ਬੱਸ ਨਹਿਰ ਵਿੱਚ ਡਿੱਗਣ ਦੇ ਕੇਸ ‘ਚ ਪੁਲਿਸ ਨੇ ਕਸਿਆ ਡਰਾਈਵਰ ਅਤੇ ਕੰਡਕਟਰ ਖਿਲਾਫ ਸ਼ਿਕੰਜਾ
ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ, 20 ਸਤੰਬਰ 2023
ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਝਬੇਲਵਾਲੀ ਕੋਲੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿੱਚ ਬੱਸ ਡਿੱਗਣ ਦੇ ਮਾਮਲੇ ‘ਚ ਉਸ ਸਮੇਂ ਵੱਡਾ ਖੁਲਾਸਾ ਹੋਇਆ, ਜਦੋਂ ਸਾਹਮਣੇ ਆਏ ਮੌਕਾ ਦੇ ਗਵਾਹ ਤਾਰਾ ਸਿੰਘ ਨੇ, ਪੁਲਿਸ ਕੋਲ ਪੂਰੇ ਘਟਨਾਕ੍ਰਮ ਦੀ ਦਾਸਤਾਨ ਬਿਆਨ ਕਰ ਦਿੱਤੀ। ਉਸ ਨੇ ਦੱਸਿਆ ਕਿ ਕਿਵੇਂ ਡਰਾਈਵਰ ਅਤੇ ਕੰਡਕਟਰ ਦੀ ਲਾਪਰਵਾਹੀ ਕਾਰਣ, ਹਾਦਸਾ ਵਾਪਰਿਆ ਅਤੇ ਕਿੰਨ੍ਹੇ ਹੀ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ। ਥਾਣਾ ਬਰੀਵਾਲਾ ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੰਦਭਾਗੀ ਘਟਨਾ ਦੌਰਾਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 15 ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਕੁੱਝ ਦੇ ਪਾਣੀ ਵਿੱਚ ਰੁੜ੍ਹਨ ਦੀ ਗੱਲ ਸਾਹਮਣੇ ਆ ਰਹੀ ਹੈ। ਨਿਊ ਦੀਪ ਟਰੈਵਲਜ਼ ਕੰਪਨੀ ਦੀ ਇਹ ਬੱਸ (ਨੰਬਰ ਪੀਬੀ04 ਏਸੀ0878) ਸ੍ਰੀ ਮੁਕਤਸਰ ਤੋਂ ਕਰੀਬ ਇੱਕ ਵਜੇ ਚੱਲੀ ਸੀ ਅਤੇ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਕਈ ਕੀਮਤੀ ਜਿੰਦਗੀਆਂ ਅਜਾਈਂ ਜਾਣ ਕਰਕੇ ਪੁਲਿਸ ਇਸ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ।
ਹਾਦਸਾਗ੍ਰਸਤ ਬੱਸ ਬਾਦਲ ਪਰਿਵਾਰ ਦੇ ਨਜ਼ਦੀਕੀ ਦੀ ਹੈ । ਥਾਣਾ ਬਰੀਵਾਲਾ ਪੁਲਿਸ ਨੇ ਇਸ ਸਬੰਧ ਵਿੱਚ ਤਾਰਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੱਟਿਆਂ ਵਾਲੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਡਰਾਈਵਰ ਖੁਸ਼ਪਿੰਦਰ ਸਿੰਘ ਅਤੇ ਕੰਡਕਟਰ ਹਰਜੀਤ ਸਿੰਘ ਨੂੰ ਧਾਰਾ 304 ਏ 279,337 ਅਤੇ 427 ਤਹਿਤ ਨਾਮਜ਼ਦ ਕੀਤਾ ਹੈ। ਇਸ ਮਾਮਲੇ ਸਬੰਧੀ ਮੁਦਈ ਤਾਰਾ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਗਲਾ ਵਾਲਾ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਨਾਲ ਵਿਆਹੀ ਉਸ ਦੀ ਛੋਟੀ ਭੈਣ ਪ੍ਰੀਤਮ ਕੌਰ ਉਰਫ ਪ੍ਰੀਤੋ 17 ਸਤੰਬਰ ਨੂੰ ਉਸ ਨੂੰ ਮਿਲਣ ਲਈ ਕੱਟਿਆਂ ਵਾਲੀ ਵਿਖੇ ਆਈ ਸੀ।
