉਸ ਨੂੰ ਹੋਰ ਵੀ ਵੱਡੇ ਵਿੱਦਿਅਕ ਅਦਾਰਿਆਂ ਵਿੱਚ ਦਾਖਲ ਕਰਵਾਉਂਦਾ ਰਿਹਾ ਜਿਸ ਦਾ ਸਿੱਟਾ ਅੱਜ ਸਾਰਿਆਂ ਦੇ ਸਾਹਮਣੇ ਹੈ।ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਲਵਲੀਨ ਕੌਰ ਨੇ ਕੁੜੀਆਂ ਨੂੰ ਅੱਗੇ ਵਧਣ ਅਤੇ ਸਖਤ ਮਿਹਨਤ ਕਰਨ ਦੀ ਜੋਰਦਾਰ ਅਪੀਲ ਕੀਤੀ । ਉਸ ਨੇ ਕੁੜੀਆਂ ਨੂੰ ਆਪਣੀ ਅਸਫਲਤਾ ਤੋਂ ਹਾਰ ਨਾ ਮੰਨਣ ਅਤੇ ਮਿਹਨਤ ਜਾਰੀ ਰੱਖਣ ਦੀ ਨਸੀਹਤ ਵੀ ਦਿੱਤੀ ਹੈ ਤਾਂ ਜੋ ਭਵਿੱਖ ਦੀਆਂ ਭਰਤੀਆਂ ਦੌਰਾਨ ਵੱਧ ਤੋਂ ਵੱਧ ਕੁੜੀਆਂ ਦੀ ਚੋਣ ਹੋ ਸਕੇ।
ਤੇਜ਼ ਹੋਈ ਚਮਕੌਰ ਸਿੰਘ ਦੀ ਚਮਕ
ਲਵਲੀਨ ਦੇ ਪਿਤਾ ਚਮਕੌਰ ਸਿੰਘ ਦਾ ਕਹਿਣਾ ਸੀ ਕਿ ਧੀ ਦੇ ਸਬ ਇੰਸਪੈਕਟਰ ਭਰਤੀ ਹੋਣ ਨਾਲ ਉਨਾਂ ਦੀ ਦਿਲੀ ਖਾਹਿਸ਼ ਪੂਰੀ ਹੋਈ ਹੈ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜੁਆਇਨ ਕਰਨ ਤੋਂ ਬਾਅਦ ਉਹਨਾਂ ਦੀ ਹਾਰਦਿਕ ਇੱਛਾ ਸੀ ਕਿ ਬੱਚੇ ਵੀ ਪੁਲਿਸ ‘ਚ ਹੀ ਭਰਤੀ ਹੋਣ। ਉਨ੍ਹਾਂ ਦੱਸਿਆ ਕਿ ਛੋਟੀ ਹੁੰਦੀ ਹੀ ਲਵਲੀਨ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਨ੍ਹਾਂ ਕਿਹਾ ਕਿ ‘‘ਜਦੋਂ ਉਹ ਵਰਦੀ ਪਾ ਕੇ ਡਿਊਟੀ ਤੇ ਜਾਂਦੇ ਸਨ ਤਾਂ ਉਹ ਇੱਕੋ ਹੀ ਗੱਲ ਕਹਿੰਦੀ ਸੀ ਕਿ ਪਾਪਾ ਮੈਨੂੰ ਵਰਦੀ ਬਹੁਤ ਵਧੀਆ ਲਗਦੀ ਹੈ। ਉਨ੍ਹਾਂ ਦੱਸਿਆ ਕਿ 27 ਸਾਲ ਦੀ ਨੌਕਰੀ ਤੋਂ ਬਾਅਦ ਉਹ ਸਿਪਾਹੀ ਤੋਂ ਸਬ-ਇੰਸਪੈਕਟਰ ਬਣੇ ਹਨ ਜਦੋਂ ਕਿ ਉਨ੍ਹਾਂ ਦੀ ਧੀ ਨੇ ਸਿੱਧਾ ਹੀ ਮੇਰੇ ਵਾਲੇ ਰੈਂਕ ਦੇ ਬਰਾਬਰ ਛੱਕਾ ਮਾਰਿਆ ਹੈ। ਉਨਾਂ ਕਿਹਾ ਕਿ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸਗੋਂ ਧੀ ਦੀ ਉਪਲਬਧੀ ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਲਵਲੀਨ ਭਵਿੱਖ ਵਿੱਚ ਵੀ ਉਨ੍ਹਾਂ ਦਾ ਇੱਦਾਂ ਹੀ ਨਾਂ ਰੌਸ਼ਨ ਕਰੇਗੀ।