Barnala ਦੇ ਸਰਕਾਰੀ ਹਸਪਤਾਲ ‘ਚ ਡਾਕਟਰਾਂ ਦੀ ਅਣਗਹਿਲੀ ਨੇ ਔਰਤ ਦੀ ਲਈ ਜਾਨ !

Advertisement
Spread information

ਹਰਿੰਦਰ ਨਿੱਕਾ ,ਬਰਨਾਲਾ 28 ਸਤੰਬਰ 2023

     ਜਿਲ੍ਹੇ ਦੇ ਜੱਚਾ ਬੱਚਾ ਹਸਪਤਾਲ ‘ਚ ਡਾਕਟਰਾਂ ਦੀ ਕਥਿਤ ਅਣਗਹਿਲੀ ਨਾਲ ਅੱਜ ਗਰਭਵਤੀ ਔਰਤ ਅਨੂ ਦੀ ਮੌਤ ਹੋ ਗਈ। ਮੌਤ ਤੋਂ ਭੜਕੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਮੌਤ ਲਈ ਕਥਿਤ ਤੌਰ ਤੇ ਜਿੰਮੇਵਾਰ ਡਾਕਟਰਾਂ ਖਿਲਾਫ ਪਰਚਾ ਦਰਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਹਸਪਤਾਲ ਅੱਗੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਮੌਤ ਲਈ ਜਿੰਮੇਵਾਰ ਡਾਕਟਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੁੰਦੀ,ਉਦੋਂ ਤੱਕ ਉਹ ਜੱਚਾ ਬੱਚਾ ਹਸਪਤਾਲ ‘ਚੋਂ ਲਾਸ਼ ਨਹੀਂ ਚੁੱਕਣਗੇ। ਪ੍ਰਦਰਸ਼ਨਕਾਰੀਆਂ ਨੇ ਡਾਕਟਰ ਗਗਨਦੀਪ ਕੌਰ ਸਿੱਧੂ ਅਤੇ ਡਾਕਟਰ ਸ਼ਿਖਾ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਹਾਲ਼ਤ ਤਣਾਅਪੂਰਨ ਹੋਣ ਦੀ ਸੂਚਨਾ ਹਸਪਤਾਲ ਵੱਲੋਂ ਭੇਜੇ ਜਾਣ ਤੋਂ ਬਾਅਦ ਥਾਣਾ ਸਿਟੀ 1 ਬਰਨਾਲਾ ਦੇ ਡਿਊਟੀ ਅਫਸਰ ਏ.ਐਸ.ਆਈ. ਜਗਮੋਹਣ ਸਿੰਘ ਵੀ ਪੁਲਿਸ ਪਾਰਟੀ ਸਣੇ ਮੌਕੇ ਤੇ ਪਹੁੰਚ ਗਏ।                                   ਇਸ ਮੌਕੇ ਵਿਰਲਾਪ ਕਰਦੇ ਰਾਜੇਸ਼ ਕੁਮਾਰ ਵਾਲਮੀਕੀ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਦੀ ਬੇਟੀ ਅਨੂ ਦੀ ਸ਼ਾਦੀ ਹਰਿਆਣਾ ਦੀ ਆਦਮਪੁਰ ਮੰਡੀ ਦੇ ਰਹਿਣ ਵਾਲੇ ਮੈਕਸ ਨਾਲ ਹੋਈ ਸੀ। ਅਨੂ ,ਗਰਭਵਤੀ ਹੋਣ ਕਾਰਣ ਪੇਕੇ ਘਰ ਬਰਨਾਲਾ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਲੰਘੀ ਕੱਲ੍ਹ ਰਾਤ ਨੂੰ ਉਸ ਨੇ ਦਰਦ ਦੀ ਸ਼ਕਾਇਤ ਕੀਤੀ ਤਾਂ ਅਸੀਂ ਉਸ ਨੂੰ ਜੱਚਾ ਬੱਚਾ ਹਸਪਤਾਲ ਬਰਨਾਲਾ ਲੈ ਕੇ ਪਹੁੰਚੇ। ਪਰੰਤੂ ਉੱਥੇ ਮੌਜੂਦ ਡਾਕਟਰ ਨੇ ਅਲਟਰਾਸਾਓਂਡ ਕਰਵਾਉਣ ਲਈ ਕਿਹਾ, ਪਰੰਤੂ ਰਾਤ ਨੂੰ ਸਕੈਨ ਸੈਂਟਰ ਵਾਲੇ ਨੇ ਅਲਟਰਾ ਸਾਓਂਡ ਕਰਨ ਤੋਂ ਇਨਕਾਰ ਕਰ ਦਿੱਤਾ। ‘ਤੇ ਅਸੀਂ ਹਸਪਤਾਲ ਵਿੱਚ ਐਡਮਿਟ ਨਾ ਕਰਨ ਕਾਰਣ ਅਨੂ ਨੂੰ ਮਜਬੂਰਨ ਵਾਪਿਸ ਘਰ ਲੈ ਆਏ। ਉਨ੍ਹਾਂ ਦੱਸਿਆ ਕਿ ਸਵੇਰੇ ਫਿਰ ਅਸੀਂ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਉੱਥੇ ਮੌਜੂਦ ਡਾਕਟਰ ਗਗਨਦੀਪ ਕੌਰ ਸਿੱਧੂ ਨੇ ਫਿਰ ਉਹੀ ਗੱਲ ਅਲਟਰਾਸਾਓਂਡ ਕਰਵਾਉਣ ਦੀ ਦੁਹਰਾ ਦਿੱਤੀ। ਜਦੋਂ ਅਸੀਂ ਦਰਦ ਨਾਲ ਤੜਫਦੀ ਅਨੂ ਨੂੰ ਲੈ ਕੇ ਸਰਕਾਰੀ ਹਸਪਾਤਲ ਦੀ ਰੈਡਿਓਲੋਜਿਸਟ ਡਾਕਟਰ ਸ਼ਿਖਾ ਕੋਲ ਪਹੁੰਚੇ ਤਾਂ ਉਸ ਨੇ ਕਾਫੀ ਟਾਲਮਟੋਲ ਤੋਂ ਬਾਅਦ ਅਲਟਰਾਸਾਓਂਡ ਬਾਹਰੋਂ ਕਰਵਾਉਣ ਲਈ ਕਹਿ ਕੇ ਮੋੜ ਦਿੱਤਾ। ਜਦੋਂਕਿ ਲੜਕੀ ਦਰਦ ਨਾਲ ਚੀਖਦੀ ਰਹੀ, ਉਸ ਨੇ ਐਮਰਜੈਂਸੀ ਕੇਸ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਆਖਿਰ ਮਜਬੂਰੀਵੱਸ ਅਸੀਂ ਆਪਣੀ ਬੇਟੀ ਨੂੰ ਪ੍ਰਾਈਵੇਟ ਅਲਟਰਾਸਾਓਂਡ ਵਾਲੇ ਦੇ ਲੈ ਕੇ ਪਹੁੰਚੇ,ਜਦੋਂ ਅਲਟਰਾਸਾਉਂਡ ਕਰਵਾ ਕੇ ਵਾਪਿਸ ਪਹੁੰਚੇ ਤਾਂ ਫਿਰ ਹਸਪਾਤਲ ਦੀ ਡਾਕਟਰ ਨੇ ਤੜਫਦੀ ਚੀਖਦੀ ਮਰੀਜ ਦਾ ਇਲਾਜ਼ ਨਹੀਂ ਕੀਤਾ। ਆਖਿਰ ਬਿਨ੍ਹਾਂ ਇਲਾਜ਼ ਦੇ ਹੀ, ਅਨੂ ਨੇ ਡਾਕਟਰਾਂ ਦੀ ਅਣਗਹਿਲੀ ਕਾਰਣ ਤੜਫ ਤੜਫ ਕੇ ਜਾਨ ਦੇ ਦਿੱਤੀ। ਅਨੂ ਦੇ ਭਰਾ ਸਚਿਨ ਕੁਮਾਰ, ਕੇਸ਼ਵ ਅਤੇ ਗੈਰੀ ਚੀਮਾ ਅਤੇ ਨੇ ਕਿਹਾ ਕਿ ਡਾਕਟਰ ਜਾਂ ਹੋਰ ਸਟਾਫ ਲੜਕੀ ਦੇ ਤੜਫਦੀ ਦੇ ਕੋਲ ਤਾਂ ਨਹੀਂ ਆਏ,ਸਿਰਫ ਆਪੋ ਆਪਣੇ ਮੋਬਾਇਲ ਫੋਨਾਂ ਤੇ ਲੱਗੇ ਰਹੇ। ਪਰ ਜਦੋਂ ਹੀ ਅਨੂ ਦੀ ਮੌਤ ਹੋ ਗਈ ਤਾਂ ਉੱਥੇ ਇਕੱਠੇ ਹੋ ਕੇ ਆ ਗਏ। ਉਨ੍ਹਾਂ ਕਿਹਾ ਕਿ ਇਹ ਮੌਤ ਡਾਕਟਰਾਂ ਦੀ ਅਣਗਹਿਲੀ ਤੇ ਮੌਕੇ ਤੇ ਇਲਾਜ ਨਾ ਕਰਨ ਕਰਕੇ ਹੋਈ ਹੈ।         ਉਨ੍ਹਾਂ ਕਿਹਾ ਕਿ ਅਸੀਂ ਡਾਕਟਰਾਂ ਖਿਲਾਫ ਕਾਨੂੰਨੀ ਕਾਰਵਾਈ ਨਾ ਹੋਣ ਤੱਕ ਇੱਥੋਂ ਲਾਸ਼ ਨਹੀਂ ਚੁੱਕਾਂਗੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੰਗ ਕੀਤੀ ਕਿ ਮੌਤ ਲਈ ਜੁੰਮੇਵਾਰ ਡਾਕਟਰਾਂ ਦੇ ਖਿਲਾਫ ਪਰਚਾ ਦਰਜ ਕਰਕੇ,ਸਾਨੂੰ ਇਨਸਾਫ ਬਖਸ਼ਿਆ ਜਾਵੇ।                                           ਮਾਮਲਾ ਧਿਆਨ ‘ਚ ਆਇਆ ਹੈ,ਪਰ ਲਿਖਤੀ ਕੋਈ ਸ਼ਕਾਇਤ ਨਹੀਂ ਮਿਲੀ-ਐਸ.ਐਮ.ਓ         ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਜੋਤੀ ਕੌਸ਼ਲ ਨੇ ਕਿਹਾ ਕਿ ਗਰਭਵਤੀ ਔਰਤ ਦੀ ਅੱਜ ਹੋਈ ਮੌਤ ਦਾ ਮਾਮਲਾ,ਉਨ੍ਹਾਂ ਦੇ ਧਿਆਨ ਵਿੱਚ ਜਰੂਰ ਆਇਆ ਹੈ, ਪਰੰਤੂ ਹਾਲੇ ਤੱਕ ਪਰਿਵਾਰ ਵੱਲੋਂ ਕੋਈ ਲਿਖਤੀ ਸ਼ਕਾਇਤ ਨਹੀਂ ਦਿੱਤੀ ਗਈ। ਜਦੋਂ ਹੀ ਸ਼ਕਾਇਤ ਆਉਂਦੀ ਹੈ, ਮ੍ਰਿਤਕਾ ਦਾ ਪੋਸਟਮਾਰਟਮ ਮੈਡੀਕਲ ਬੋਰਡ ਤੋਂ ਕਰਵਾਇਆ ਜਾਵੇਗਾ। ਜੇਕਰ ਕੋਈ ਡਾਕਟਰ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  

Advertisement

 

Advertisement
Advertisement
Advertisement
Advertisement
Advertisement
error: Content is protected !!