ਸਿੱਖ ਕੌਮ ਦੇ ਮਸਲਿਆਂ ਸੰਬੰਧੀ ਰਾਸ਼ਟਰਪਤੀ ਦੇ ਨਾਂਅ ਡੀ.ਸੀ ਨੂੰ  ਸੌਂਪਿਆ ਮੰਗ ਪੱਤਰ

Advertisement
Spread information

ਹਰਪ੍ਰੀਤ ਕੌਰ ਬਬਲੀ,ਸੰਗਰੂਰ, 28 ਸਤੰਬਰ 2023


     ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੀ ਜ਼ਿਲ੍ਹਾ ਸੰਗਰੂਰ ਜਥੇਬੰਦੀ ਵੱਲੋਂ ਅੱਜ ਭਾਈ ਹਰਦੀਪ ਸਿੰਘ ਨਿੱਝਰ ਦੇ ਕੈਨੇਡਾ ਵਿੱਚ ਹੋਏ ਕਤਲ ਸਮੇਤ ਵੱਖ-ਵੱਖ ਸਿੱਖ ਆਗੂਆਂ ਦੇ ਕਤਲਾਂ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਵਿਸ਼ਵ ਦੇ ਸਾਹਮਣੇ ਲਿਆਉਣ, ਦੋਸ਼ੀਆਂ ਨੂੰ  ਸਜਾ ਦਿਵਾਉਣ ਅਤੇ ਸਿੱਖ ਕੌਮ ਦੇ ਹੋਰ ਵੱਖ-ਵੱਖ ਮਸਲਿਆਂ ਸੰਬੰਧੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੇ ਨਾਂਅ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੂੰ  ਸੌਂਪਿਆ ਗਿਆ |           
      ਜ਼ਿਲ੍ਹਾ ਜਥੇਬੰਦੀ ਵੱਲੋਂ ਸੌਂਪੇ ਗਏ ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਬੀਤੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਤੇ ਆਰਐਸਐਸ ਦੀ ਹਕੂਮਤ ਵੱਲੋਂ ਆਪਣੇ ਕੌਮੀ ਸੁਰੱਖਿਆ ਸਲਾਹਕਾਰ ਦੇ ਅਹੁਦੇ ‘ਤੇ ਨਿਯੁਕਤ ਕੀਤੇ ਗਏ ਅਜੀਤ ਡੋਵਾਲ ਦੀ ਨਿਗਰਾਨੀ ਹੇਠ ਇੰਡੀਆਂ ਦੀਆਂ ਖੂਫੀਆਂ ਏਜੰਸੀਆਂ ਆਈਬੀ, ਰਾਅ, ਐਨਆਈਏ ਦੇ ਗੈਰ ਆਡਿਟ ਜਾਰੀ ਹੋਣ ਵਾਲੇ ਕਰੋੜਾਂ ਰੁਪਏ ਦੇ ਗੁਪਤ ਫੰਡਾਂ ਦੀ ਵਰਤੋਂ ਕਰਕੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿੱਚ ਸਟੇਟਲੈਸ ਸਿੱਖ ਕੌਮ, ਜੋ ਕਿ ਜਮਹੂਰੀਅਤ ਅਤੇ ਅਮਨ ਮਈ ਢੰਗ ਨਾਲ ਆਪਣੀ ਸੰਪੂਰਨ ਆਜਾਦੀ, ਅਣਖ-ਗੈਰਤ ਨੂੰ  ਕਾਇਮ ਰੱਖਣ ਲਈ ਸੰਘਰਸ਼ ਕਰ ਰਹੀ ਹੈ,  ਨਾਲ ਸਬੰਧਤ ਸਿੱਖ ਨੌਜਵਾਨਾਂ ਨੂੰ  ਸਾਜਿਸ਼ੀ ਡੰਗ ਨਾਲ ਨਿਸ਼ਾਨਾ ਬਣਾ ਕੇ ਕਤਲ ਕਰਕੇ ਅਣਮਨੁੱਖੀ ਅਮਲ ਕੀਤੇ ਜਾ ਰਹੇ ਹਨ | ਜਿਸਦੇ ਤਹਿਤ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਤੇ ਰਿਪੁਦਮਨ ਸਿੰਘ ਮਲਿਕ ਦਾ ਕਤਲ, ਬਰਤਾਨੀਆਂ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ, ਹਰਿਆਣਾ ਵਿੱਚ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਅਤੇ ਪੰਜਾਬ ਵਿੱਚ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ  ਕਤਲ ਕਰਵਾਇਆ ਗਿਆ ਹੈ |

Advertisement

  ਸਮੁੱਚੀ ਸਿੱਖ ਕੌਮ ਅਤੇ ਕੌਮੀ ਜਥੇਬੰਦੀਆਂ ਵੱਲੋਂ ਇਨ੍ਹਾਂ ਸਾਜਿਸ਼ਾਂ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਦੀ ਜੋਰਦਾਰ ਮੰਗ ਉਠਾਉਣ ਦੇ ਬਾਵਜੂਦ ਭਾਰਤੀ ਹਕੂਮਤ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਨ੍ਹਾਂ ਕਤਲਾਂ ਦੀ ਕੋਈ ਜਾਂਚ ਕਰਵਾਈ ਗਈ | ਇਸ ਤੋਂ ਇਲਾਵਾ ਜੋ ਸਿੱਖ ਨੌਜਵਾਨ ਲੰਬੇ ਸਮੇਂ ਤੋਂ ਆਪਣੀ ਆਜਾਦੀ ਲਈ ਸਿਆਸੀ ਲੜਾਈ ਲੜਦੇ ਆ ਰਹੇ ਹਨ, ਉਨ੍ਹਾਂ ਰਾਜਸੀ ਕੈਦੀਆਂ ਨੂੰ  ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ | ਹੋਰ ਤਾਂ ਹੋਰ ਇੱਕ ਸਾਜਿਸ਼ ਤਹਿਤ ਸਿੱਖਾਂ ਨੂੰ  ਅੱਤਵਾਦੀ, ਵੱਖਵਾਦੀ, ਸ਼ਰਾਰਤੀ ਅਨਸਰ, ਗਰਮ ਦਲੀਏ ਆਦਿ ਬਦਨਾਮ ਨਾਵਾਂ ਨਾਲ ਸੰਬੋਧਨ ਕਰਕੇ ਸਿੱਖਾਂ ਦਾ ਅਕਸ਼ ਖਰਾਬ ਕਰਨ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ | ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੱਖ ਕੌਮ ਵੱਲੋਂ ਦੇਸ਼ ਲਈ ਅਣਗਿਣਤ ਕੁਰਬਾਨੀਆਂ ਦੇਣ ਦੇ ਬਾਵਜੂਦ ਸਿੱਖ ਕੌਮ ਨਾਲ ਭੇਦਭਾਵ ਵਾਲਾ ਰਵੱਈਆ ਅਪਣਾਇਆ ਜਾਂਦਾ ਹੈ, ਜਿਸ ਸਦਕਾ ਸਿੱਖ ਕੌਮ ਦੇ ਹੁਨਰਮੰਦ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧਿਆ ਹੈ |
      ਆਗੂਆਂ ਨੇ ਕੈਨੇਡਾ ਨੂੰ  ਜਮਹੂਰੀਅਤ ਅਤੇ ਇਨਸਾਫ ਪੰਸਦ ਮੁਲਕ ਕਰਾਰ ਦਿੰਦਿਆਂ ਕੈਨੇਡਾ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਕਰਵਾਉਣ ਲਈ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸ਼੍ਰੀ ਟਰੂਡੋ ਨੇ ਇਸ ਮਾਮਲੇ ਨੂੰ  ਗੰਭੀਰਤਾ ਨਾਲ ਲੈਂਦੇ ਹੋਏ ਸਿੱਖ ਕੌਮ ਨੂੰ  ਇਨਸਾਫ ਦਿਵਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ |
     ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀ ਧਰਤੀ ‘ਤੇ ਇੰਡੀਅਨ ਹੁਕਮਰਾਨਾਂ ਵੱਲੋਂ ਜੋ ਸਿੱਖ ਕੌਮ ਨਾਲ ਜਬਰ ਜੁਲਮ ਕੀਤੇ ਗਏ ਹਨ, ਸਮਾਜਿਕ ਬੇਇੰਸਾਫੀਆਂ ਕੀਤੀਆਂ ਗਈਆਂ ਹਨ, ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖਾਂ ਨੂੰ  ਜਬਰੀ ਗੈਰ ਕਾਨੂੰਨੀ ਢੰਗ ਨਾਲ ਜੇਲਾਂ ਵਿੱਚ ਬੰਦ ਕੀਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਦੋਸ਼ੀਆਂ ਨੂੰ  ਬਚਾਉਣ ਦੀਆਂ ਜੋ ਕਾਰਵਾਈਆਂ ਕੀਤੀਆਂ ਗਈਆਂ ਹਨ ਆਦਿ ਸਾਰੇ ਅਹਿਮ ਮਾਮਲਿਆਂ ਵਿੱਚ ਇਨਸਾਫ ਦੁਆਇਆ ਜਾਵੇ | ਭਾਈ ਹਰਦੀਪ ਸਿੰਘ ਨਿੱਝਰ ਸਮੇਤ ਪੰਜ ਸਿੱਖਾਂ ਦੇ ਹੋਏ ਕਤਲਾਂ ਦੀ ਸੱਚਾਈ ਸੰਸਾਰ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਕਰਵਾਈ ਜਾਵੇ |
      ਮੰਗ ਪੱਤਰ ਸੌਂਪਣ ਸਮੇਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਬੀਬੀ ਹਰਪਾਲ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸੰਗਰੂਰ,, ਯੂਥ ਆਗੂ ਅਰਸ਼ਦੀਪ ਸਿੰਘ ਚਹਿਲ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਬਡਰੁੱਖਾਂ, ਰਣਜੀਤ ਸਿੰਘ ਬਾਲੀਆਂ, ਰਘਵੀਰ ਸਿੰਘ, ਤਰਪਿੰਦਰ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ ਸਕਰੋਦੀ, ਸਰਦਾਰਾ ਸਿੰਘ, ਦਫਤਰ ਇੰਚਾਰਜ ਕੁਲਵੰਤ ਸਿੰਘ ਲੱਡੀ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ | 

Advertisement
Advertisement
Advertisement
Advertisement
Advertisement
error: Content is protected !!