ਹਰਿੰਦਰ ਨਿੱਕਾ , ਬਰਨਾਲਾ 19 ਸਤੰਬਰ 2023
ਹਜਾਰਾਂ ਤੇ ਲੱਖਾਂ ਰੁਪਏ ਦੀਆਂ ਠੱਗੀਆਂ ਤਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ,ਪਰ ਤਾਜਾ ਠੱਗੀ ਦਾ ਮਾਮਲਾ,ਸੁਣ ਕੇ ਆਮ ਵਿਅਕਤੀ ਦੇ ਤਾਂ ਦੰਦ ਜੁੜ ਜਾਣਗੇ। ਜੀ ਹਾਂ ਦੋ ਜਣਿਆਂ ਨੇ ਆਪਣੇ ਬਿਜਨੈਸ ਪਾਰਟਨਰ ਨਾਲ ਸਾਢੇ ਤਿੰਨ ਕਰੋੜ ਰੁਪਏ ਦੀ ਠੱਗੀ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋ ਨਾਮਜ਼ਦ ਦੋਸ਼ੀਆਂ ਖਿਲਾਫ ਅਮਾਨਤ ਵਿੱਚ ਖਿਆਨਤ ਕਰਨ ਅਤੇ ਠੱਗੀ ਦੇ ਜ਼ੁਰਮ ਵਿੱਚ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਸੰਜੀਵ ਮਿੱਤਲ ਪੁੱਤਰ ਸਿਵ ਕੁਮਾਰ ਮਿੱਤਲ ਵਾਸੀ ਧੂਰੀ ਹਾਲ ਆਬਾਦ ਧਨੌਲਾ ਰੋਡ ਬਰਨਾਲਾ ਨੇ ਦੋਸ਼ ਲਾਇਆ ਕਿ ਉਸ ਦੀ ਪਲਾਸਟਿਕ ਦੀਆਂ ਪਾਈਪਾਂ ਬਣਾਉਣ ਦੀ ਫੈਕਟਰੀ ਸੀ। ਸਾਲ 2019 ਵਿੱਚ ਕਾਰੋਬਾਰ ਨੂੰ ਲੈ ਕੇ ਚੰਦਰ ਸਾਰਦਾ ਵਾਸੀ ਗੁਰੂ ਦੀ ਨਗਰੀ ਮੰਡੀ ਗੋਬਿੰਦਗੜ੍ਹ ਹਾਲ ਆਬਾਦ ਪੁਸਪਾਂਜਲੀ ਇੰਨਕਲੇਵ ਨਵੀ ਦਿੱਲੀ ਅਤੇ ਅਭਿਸ਼ੇਕ ਸਰਮਾ ਉਰਫ ਦੀਪਕ ਕੁਮਾਰ ਵਾਸੀ ਸੁਰਜੀਤ ਨਗਰ ਮੰਡੀ ਗੋਬਿੰਦਗੜ੍ਹ ਨਾਲ ਕਾਫੀ ਜਾਣ ਪਹਿਚਾਣ ਹੋਣ ਤੋਂ ਬਾਅਦ ਸਾਂਝਾਂ ਬਿਜਨਸ ਕਰਨਾ ਤੈਅ ਹੋਇਆ।
ਸੰਜੀਵ ਮਿੱਤਲ ਨੇ ਕਿਹਾ ਕਿ ਮੈਂ ਉਕਤ ਦੋਵਾਂ ਜਣਿਆਂ ਦੇ ਭਰੋਸੇ ਵਿੱਚ ਆ ਕੇ 3 ਕਰੋੜ 50 ਲੱਖ ਰੂਪੈ ਉਨ੍ਹਾਂ ਨਾਲ ਸਾਂਝੇ ਕੀਤੇ ਬਿਜਨਸ ਵਿੱਚ ਇੰਨਵੈਸਟ ਕਰ ਦਿੱਤੇ। ਫਿਰ ਸਾਲ 2022 ਵਿੱਚ ਉਸ ਦੀ ਆਪਣੇ ਬਿਜਨਸ ਪਾਰਟਨਰ ਚੰਦਰ ਸਾਰਦਾ ਅਤੇ ਅਭਿਸੇਕ ਸਰਮਾ ਨਾਲ ਅਣਬਣ ਹੋ ਗਈ। ਅਣਬਣ ਹੋਣ ਉਪਰੰਤ ਜਦੋਂ ਮੁਦਈ ਨੇ ਬਿਜਨਸ ਵਿੱਚ ਇਨਵੈਸਟ ਕੀਤੇ 3 ਕਰੋੜ 50 ਲੱਖ ਰੂਪੈ ਵਾਪਸ ਮੰਗੇ, ਤਾਂ ਨਾਮਜ਼ਦ ਦੋਸੀਆਂ ਚੰਦਰ ਸਾਰਦਾ ਅਤੇ ਅਭਿਸੇਕ ਸਰਮਾ ਨੇ ਮੁਦਈ ਨੂੰ ਜਾਨੋ ਮਾਰਨ ਦੀਆ ਧਮਕੀਆ ਦਿੱਤੀਆਂ ਅਤੇ ਰੂਪੈ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹਾ ਕਰਕੇ, ਉਨ੍ਹਾਂ ਅਮਾਨਤ ਵਿੱਚ ਖਿਆਨਤ ਕਰਕੇ ਸਾਢੇ ਤਿੰਨ ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਬਾਅਦ ਪੜਤਾਲ ਦੋਵਾਂ ਨਾਮਜ਼ਦ ਦੋਸ਼ੀਆਂ ਦੇ ਵਿਰੁੱਧ ਅਧੀਨ ਜੁਰਮ 420,406,506 ਹਿੰ:ਦੰ: ਤਹਿਤ ਮੁਕੱਦਮਾ ਥਾਣਾ ਸਿਟੀ-2 ਬਰਨਾਲਾ ਵਿਖੇ ਦਰਜ਼ ਕਰਕੇ,ਨਾਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।