ਹਰਿੰਦਰ ਨਿੱਕਾ, ਪਟਿਆਲਾ 19 ਸਤੰਬਰ 2023
ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਨਗਰ ਕੌਂਸਲ ਦੇ ਇੱਕ ਜੇ.ਈ. ਨੂੰ ਰੰਗੇ ਹੱਥੀ ਕਾਬੂ ਕਰ ਲਿਆ ਹੈ। ਨਗਰ ਕੌਂਸਲ ਨਾਭਾ ਦਾ ਜੇ.ਈ. ਅਜੈ ਕੁਮਾਰ , ਸ਼ਕਾਇਤਕਰਤਾ ਨੂੰ ਸੀ.ਐਲ.ਯੂ/ ਐਨ.ਓ.ਸੀ. ਦੇਣ ਬਦਲੇ ਹੈਰਾਨ ਪ੍ਰੇਸ਼ਾਨ ਕਰ ਰਿਹਾ ਸੀ। ਆਖਿਰ ਉਸ ਨੇ ਸੀਐਲਯੂ. ਜਾਰੀ ਕਰਨ ਬਦਲੇ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ। ਸ਼ਕਾਇਤਕਰਤਾ ਜਗਦੀਪ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਕੋਟ ਕਲਾਂ ,ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ਨੇ ਜੇ.ਈ. ਅਜੈ ਕੁਮਾਰ ਦੇ ਰਵੱਈਏ ਤੋਂ ਦੁਖੀ ਹੋ ਕੇ ਵਿਜੀਲੈਂਸ ਬਿਊਰੋ ਪਟਿਆਲਾ ਕੋਲ ਸ਼ਕਾਇਤ ਕੀਤੀ। ਵਿਜੀਲੈਂਸ ਦੇ ਆਲ੍ਹਾ ਅਧਿਕਾਰੀਆਂ ਨੇ ਵਿਜੀਲੈਂਸ ਬਿਊਰੋ ਜਿਲ੍ਹਾ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਰਕਾਰੀ ਗਵਾਹਾਂ ਸਹਿਤ ਟੀਮ ਨੂੰ ਟਰੈਪ ਲਾਉਣ ਦੀ ਜਿੰਮੇਵਾਰੀ ਸੌਪੀ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀ ਜੇ.ਈ. ਅਜੈ ਕੁਮਾਰ ਪੁੱਤਰ ਮਨੋਹਰ ਲਾਲ, ਵਾਸੀ ਕਾਕਾ ਕਲੋਨੀ ਪਟਿਆਲਾ ਨੂੰ ਰੰਗੇ ਹੱਥੀਂ ਕਾਬੂ ਕਰਕੇ,ਉਸ ਦੇ ਕਬਜੇ ਵਿੱਚੋਂ ਰਿਸ਼ਵਤ ਦੇ ਤੌਰ ਤੇ ਵਸੂਲ ਕੀਤੀ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਵੀ ਬਰਾਮਦ ਕਰ ਲਈ ਹੈ। ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀ ਜੇ.ਈ. ਤੋਂ ਪੁੱਛਗਿੱਛ ਦੇ ਅਧਾਰ ਤੇ ਉਸ ਦੁਆਰਾ ਭ੍ਰਿਸ਼ਟਾਚਾਰ ਰਾਹੀਂ ਬਣਾਈ ਜਾਇਦਾਦ ਦਾ ਵੇਰਵਾ ਵੀ ਖੰਗਾਲਿਆ ਜਾਵੇਗਾ।