ਅਸ਼ੋਕ ਵਰਮਾ , ਬਠਿੰਡਾ 30 ਸਤੰਬਰ 2023
ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ 7000 ਰੁਪਏ ਦੀ ਰਿਸ਼ਵਤ ਹਾਸਿਲ ਕਰਦਿਆਂ ਰੰਗੇ ਹੱਥੀ ਕਾਬੂ ਕੀਤੇ ਜਿਲ੍ਹਾ ਮੈਨੇਜਰ (ਟੈਕਨੀਕਲ ਐਕਸਪਰਟ) ਦੇ ਤੌਰ ਤੇ ਸਿਟੀ ਮਿਸ਼ਨ ਮੈਨੇਜਮੈਂਟ ਯੂਨਿਟ, ਨੈਸ਼ਨਲ ਅਰਬਨ ਲਾਇਵਲੀ ਹੁੱਡ ਮਿਸ਼ਨ (ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ), ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਸੋਨੂੰ ਗੋਇਲ ਸਬੰਧੀ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ । ਜਿਨਾਂ ਨੇ ਰਿਸ਼ਵਤ ਖੋਰੀ ਦੇ ਇਸ ਮਾਇਆ ਜਾਲ ਨੂੰ ਬੇਪਰਦ ਕੀਤਾ ਹੈ। ਵਿਜੀਲੈਂਸ ਦੇ ਤੱਥਾਂ ਦੀ ਗੌਰ ਕਰੀਏ ਤਾਂ ਅਸਲ ਵਿੱਚ ਵੱਢੀਖੋਰੀ ਦੀ ਇਹ ਰਾਮ ਕਹਾਣੀ ਮੈਡਮ ਗੀਤਾਂਜਲੀ ਸੀ.ਐਮ.ਐਮ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਤੋਂ ਸ਼ੁਰੂ ਹੁੰਦੀ ਹੈ, ਜਿਸ ਨੇ ਸ਼ਿਕਾਇਤ ਕਰਤਾ ਗੁਰਪ੍ਰੀਤ ਕੌਰ ਨੂੰ ਕਿਹਾ ਸੀ ਕਿ ਉਹ ਰਿਸ਼ਵਤ ਦੇ ਤੌਰ ਤੇ 7 ਹਜਾਰ ਰੁਪਏ ਮੁਲਜਮ ਸੋਨੂੰ ਗੋਇਲ ਨੂੰ ਫੜਾ ਦੇਵੇ।
ਵਿਜੀਲੈਂਸ ਹੁਣ ਇਹ ਪਤਾ ਲਾਉਣ ਵਿੱਚ ਜੁੱਟ ਗਈ ਹੈ ਕਿ ਰਿਸ਼ਵਤ ਦੇ ਇਸ ਗੋਰਖ ਧੰਦੇ ਵਿੱਚ ਦੋਵਾਂ ਮੁਲਜਮਾਂ ਦਾ ਆਪਸ ਵਿੱਚ ਕੀ ਹਿਸਾਬ ਕਿਤਾਬ ਸੀ? ਨਗਰ ਨਿਗਮ ਬਠਿੰਡਾ ਵਿੱਚ ਵਾਪਰੇ ਇਸ ਰਿਸ਼ਵਤ ਕਾਂਡ ਨੂੰ ਦਾ ਸੱਚ ਪੂਰੀ ਤਰ੍ਹਾਂ ਸਾਹਮਣੇ ਲਿਆਉਣ ਲਈ ਵਿਜੀਲੈਂਸ ਨੇ ਹੁਣ ਗੀਤਾਂਜਲੀ ਨੂੰ ਗ੍ਰਿਫਤਾਰ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ । ਵਿਜੀਲੈਂਸ ਨੂੰ ਉਮੀਦ ਹੈ ਕਿ ਮੈਡਮ ਗੀਤਾਂਜਲੀ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਅਹਿਮ ਭੇਦ ਖੁੱਲ੍ਹ ਸਕਦੇ ਹਨ । ਰਾਸ਼ਟਰੀ ਅਜੀਵਕਾ ਮਿਸ਼ਨ ਤਹਿਤ ਹੁੰਦੇ ਕੰਮਾਕਾਰਾਂ ਦਾ ਦਾਇਰਾ ਕਾਫੀ ਮੋਕਲਾ ਹੈ । ਜਿਸ ਕਰਕੇ ਵਿਜੀਲੈਂਸ ਨੂੰ ਦਿਖਾਈ ਦਿੰਦਾ ਜਾਪਦਾ ਹੈ ਕਿ ਰਿਸ਼ਵਤਖੋਰੀ ਦਾ ਇਹ ਕੋਈ ਇਕੱਲਾ ਕਹਿਰਾ ਮਾਮਲਾ ਨਹੀਂ ਹੈ ਬਲਕਿ ਡੁੰਘਾਈ ਨਾਲ ਪੜਤਾਲ ਉਪਰੰਤ ਅਜਿਹੇ ਕਈ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਸੂਤਰ ਦੱਸਦੇ ਹਨ ਕਿ ਮੁਲਜਮ ਸੋਨੂੰ ਗੋਇਲ ਤੋਂ ਪੁੱਛ ਗਿੱਛ ਦੌਰਾਨ ਵੀ ਕਾਫੀ ਕੁੱਝ ਸਾਹਮਣੇ ਆਇਆ ਹੈ । ਸੂਤਰਾਂ ਨੇ ਦੱਸਿਆ ਹੈ ਕਿ ਇੱਕ ਗੁਪਤ ਸੂਚਨਾ ਤੋਂ ਬਾਅਦ ਵਿਜੀਲੈਂਸ ਟੀਮ ਨੇ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਦੀ ਇੱਕ ਕੋਠੀ ਵਿੱਚ ਛਾਪਾ ਮਾਰਿਆ ਹੈ । ਹਾਲਾਂਕਿ ਪੜਤਾਲ ਪ੍ਰਭਾਵਿਤ ਹੋਣ ਦੇ ਡਰੋਂ ਅਧਿਕਾਰੀ ਅਜੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਏ । ਪਰ ਸੂਤਰਾਂ ਮੁਤਾਬਕ ਵਿਜੀਲੈਂਸ ਟੀਮਾਂ ਇਸ ਮਸਲੇ ਦੀ ਤਹਿ ਤੱਕ ਜਾਣ ਦੇ ਰੌਂਅ ਵਿੱਚ ਦਿਖਾਈ ਦੇ ਰਹੀਆਂ ਹਨ । ਇਸ ਮਾਮਲੇ ਦੇ ਗੁੱਝੇ ਭੇਦ ਜਾਨਣ ਲਈ ਵਿਜੀਲੈਂਸ ਨੇ ਨਗਰ ਨਿਗਮ ਬਠਿੰਡਾ ਦੇ ਕਈ ਮੁਲਾਜ਼ਮਾਂ ਤੋਂ ਵੀ ਅਹਿਮ ਜਾਣਕਾਰੀ ਇਕੱਤਰ ਕੀਤੀ ਹੈ। ਨਗਰ ਨਿਗਮ ਬਠਿੰਡਾ ਦੇ ਇੱਕ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕਿ ਸ਼ਿਕਾਇਤਕਰਤਾ ਗੁਰਪ੍ਰੀਤ ਕੌਰ ਵਾਸੀ ਪਰਸਰਾਮ ਨਗਰ, ਬਠਿੰਡਾ ਆਪਣੇ ਘਰਵਾਲੇ ਦੀ ਮੌਤ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਮੈਡਮ ਗੀਤਾਂਜਲੀ ਨੂੰ ਮਿਲੀ ਸੀ । ਜਿਸ ਨੇ ਉਸ ਨੂੰ ਇਸੇ ਮਿਸ਼ਨ ਤਹਿਤ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਮੁਲਜ਼ਮ ਸੋਨੂੰ ਗੋਇਲ ਮਿਲਣ ਲਈ ਆਖਿਆ ਸੀ। ਸੋਨੂੰ ਗੋਇਲ ਨੇ ਗੁਰਪ੍ਰੀਤ ਕੌਰ ਦੀ ਅਰਬਨ ਲਰਨਿੰਗ ਇੰਟਰਨਸ਼ਿੱਪ ਪ੍ਰੋਗਰਾਮ ਸਕੀਮ ਤਹਿਤ ਨਗਰ ਨਿਗਮ ਬਠਿੰਡਾ ਵਿਖੇ ਠੇਕੇ ਉੱਪਰ 12,000 ਰੁਪਏ ਮਹੀਨਾ ਉੱਕਾ-ਪੁੱਕਾ ਤਨਖਾਹ ਤੇ ਨੌਕਰੀ ਲਗਵਾ ਦਿੱਤੀ। ਮੈਡਮ ਗੀਤਾਂਜਲੀ ਨੇ ਫੋਨ ਕਰਕੇ ਗੁਰਪ੍ਰੀਤ ਕੌਰ ਤੋਂ ਨੌਕਰੀ ਜਾਰੀ ਰੱਖਣ ਲਈ ਸਤੰਬਰ ਮਹੀਨੇ ਦੀ ਤਨਖਾਹ ਆਉਣ ਤੋਂ ਬਾਅਦ 10 ਹਜ਼ਾਰ ਰੁਪਏ ਰਿਸ਼ਵਤ ਦੇ ਤੌਰ ਤੇ ਮੰਗ ਲਏ ਤਾਂ ਉਹ ਇਹ ਗੱਲ ਸੁਣ ਕੇ ਦੰਗ ਰਹਿ ਗਈ।
