ਗਗਨ ਹਰਗੁਣ, ਬਰਨਾਲਾ, 3 ਅਕਤੂਬਰ 2023
ਸਰਕਾਰ ਵੱਲੋਂ ਪਿਛਲੇ ਦਿਨੀਂ ਲਾਂਚ ਕੀਤੀ ‘ਪੀ.ਐੱਮ. ਵਿਸ਼ਵਕਰਮਾ’ ਸਕੀਮ ਤਹਿਤ ਜ਼ਿਲ੍ਹੇ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਰਜਿਸਟ੍ਰੇਸ਼ਨ ਕਰਕੇ ਢੁਕਵੀਂ ਸਿਖਲਾਈ ਮੁਹੱਈਆ ਕਰਾਈ ਜਾਵੇਗੀ ਅਤੇ ਉਨ੍ਹਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਅਤੇ ਸਵੈ ਰੋਜ਼ਗਾਰ ਨੂੰ ਹੁਲਾਰਾ ਦੇਣ ਵਾਸਤੇ ਘੱਟ ਵਿਆਜ ਦਰਾਂ ’ਤੇ ਕਰਜ਼ਾ ਵੀ ਮੁਹੱਈਆ ਕਰਾਇਆ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈਏਐੱਸ ਨੇ ਦੱਸਿਆ ਕਿ ਸਰਕਾਰ ਵਲੋਂ ਇਸ ਸਕੀਮ ਤਹਿਤ ਜਲਦ ਹੀ ਰੇਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ ਨੌਜਵਾਨਾਂ ਨੂੰ ਹੁਨਰ ਦਿੱਤਾ ਜਾਵੇਗਾ ਅਤੇ ਨਾਲ ਹੀ ਆਸਾਂ ਕਿਸ਼ਤਾਂ ਉੱਤੇ ਕਰਜ਼ੇ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਚ ਟੇਲਰ ਦਾ ਕੰਮ, ਕਾਰਪੇਂਟਰ ਦਾ ਕੰਮ ਅਤੇ ਬਿਯੂਟੀ ਪਾਰਲਰ / ਸਲੂਨ ਸਬੰਧੀ ਕੰਮ ਸਿੱਖਣ ਵਾਲੇ ਨੌਜਵਾਨਾਂ ਦੀ ਬਹੁਤਯਾਤ ਹੈ । ਉਨ੍ਹਾਂ ਸਾਰੇ ਸਬੰਧਿਤ ਵਿਭਾਗਾਂ ਨੂੰ ਹਿਦਾਯਤ ਕੀਤੀ ਕਿ ਉਹ ਆਪਣੇ ਆਪਣੇ ਅਧਿਕਾਰਿਤ ਖੇਤਰਾਂ ਵਿਚ ਲਾਭਪਾਤਰੀਆਂ ਦੀ ਪਛਾਣ ਕਰ ਲੈਣ ਤਾਂ ਜੋ ਰੇਜਿਸਟ੍ਰੇਸ਼ਨ ਸ਼ੁਰੂ ਹੋਣ ‘ਤੇ ਉਨ੍ਹਾਂ ਨੂੰ ਪਹਿਲ ਦੇ ਤੌਰ ਉੱਤੇ ਰਜਿਸਟਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਮੁਹੱਈਆ ਕਰਾਉਣ ਵਾਸਤੇ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਰਾਹੀਂ ਰਜਿਸਟ੍ਰੇਸ਼ਨ ਆਉਂਦੇ ਦਿਨੀਂ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਸਕੀਮ ਬਾਰੇ ਜ਼ਿਲ੍ਹਾ ਉਦਯੋਗ ਕੇਂਦਰ ਰਾਹੀਂ ਜ਼ਿਲ੍ਹੇ ਵਿੱਚ ਵੱਖ ਵੱਖ ਥਾਈਂ ਕੈਂਪ ਵੀ ਲਾਏ ਜਾਣਗੇ ਤਾਂ ਜੋ ਯੋਗ ਵਿਅਕਤੀਆਂ ਨੂੰ ਇਸ ਸਕੀਮ ਬਾਰੇ ਜਾਗਰੂਕ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ 18 ਤਰ੍ਹਾਂ ਦੇ ਕਿੱਤੇ ਸ਼ਾਮਲ ਹਨ, ਜਿਨ੍ਹਾਂ ਨਾਲ ਜੁੜੇ ਕਾਰੀਗਰ ਸਕੀਮ ਦਾ ਲਾਭ ਲੈ ਸਕਣਗੇ, ਜਿਨ੍ਹਾਂ ਵਿੱਚ ਤਰਖਾਣ, ਕਿਸ਼ਤੀ ਬਣਾਉਣ ਵਾਲੇ, ਹਥਿਆਰਸਾਜ਼, ਲੁਹਾਰ, ਹਥੌੜਾ ਤੇ ਟੂਲ ਕਿੱਟ ਨਿਰਮਾਤਾ, ਜਿੰਦੇ (ਤਾਲਾ) ਬਣਾਉਣ ਵਾਲੇ, ਸੁਨਿਆਰ, ਘੁਮਿਆਰ, ਮੂਰਤੀਕਾਰ, ਮੋਚੀ, ਰਾਜ ਮਿਸਤਰੀ, ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ, ਗੁੱਡੀਆਂ ਅਤੇ ਖਿਡੌਣੇ ਨਿਰਮਾਤਾ, ਨਾਈ, ਮਾਲਾ ਬਣਾਉਣ ਵਾਲੇ, ਧੋਬੀ, ਦਰਜੀ, ਮੱਛੀਆਂ ਫੜਨ ਵਾਲਾ ਜਾਲ ਬਣਾਉਣ ਵਾਲੇ ਕਾਰੀਗਰ ਸ਼ਾਮਲ ਹਨ।
ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪ੍ਰੀਤ ਮੋਹਿੰਦਰ ਬਰਾੜ, ਆਰ ਸੇਟੀ ਦੇ ਅਧਿਕਾਰੀ, ਪੰਜਾਬ ਹੁਨਾਸ ਵਿਕਾਸ ਮਿਸ਼ਨ, ਕਿਰਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।