ਅੰਜੂ ਅਮਨਦੀਪ ਗਰੋਵਰ/ਭਗਤ ਰਾਮ ਰੰਗਾੜਾ, ਚੰਡੀਗੜ੍ਹ 3 ਅਕਤੂਬਰ 2023
ਪੂਰੀ ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਜੁਟੇ ਕਵੀ ਮੰਚ (ਰਜਿ:) ਮੋਹਾਲੀ ਨੇ ਇੱਕ ਸਾਰਥਿਕ ਪੁਲਾਂਘ ਹੋਰ ਪੁੱਟਦਿਆਂ ਕੋਠੀ ਨੰਬਰ 1127, ਸੈਕਟਰ-60 (3ਬੀ2), ਮੋਹਾਲੀ ਵਿਖੇ ਮਿਤੀ 02.10.2023 ਨੂੰ ਸ਼ਾਇਰ ਤੇ ਲੇਖਕ ਰਾਜ ਕੁਮਾਰ ਸਾਹੋਵਾਲੀਆ ਦੀ ਨਵੇਲੀ ਪੁਸਤਕ ਤਿਰਛੀਆਂ ਨਿਗਾਹਾਂ (ਲੇਖ ਸੰਗ੍ਰਹਿ) ਦਾ ਲੋਕ ਅਰਪਣ ਸਮਾਗਮ, ਚਰਚਾ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਰੁਬਾਈਕਾਰ ਸ੍ਰੀ ਭਗਤ ਰਾਮ ਰੰਗਾੜਾ, ਗੀਤਕਾਰ ਰਣਜੋਧ ਸਿੰਘ ਰਾਣਾ ਅਤੇ ਪ੍ਰਸਿੱਧ ਸ਼ਾਇਰ ਬਲਦੇਵ ਸਿੰਘ ਪ੍ਰਦੇਸੀ ਨੇ ਸਾਂਝੇ ਤੌਰ ਤੇ ਕੀਤੀ ਜਦ ਕਿ ਉੱਘੇ ਸਮਾਜ ਸੇਵੀ ਇੰਜੀ. ਰਾਮ ਕ੍ਰਿਸ਼ਨ ਚੌਧਰੀ (ਰਿਟਾ.) ਨਿਗਰਾਨ ਇੰਜੀਨੀਅਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਇਸ ਸਮਾਗਮ ਵਿੱਚ ਸ਼੍ਰੀਮਤੀ ਅੰਜੂ ਚੌਧਰੀ, ਸ. ਸਤਿੰਦਰ ਸਿੰਘ ਜੁਆਇੰਟ ਡਾਇਰੈਕਟਰ (ਰਿਟਾ.), ਇੰਜੀ. ਵਿਨੋਦ ਚੌਧਰੀ ਮੁੱਖ ਇੰਜੀਨੀਅਰ (ਰਿਟਾ.) ਬਤੌਰ ਵਿਸ਼ੇਸ਼ ਮਹਿਮਾਨ ਸ਼ਸੋਭਿਤ ਹੋਏ। ਮੰਚ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਅਰੰਭਤਾ ਕਰਦਿਆਂ ਸ਼੍ਰੀ ਮਨਜੀਤਪਾਲ ਸਿੰਘ ਨੇ ਇੱਕ ਧਾਰਮਿਕ ਗੀਤ ਸਰੋਤਿਆਂ ਸਾਹਮਣੇ ਪੇਸ਼ ਕੀਤਾ ਇਸ ਉਪਰੰਤ ਲੋਕ ਗਾਇਕ ਅਮਰ ਵਿਰਦੀ, ਧਿਆਨ ਸਿੰਘ ਕਾਹਲੋਂ, ਬਲਦੇਵ ਪ੍ਰਦੇਸੀ, ਕਸ਼ਮੀਰ ਘੇਸਲ ਅਤੇ ਭੁਪਿੰਦਰ ਮਟੌਰੀਆ ਵੱਲੋਂ ਆਪੋ ਆਪਣਾ ਰੰਗ ਬਾਖੂਬੀ ਬਿਖੇਰਿਆ। ਉਪਰੰਤ ਸਾਂਝੇ ਤੌਰ ਤੇ ਰਾਜ ਕੁਮਾਰ ਸਾਹੋਵਾਲੀਆ ਦੀ ਪੁਸਤਕ ‘ਤਿਰਛੀਆਂ ਨਿਗਾਹਾਂ’ ਲੋਕ ਅਰਪਣ ਕੀਤੀ ਗਈ। ਇਸ ਉਪਰੰਤ ਸ਼ਾਇਰ ਬਲਦੇਵ ਪ੍ਰਦੇਸੀ ਵੱਲੋਂ ਭਾਵਪੂਰਤ ਪਰਚਿਆ ਪੜ੍ਹਿਆ ਗਿਆ ਜਦ ਕਿ ਮੰਚ ਦੇ ਪ੍ਰਧਾਨ ਬੀ.ਆਰ. ਰੰਗਾੜਾ ਅਤੇ ਉੱਘੇ ਗੀਤਕਾਰ ਰਣਜੋਧ ਰਾਣਾ ਵੱਲੋਂ ਨਿੱਠ ਕੇ ਪੁਸਤਕ ਤੇ ਚਰਚਾ ਕੀਤੀ ਗਈ।
ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਪੁਸਤਕ ਨੂੰ ਮਿਆਰੀ ਅਤੇ ਲੋਕ ਹਿੱਤੀ ਦੱਸਦਿਆਂ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਸ਼੍ਰੀਮਤੀ ਅੰਜੂ ਚੌਧਰੀ, ਸਤਿੰਦਰ ਸਿੰਘ, ਸ਼੍ਰੀਮਤੀ ਕਮਲੇਸ਼ ਕੁਮਾਰੀ, ਇੰਜੀ. ਵਿਨੋਦ ਚੌਧਰੀ, ਕਾਰਤਿਕ ਕੰਡਾ (ਲੰਡਨ) ਹੁਰਾਂ ਆਪੋ ਆਪਣੇ ਕੂੰਜੀਵਤ ਭਾਸ਼ਣ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਇੱਕ ਉਤਸਵ ਤੇ ਯਾਦਗਾਰੀ ਦੱਸਿਆ। ਗ਼ਜ਼ਲਗੋ ਅਜਮੇਰ ਸਾਗਰ, ਅਜੀਤ ਕਮਲ ਹਮਦਰਦ, ਬੇਬੀ ਅਮਨ, ਗੁਰਵਿੰਦਰ ਗੁਰੀ, ਰਜਿੰਦਰ ਰੇਨੂੰ, ਪ੍ਰਿੰ. ਬਹਾਦਰ ਸਿੰਘ ਗੋਸਲ, ਪਿਆਰਾ ਸਿੰਘ ਰਾਹੀ, ਮਲਕੀਤ ਕਲਸੀ, ਡਾ. ਪੰਨਾ ਲਾਲ ਮੁਸਤਫ਼ਾਬਾਦੀ ਤੇ ਰਾਜ ਕੁਮਾਰ ਸਾਹੋਵਾਲੀਆ ਨੇ ਆਪੋ ਆਪਣੇ ਫ਼ਨ ਦਾ ਮੁਜ਼ਾਹਰਾ ਬਾਖੂਬੀ ਕੀਤਾ। ਇਸ ਮੌਕੇ ਤੇ ਈਸ਼ਵਰ ਚੰਦਰ, ਪ੍ਰਸ਼ਾਂਤ, ਪ੍ਰਤਿਭਾ, ਮਨਪ੍ਰੀਤ ਕੌਰ, ਪ੍ਰਭਜੋਤ ਸਿੰਘ, ਰੁਪਿੰਦਰ ਸਿੰਘ, ਪਰਦੀਪ ਗਰਗ, ਰਮਨਦੀਪ ਕੌਰ, ਕ੍ਰਿਸ਼ਨ ਬਲਦੇਵ ਅਤੇ ਰਸ਼ਨੀ ਕੁਮਾਰ ਅਧੀਨ ਸਕੱਤਰ (ਰਿਟਾ.) ਨੇ ਲੰਮਾ ਸਮਾਂ ਹਾਜ਼ਰੀ ਭਰ ਕੇ ਇੱਕ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਇਸ ਮੌਕੇ ਤੇ ਮੰਚ ਦੇ ਪ੍ਰਧਾਨ ਬੀ.ਆਰ. ਰੰਗਾੜਾ ਵੱਲੋਂ ਦੋ ਸਾਂਝੀਆਂ ਪੁਸਤਕਾਂ ਦੀ ਸੰਪਾਦਨਾ ਕਰਨ ਦਾ ਐਲਾਨ ਕੀਤਾ ਗਿਆ ਜਦ ਕਿ ਮੁੱਖ ਮਹਿਮਾਨ ਵੱਲੋਂ ਇਨ੍ਹਾਂ ਪੁਸਤਕਾਂ ਨੂੰ ਪ੍ਰਕਾਸ਼ਿਤ ਕਰਵਾਉਣ ਲਈ ਆਰਥਿਕ ਮੱਦਦ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਮਿਸਟਰ ਰਾਈਟ ਦੇ ਨਾਂ ਨਾਲ ਜਾਣੇ ਜਾਣ ਵਾਲੇ ਕਾਰਤਿਕ ਕੰਡਾ (ਲੰਡਨ) ਨੇ ਮੰਚ ਦੀ ਡਿਜ਼ੀਟਲ ਸੇਵਾ ਕਰਨ ਦਾ ਵੀ ਵਚਨ ਦਿੱਤਾ। ਸਤਿੰਦਰ ਸਿੰਘ ਵੱਲੋਂ ਵੀ ਭਵਿੱਖ ਵਿੱਚ ਮੰਚ ਨੂੰ ਆਰਥਿਕ ਮੱਦਦ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਤਰ੍ਹਾਂ ਪੁਸਤਕ ਲੋਕ ਅਰਪਣ ਸਮਾਗਮ, ਚਰਚਾ ਤੇ ਕਵੀ ਦਰਬਾਰ ਆਪਣੀਆਂ ਨਿਵੇਕਲੀਆਂ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਇਸ ਮੌਕੇ ਤੇ ਬਲਦੇਵ ਪ੍ਰਦੇਸੀ ਤੇ ਰਾਜ ਕੁਮਾਰ ਸਾਹੋਵਾਲੀਆ ਨੇ ਵਾਰੋ ਵਾਰੀ ਮੰਚ ਸੰਚਾਲਨ ਕੀਤਾ। ਪੁਸਤਕ ਦੇ ਰਚੇਤਾ, ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਮੰਚ ਵੱਲੋਂ ਲੋਈ, ਮੋਮੈਂਟੋ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਰਣਜੋਧ ਰਾਣਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਚਾਹ ਪਾਣੀ ਤੇ ਖਾਣ ਪੀਣ ਦਾ ਵਧੀਆ ਪ੍ਰਬੰਧ ਸੀ।