ਪਤੀ ਦੀ ਮੌਤ ਕਾਰਨ ਪਹਿਲਾਂ ਤੋਂ ਹੀ ਦੁਖੀ ਚੱਲ ਰਹੀ ਗੁਰਪ੍ਰੀਤ ਕੌਰ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ । ਜਿਸ ਵਿੱਚ ਦੋਸ਼ ਲਾਇਆ ਕਿ ਗੀਤਾਂਜਲੀ ਨੇ 10 ਹਜਾਰ ਰੁਪਏ ਚੋਂ 3 ਹਜ਼ਾਰ ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲਏ । ਜਦੋਂ ਕਿ ਦੇ ਬਾਕੀ ਪੈਸੇ ਸੋਨੂੰ ਗੋਇਲ, ਜਿਲ੍ਹਾ ਮੈਨੇਜਰ, ਨਗਰ ਨਿਗਮ ਬਠਿੰਡਾ ਨੂੰ ਦੇਣ ਲਈ ਕਿਹਾ । ਸੋਨੂੰ ਗੋਇਲ ਨੇ ਰਿਸ਼ਵਤ ਦੀ ਰਕਮ ਨਾ ਦੇਣ ਲਈ ਉਸਨੂੰ ਨੌਕਰੀ ਤੋਂ ਕੱਢਣ ਦਾ ਡਰਾਵਾ ਦਿੱਤਾ ਤਾਂ ਨਿਗੂਣੀ ਜਿਹੀ ਤਨਖਾਹ ਵਿੱਚੋਂ ਰਿਸ਼ਵਤ ਦੇਣ ਦੀ ਥਾਂ ਗੁਰਪ੍ਰੀਤ ਕੌਰ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਲੈ ਕੇ ਪੁੱਜ ਗਈ । ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਇਹ ਸਿੱਧ ਹੋੋ ਗਿਆ ਕਿ ਮੁਲਾਜ਼ਮਾ ਗੀਤਾਂਜਲੀ ਨੇ ਮੁੱਦਈ ਪਾਸੋਂ 3,000 ਰੁਪਏ ਰਿਸ਼ਵਤ ਦੇ ਤੌਰ ਤੇ ਹਾਸਲ ਕੀਤੇ ਹਨ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਨੇ ਜਾਲ ਵਿਛਾਇਆ ਅਤੇ ਸ਼ਿਕਾਇਤ ਕਰਤਾ ਗੁਰਪ੍ਰੀਤ ਕੌਰ ਕੋਲੋਂ ਰਿਸ਼ਵਤ ਦੀ ਰਾਸ਼ੀ ਦੇ ਬਾਕੀ ਰਹਿੰਦੇ 7 ਹਜਾਰ ਰੁਪਏ ਲੈਂਦਿਆਂ ਸੋਨੂੰ ਗੋਇਲ, ਜਿਲ੍ਹਾ ਮੈਨੇਜਰ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਨਗਰ ਨਿਗਮ ਬਠਿੰਡਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਮੌਕੇ ਉਤੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ । ਇਸ ਸਬੰਧ ਵਿੱਚ ਦੋਵੇਂ ਮੁਲਜ਼ਮਾਂ ਸੋਨੂੰ ਗੋਇਲ ਅਤੇ ਗੀਤਾਂਜਲੀ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜਮਾ ਮੈਡਮ ਗੀਤਾਂਜਲੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।