ਬਿਆਨ ਮੁਤਾਬਿਕ 19 ਸਤੰਬਰ ਨੂੰ ਮੁੱਦਈ ਆਪਣੀ ਭੈਣ ਨੂੰ ਉਸ ਦੇ ਪਿੰਡ ਮੁਗਲਾਵਾਲਾ ਵਿਖੇ ਛੱਡਣ ਲਈ ਕਰੀਬ 11 ਕੁ ਵਜੇ ਪਿੰਡ ਕੱਟਿਆਂ ਵਾਲੀ ਤੋ ਬੱਸ ਰਾਹੀ ਮਲੋਟ ਬੱਸ ਸਟੈਡ ਆ ਗਏ । ਜਿੱਥੋਂ ਅਸੀਂ ਅੰਮ੍ਰਿਤਸਰ ਨੂੰ ਜਾਣ ਵਾਲੀ ਦੀਪ ਬੱਸ ਤੇ ਬੈਠ ਗਏ । ਉਨ੍ਹਾਂ ਦੱਸਿਆ ਕਿ ਬੱਸ ਦੇ ਕੰਡਕਟਰ ਨੇ ਡਰਾਇਵਰ ਨੂੰ ਹੱਲਾਸ਼ੇਰੀ ਦਿੱਤੀ ਕਿ ਖੁਸ਼ਪਿੰਦਰ ਸਿੰਘ ਤੂੰ ਬੱਸ ਨੂੰ ਖਿੱਚੀ ਚੱਲੀ ਤੇਜੀ ਨਾਲ ਆਪਾਂ ਜਲਦੀ ਪਹੁੰਚਣਾ ਹੈ । ਇਸ ਮੌਕੇ ਇੱਕ ਕੰਡਕਟਰ ਨੇ ਮੁਕਤਸਰ ਤੋਂ ਬਾਹਰੋ ਬਾਹਰ ਕੱਢਣ ਅਤੇ ਬੱਸ ਅੱਡੇ ਵਿੱਚ ਨਾ ਜਾਣ ਦੀ ਗੱਲ ਵੀ ਆਖੀ। ਉਨ੍ਹਾਂ ਦੱਸਿਆ ਕਿ ਡਰਾਇਵਰ ਖੁਸ਼ਪਿੰਦਰ ਸਿੰਘ ਨੇ ਕੰਡਕਟਰ ਹਰਜੀਤ ਸਿੰਘ ਨੂੰ ਸੀਟੀ ਮਾਰਨ ਬਾਰੇ ਕਹਿ ਕੇ ਬੱਸ ਨੂੰ ਅੰਮ੍ਰਿਤਸਰ ਤੇਜੀ ਨਾਲ ਲਿਜਾਣ ਬਾਰੇ ਕਿਹਾ।
ਤਾਰਾ ਸਿੰਘ ਨੇ ਅੱਗੇ ਦੱਸਿਆ ਕਿ ਕੰਡਕਟਰ ਨੇ ਕਰੀਬ 12 ਕੁ ਵਜੇ ਬੱਸ ਸੀਟੀ ਮਾਰ ਕੇ ਤੋਰ ਲਈ ਤਾਂ ਡਰਾਇਵਰ ਨੇ ਬੱਸ ਸਟੈਡ ਨਿਕਲਦਿਆਂ ਹੀ ਬੜੀ ਤੇਜੀ ਤੇ ਲਾਪਰਵਾਹੀ ਨਾਲ ਬੱਸ ਭਜਾਉਣੀ ਸ਼ੁਰੂ ਕਰ ਦਿੱਤੀ । ਕੰਡਕਟਰ ਵੀ ਉਸ ਨੂੰ ਕਹਿੰਦਾ ਕਿ ਬੱਸ ਹੁਣ ਖਿੱਚੀ ਚੱਲੀ । ਰਸਤੇ ਵਿੱਚ ਸੜਕ ਖਰਾਬ ਹੋਣ ਅਤੇ ਤੇਜ਼ ਰਫਤਾਰ ਕਰਕੇ ਸਵਾਰੀਆਂ ਨੇ ਡਰਾਇਵਰ ਤੇ ਕੰਡਕਟਰ ਨੂੰ ਮੀਂਹ ਪੈ ਰਿਹਾ ਹੋਣ ਕਰਕੇ ਇੰਨੀ ਤੇਜ਼ ਬੱਸ ਨਾ ਚਲਾਉਣ ਬਾਰੇ ਵੀ ਕਿਹਾ ਪਰ ਬੱਸ ਸਟਾਫ ਨੇ ਸਾਡੇ ਕੋਲ ਟਾਇਮ ਨਹੀਂ ਕਹਿ ਕੇ ਸਵਾਰੀਆਂ ਨੂੰ ਚੁੱਪ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਬੱਸ ਝਬੇਲਵਾਲੀ ਨਹਿਰਾਂ ਕੋਲ ਪੁੱਲ ਦੇ ਨਜ਼ਦੀਕ ਪੁੱਜੀ ਤਾਂ ਡਰਾਇਵਰ ਖੁਸ਼ਪਿੰਦਰ ਸਿੰਘ ਤੋਂ ਕੰਟਰੋਲ ਤੋਂ ਬਾਹਰ ਹੋ ਗਈ।
ਉਨ੍ਹਾਂ ਦੱਸਿਆ ਕਿ ਬੱਸ ਸਰਹੰਦ ਫੀਡਰ ਨਹਿਰ ਦੀ ਐਂਗਲ ਨੂੰ ਤੋੜਦੀ ਹੋਈ ਨਹਿਰ ਵਿੱਚ ਡਿੱਗਕੇ ਲਟਕ ਗਈ ਅਤੇ ਬੱਸ ਦਾ ਅਗਲਾ ਪਾਸਾ ਪਾਣੀ ਵਿੱਚ ਡੁੱਬ ਗਿਆ। ਇਸ ਹਾਦਸੇ ਦੌਰਾਨ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਜਿਸ ਨਾਲ ਕੁੱਝ ਸਵਾਰੀਆ ਬੱਸ ਵਿੱਚੋਂ ਪਾਣੀ ਵਿੱਚ ਰੁੜ ਗਈਆਂ ਜਦੋਂ ਕਿ ਡੁੱਬਣ ਕਾਰਨ ਕਰੀਬ 8/10 ਸਵਾਰੀਆ ਦੀ ਮੌਕੇ ਤੇ ਹੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਇਸ ਮੌਕੇ ਉੱਥੋਂ ਦੀ ਲੰਘਣ ਵਾਲੇ ਰਾਹਗੀਰਾਂ ਨੇ ਉਸ ਨੂੰ ਅਤੇ ਹੋਰਨਾਂ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਉਸ ਦੀ ਭੈਣ ਪ੍ਰੀਤਮ ਕੌਰ ਉਰਫ ਪ੍ਰੀਤੋ ਦੀ ਬੱਸ ਵਿੱਚੋਂ ਪਾਣੀ ਵਿੱਚ ਡਿੱਗਕੇ ਡੁੱਬਣ ਕਾਰਨ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਡਰਾਈਵਰ ਕੰਡਕਟਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।