ਮੀਂਹ ਨੇ ਕਾਂਗਰਸੀਆਂ ਨੂੰ ਜਗ੍ਹਾ ਬਦਲਣ ਲਈ ਕੀਤਾ ਮਜਬੂਰ
ਹਰਿੰਦਰ ਨਿੱਕਾ , ਬਰਨਾਲਾ 20 ਸਤੰਬਰ 2023
ਨਸ਼ਿਆਂ ਖਿਲਾਫ ਭਗਵੰਤ ਮਾਨ ਸਰਕਾਰ ਨੂੰ ਘੇਰਨ ਲਈ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਰੀਬ 12 ਕੁ ਵਜੇ ਗਰਜਨਗੇ। ਮੀਂਹ ਨੇ ਕਾਂਗਰਸੀਆਂ ਨੂੰ ਆਪਣੀ ਨਿਸਚਿਤ ਜਗ੍ਹਾ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਰੱਖੀ ਨਸ਼ਾ ਵਿਰੋਧੀ ਰੋਸ ਰੈਲੀ ਦਾ ਸਥਾਨ ਪਹਿਲਾਂ ਕਚਿਹਰੀ ਚੌਂਕ ਬਰਨਾਲਾ ਨੇੜੇ ਜੀਤਾ ਸਿੰਘ ਨਗਰ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਰੱਖਿਆ ਗਿਆ ਸੀ। ਪਰੰਤੂ ਲੰਘੀ ਕੱਲ੍ਹ ਹੋਈ ਬਾਰਿਸ਼ ਕਾਰਣ, ਕਾਗਰਸੀਆਂ ਦੇ ਟੈਂਟ ਵਾਲੀ ਥਾਂ ਤੇ ਪਾਣੀ ਭਰ ਗਿਆ। ਜਿਸ ਕਾਰਣ ਕਾਂਗਰਸੀਆਂ ਨੂੰ ਰੋਸ ਰੈਲੀ ਦੀ ਥਾਂ ਬਦਲਣੀ ਪਈ। ਹੁਣ ਇਹ ਰੋਸ ਰੈਲੀ ਦਾਣਾ ਮੰਡੀ ਬਰਨਾਲਾ ਵਿਖੇ ਮੰਡੀ ਦੇ ਸ਼ੈਡ ਥੱਲੇ ਕੀਤੀ ਜਾ ਰਹੀ ਹੈ। ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਲੀ ਦੇ ਇੰਚਾਰਜ ਕੁੰਵਰ ਹਰਪ੍ਰੀਤ ਸਿੰਘ, ਸੁਖਪਾਲ ਸਿੰਘ ਰਾਮਪੁਰਾ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਲੋਟਾ ਨੇ ਦੱਸਿਆ ਕਿ ਰੋਸ ਰੈਲੀ ਪ੍ਰਤੀ ਲੋਕਾਂ ਅੰਦਰ ਭਾਰੀ ਉਤਸ਼ਾਹ ਅਤੇ ਨਸ਼ਿਆਂ ਖਿਲਾਫ ਸਰਕਾਰ ਦੀ ਧਾਰੀ ਚੁੱਪ ਦੇ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਬਾਰਿਸ਼ ਕਾਰਣ, ਪ੍ਰੋਗਰਾਮ ਦੀ ਥਾਂ ਵਿੱਚ ਤਬਦੀਲੀ ਕੀਤੀ ਗਈ ਹੈ। ਪਰੰਤੂ ਸਰਕਾਰ ਖਿਲਾਫ ਲੋਕਾਂ ਦਾ ਰੋਹ ਹਾਲੇ ਵੀ ਠੰਡਾ ਨਹੀਂ ਹੋਇਆ। ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਅਤੇ ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਲੋਟਾ ਨੇ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਲੋਕ ਕਾਫਲਿਆਂ ਦੇ ਰੂਪ ਵਿੱਚ ਰੈਲੀ ‘ਚ ਪਹੁੰਚਣਗੇ। ਕਾਂਗਰਸ ਦੇ ਸਾਰੇ ਹੀ ਆਗੂਆਂ ਅਤੇ ਵਰਕਰਾਂ ਨੇ ਸਰਕਾਰ ਦੀ ਨਸ਼ਿਆਂ ਖਿਲਾਫ ਧਾਰੀ ਚੁੱਪ ਦੇ ਵਿਰੁੱਧ ਲੋਕ ਲਹਿਰ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਰੋਸ ਰੈਲੀ ਪੰਜਾਬ ਸਰਕਾਰ ਨੂੰ ਨਸ਼ਿਆਂ ਖਿਲਾਫ ਸਖਤ ਰੁੱਖ ਅਪਣਾਉਣ ਲਈ ਮਜਬੂਰ ਕਰ ਦੇਵੇਗੀ।