ਅਸ਼ੋਕ ਵਰਮਾ,ਬਠਿੰਡਾ, 29 ਸਤੰਬਰ 2023
ਵਿਜੀਲੈਂਸ ਨੇ ਨਗਰ ਨਿਗਮ ਦੇ ਉਸ ਵੱਢੀਖੋਰ ਜ਼ਿਲ੍ਹਾ ਮੈਨੇਜਰ ਨੂੰ ਰੰਗੇ ਹਾਥੀ ਕਾਬੂ ਕੀਤਾ ਹੈ ਜਿਸ ਨੇ ਵਿਧਵਾ ਗੁਰਪ੍ਰੀਤ ਕੌਰ ਨੂੰ ਨੌਕਰੀ ਦਿਵਾਉਣ ਦੇ ਬਦਲੇ 12 ਹਜ਼ਾਰ ਰੁਪਏ ਤਨਖਾਹ ‘ਚੋਂ 7 ਹਜ਼ਾਰ ਰੁਪਏ ਰਿਸ਼ਵਤ ਦੇ ਤੌਰ ਤੇ ਮੰਗੇ ਸਨ। ਜ਼ਿਲ੍ਹਾ ਮੈਨੇਜਰ ਸੋਨੂ ਗੋਇਲ ਖਿਲਾਫ ਵਿਜੀਲੈਂਸ ਅਧਿਕਾਰੀਆਂ ਨੇ ਭਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਨ ਪਿੱਛੋਂ ਅਗਲੀ ਕਾਰਵਾਈ ਵਿੱਢ ਦਿੱਤੀ ਹੈ। ਮੁਲਜਮ ਸੋਨੂ ਗੋਇਲ ਇਕ ਲੱਤ ਤੋਂ ਅੰਗਹੀਣ ਹੈ ਜਿਸਨੂੰ ਚਲਣ ਵੇਲੇ ਵੀ ਕਾਫੀ ਦਿੱਕਤ ਆਉਂਦੀ ਹੈ।
ਸੋਨੂ ਗੋਇਲ ਖੁਦ ਨੂੰ ਸਮਾਜ ਸੇਵੀ ਦੱਸਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਇੱਕ ਮਹਿਲਾ ਆਗੂ ਦਾ ਭਰਾ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਸ਼ਟੀ ਲਾਈਨੋ ਪਾਰ ਇਲਾਕੇ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਨੇ ਕੀਤੀ ਹੈ ।ਮੁਲਜ਼ਮ ਸੋਨੂੰ ਗੋਇਲ ਨਗਰ ਨਿਗਮ ਵਿੱਚ ਜ਼ਿਲ੍ਹਾ ਪ੍ਰਬੰਧਕ ਤਕਨੀਕੀ ਮਾਹਿਰ ਹੈ ਜੋ ਕੇਂਦਰ ਸਰਕਾਰ ਦੇ ਨੈਸ਼ਨਲ ਅਰਬਨ ਆਜੀਵਿਕਾ ਮਿਸ਼ਨ ਵਿੱਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਨੂੰ ਕੁੱਝ ਸਮਾਂ ਪਹਿਲਾਂ ਹੀ ਨੌਕਰੀ ‘ਤੇ ਰੱਖਿਆ ਗਿਆ ਸੀ। ਇਸ ਤੋਂ ਬਾਅਦ ਸੋਨੂੰ ਗੋਇਲ ਨੇ ਉਸ ਤੋਂ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨੂੰ ਲੈ ਕੇ ਮੁਦਈ ਗੁਰਪ੍ਰੀਤ ਕੌਰ ਲਗਾਤਾਰ ਪਰੇਸ਼ਾਨ ਰਹਿਣ ਲੱਗ ਪਈ।
ਉਸ ਨੇ ਇਸ ਸਬੰਧ ਵਿੱਚ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਆਪਣਾ ਜਾਲ ਵਿਛਾਇਆ ਅਤੇ ਅੱਜ ਜਦੋਂ ਗੁਰਪ੍ਰੀਤ ਕੌਰ ਨੇ 7000 ਰੁਪਏ ਮੁਲਜਮ ਸੋਨੂ ਗੋਇਲ ਨੂੰ ਫੜਾਏ ਤਾਂ ਮੌਕੇ ਤੇ ਪੂਰੀ ਤਰ੍ਹਾਂ ਮੁਸਤੈਦ ਬੈਠੀ ਵਿਜੀਲੈਂਸ ਟੀਮ ਨੇ ਉਸ ਨੂੰ ਦਬੋਚ ਲਿਆ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਨਗਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਵੀ ਪਾਈ ਗਈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਦੱਸਣ ਯੋਗ ਹੈ ਕਿ ਬਠਿੰਡਾ ਵਿਜੀਲੈਂਸ ਵੱਲੋਂ ਰਿਸ਼ਵਤਖੋਰਾਂ ਖਿਲਾਫ ਚਲਾਈਆਂ ਜਾ ਰਹੀਆਂ ਸਰਗਰਮੀਆਂ ਤਹਿਤ ਪਿਛਲੇ ਦਿਨਾਂ ਦੌਰਾਨ ਇਹ ਦੂਸਰਾ ਮਾਮਲਾ ਹੈ ।