ਹਰਿੰਦਰ ਨਿੱਕਾ , ਬਰਨਾਲਾ 20 ਸਤੰਬਰ 2023
ਸਮੇਂ ਸਿਰ ਪ੍ਰੋਪਰਟੀ ਟੈਕਸ ਭਰਨ ਤੋਂ ਖੁੰਝੇ ਸ਼ਹਿਰੀਆਂ ਨੂੰ ਹੁਣ ਨਗਰ ਕੌਂਸਲ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਇਹ ਜਾਣਕਾਰੀ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕੌਂਸਲ ਦਫਤਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਸ਼ਹਿਰੀਆਂ ਵੱਲੋਂ ਕਿਸੇ ਵੀ ਕਾਰਣ ਸਮੇਂ ਸਿਰ ਪ੍ਰੋਪਰਟੀ ਟੈਕਸ ਨਹੀਂ ਭਰਿਆ, ਉਹ ਹੁਣ 31 ਦਸੰਬਰ 2023 ਤੱਕ ਬਿਨਾਂ ਵਿਆਜ ਅਤੇ ਪਨੈਲਟੀ ਤੋਂ ਹੀ ਸਿਰਫ ਪ੍ਰੋਪਰਟੀ ਟੈਕਸ ਦੀ ਮੂਲ ਰਾਸ਼ੀ ਹੀ ਅਦਾ ਕਰਕੇ,ਸੁਰਖੁਰੂ ਹੋ ਸਕਦੇ ਹਨ। ਪ੍ਰਧਾਨ ਰਾਮਣਵਾਸੀਆ ਨੇ ਦੱਸਿਆ ਕਿ 2013-2014 ਤੋਂ ਜਿੰਨ੍ਹਾਂ ਸ਼ਹਿਰੀਆਂ ਦਾ ਪ੍ਰੋਪਰਟੀ ਟੈਕਸ ਭਰਨ ਤੋਂ ਰਹਿੰਦਾ ਹੈ ਜਾਂ ਫਿਰ ਉਸ ਤੋਂ ਵੀ ਪਹਿਲਾਂ ਹਾਊਸ ਟੈਕਸ ਦਾ ਬਕਾਇਆ ਭਰਨਾ ਰਹਿੰਦਾ ਹਾਂ। ਉਨ੍ਹਾਂ ਨੂੰ ਬਿਨਾਂ ਕਿਸੇ ਵਿਆਜ ਅਤੇ ਪਨੈਲਟੀ ਤੋਂ ਆਪਣਾ ਬਕਾਇਆ ਪ੍ਰੋਪਰਟੀ ਟੈਕਸ ਭਰ ਕੇ ਵੱਡਾ ਫਾਇਦਾ ਉਠਾਉਣਾ ਚਾਹੀਦਾ ਹੈ। ਪ੍ਰਧਾਨ ਰਾਮਣਵਾਸੀਆ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੇ ਫੈਸਲੇ ਅਨੁਸਾਰ 1 ਜਨਵਰੀ 2024 ਤੋਂ ਲੈ ਕੇ 31 ਮਾਰਚ 2024 ਤੱਕ ਇਹ ਛੋਟ ਸਿਰਫ 50 ਪ੍ਰਤੀਸ਼ਤ ਮਿਲੇਗੀ। ਪ੍ਰਧਾਨ ਰਾਮਣਵਾਸੀਆ ਨੇ ਕਿਹਾ ਵਿਭਾਗ ਦੇ ਇਸ ਨਿਰਣੇ ਨਾਲ , ਜਿੱਥੇ ਸ਼ਹਿਰੀਆਂ ਨੂੰ ਲੱਖਾਂ ਰੁਪਏ ਦੇ ਜੁਰਮਾਨਿਆਂ ਤੇ ਵਿਆਜ ਤੋਂ ਛੋਟ ਮਿਲੇਗੀ, ਉੱਥੇ ਹੀ ਨਗਰ ਕੌਸਲ ਦੀ ਆਮਦਨ ਵਿੱਚ ਵੀ ਕਰੋੜਾਂ ਰੁਪਏ ਦਾ ਵਾਧਾ ਹੋਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵੱਲੋਂ ਮਿਲੀ ਇਸ ਸੀਮਤ ਸਮੇਂ ਦੀ ਛੋਟ ਦਾ ਵੱਧ ਤੋਂ ਵੱਧ ਫਾਇਦਾ ਲੈਣ, ਨਗਰ ਕੌਂਸਲ ਦਾ ਸਟਾਫ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਹੈ। ਇਸ ਮੌਕੇ ਕੌਂਸਲਰ ਗੁਰਬਖਸ਼ੀਸ਼ ਸਿੰਘ ਗੋਨੀ, ਭੁਪਿੰਦਰ ਸਿੰਘ ਭਿੰਦੀ, ਅਜੇ ਕੁਮਾਰ ਤੋਂ ਇਲਾਵਾ ਭਾਜਪਾ ਆਗੂ ਨੀਰਜ ਜਿੰਦਲ, ਗੁਰਦਰਸ਼ਨ ਸਿੰਘ ਬਰਾੜ,ਖੁਸ਼ੀ ਮੁਹੰਮਦ ਆਦਿ ਵੀ ਮੌਜੂਦ ਸਨ।