ਘਪਲਿਆਂ ਦਾ ਦੋਸ਼ ਲਾ ਕੇ ਦਿੱਤੀ ਐਸ.ਐਸ.ਪੀ. ਨੂੰ ਸ਼ਕਾਇਤ,,
ਪ੍ਰੋਫਸਰਾਂ ਨੇ ਕਿਹਾ ! ਭੋਲਾ ਸਿੰਘ ਵਿਰਕ ਨੇ ਨਾਂ ‘ਤੇ ਜਨਮ ਤਾਰੀਖਾਂ ਬਦਲ-ਬਦਲ ਕੇ ਬਣਾ ਲਏ 3 ਪੈਨ ਕਾਰਡ !
ਹਰਿੰਦਰ ਨਿੱਕਾ , ਬਰਨਾਲਾ 12 ਸਤੰਬਰ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਵੱਲੋਂ ਆਪਣੇ ਹੀ ਕਾਲਜ ਦੇ ਪ੍ਰੋਫੈਸਰਾਂ ਖਿਲਾਫ ਗੈਂਗਸਟਰਾਂ ਤੋਂ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿਵਾਉਣ ਦੇ ਕਥਿਤ ਦੋਸ਼ ਲਾ ਕੇ ਕੁੱਝ ਸਮਾਂ ਪਹਿਲਾਂ ਦਰਜ਼ ਕਰਵਾਈ ਐਫ.ਆਈ.ਆਰ. ਦਾ ਸਾਹਮਣਾ ਕਰ ਰਹੇ 5 ਪ੍ਰੋਫੈਸਰਾਂ ਨੇ ਵੀ ਹੁਣ ਭੋਲਾ ਸਿੰਘ ਵਿਰਕ ਦੇ ਖਿਲਾਫ ਬੇਹੱਦ ਗੰਭੀਰ ਕਿਸਮ ਦੇ ਦੋਸ਼ ਲਾ ਕੇ ਐਫ.ਆਈ.ਆਰ. ਦਰਜ਼ ਕਰਵਾਉਣ ਲਈ ਕਮਰ ਕਸ ਲਈ ਹੈ। ਇਸ ਸਬੰਧੀ ਬਕਾਇਦਾ ਸ਼ਕਾਇਤ ਵੀ, ਐਸ.ਐਸ.ਪੀ. ਸੰਦੀਪ ਮਲਿਕ ਨੂੰ ਦੇ ਦਿੱਤੀ ਹੈ। ਇਹ ਸ਼ਕਾਇਤ ਦੀ ਪੜਤਾਲ ਕਿਸ ਅਧਿਕਾਰੀ ਨੂੰ ਸੌਂਪੀ ਗਈ ਹੈ, ਇਸ ਬਾਰੇ ਹਾਲੇ ਕੁੱਝ ਪਤਾ ਨਹੀਂ ਲੱਗ ਸਕਿਆ। ਪਰੰਤੂ ਭੋਲਾ ਸਿੰਘ ਵਿਰਕ ਨੇ ਦੋਸ਼ਾਂ ਦਾ ਜੁਆਬ ਦੇਣ ਦੀ ਬਜਾਏ, ਸਿਰਫ ਇੱਨ੍ਹਾਂ ਕਹਿ ਕੇ ਪੱਲਾ ਝਾੜ ਲਿਆ ਕਿ ਪ੍ਰੋਫੈਸਰਾਂ ਵੱਲੋਂ ਲਾਏ ਦੋਸ਼ਾਂ ਬਾਰੇ ਜਾਂ ਤਾਂ ਉਹੀ ਜਾਣਦੇ ਹਨ ਜਾਂ ਫਿਰ ਜਿਹੜਾ ਪੁਲਿਸ ਅਧਿਕਾਰੀ ਸ਼ਕਾਇਤ ਦੀ ਪੜਤਾਲ ਕਰੇਗਾ,ਉਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਦੇਵੇਗਾ।
ਪ੍ਰੋਫੈਸਰਾਂ ਨੇ ਕੀ ਕੀ ਲਾਇਆ ਹੈ ਦੋਸ਼
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (ਬਰਨਾਲਾ) ਦੇ ਮੁਅੱਤਲ ਪ੍ਰੋਫੈਸਰ ਤਾਰਾ ਸਿੰਘ ਸੰਘੇੜਾ,ਪ੍ਰੋਫੈਸਰ ਹਰਕਮਲਦੀਪ ਸਿੰਘ ,ਪ੍ਰੋਫੈਸਰ ਰਣਵੀਰਵਰਿੰਦਰ ਸਿੰਘ,ਪ੍ਰੋਫੈਸਰ ਕੁਲਦੀਪ ਸਿੰਘ ਅਤੇ ਪ੍ਰੋਫੈਸਰ ਬਲਜੀਤ ਸਿੰਘ ਨੇ ਐਸ.ਐਸ.ਪੀ. ਸੰਦੀਪ ਮਲਿਕ ਨੂੰ ਸ਼ਕਾਇਤ ਦੇ ਕੇ ਭੋਲਾ ਸਿੰਘ ਵਿਰਕ ਖਿਲਾਫ ਅਪਰਾਧਿਕ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਪ੍ਰੋਫੈਸਰਾਂ ਨੇ ਸਾਂਝੇ ਤੌਰ ਤੇ ਦਿੱਤੀ ਸ਼ਕਾਇਤ ‘ਚ ਕਿਹਾ ਹੈ ਕਿ ਪਿੰਡ ਸੰਘੇੜਾ ਜਿਲ੍ਹਾ ਬਰਨਾਲਾ ਦੇ ਲੋਕਾਂ ਨੇ ਪੰਚਾਇਤ ਦੀ ਅਗਵਾਈ ਵਿਚ ਅੱਜ ਤੋਂ ਲਗਭਗ 60 ਸਾਲ ਪਹਿਲਾਂ ਪਿੰਡ ਅਤੇ ਇਲਾਕੇ ਦੇ ਬੱਚਿਆਂ ਨੂੰ ਵਿੱਦਿਆ ਦੇਣ ਦੇ ਮਕਸਦ ਨਾਲ ਗੁਰੂ ਗੋਬਿੰਦ ਸਿੰਘ ਟਰੱਸਟ ਸੰਘੇੜਾ ਸਥਾਪਿਤ ਕੀਤਾ ਸੀ। ਜਿਸ ਨੂੰ ਲਗਭਗ 45 ਕਿੱਲੇ ਪੰਚਾਇਤੀ ਜਮੀਨ ਪਿੰਡ ਦੇ ਲੋਕਾਂ ਨੇ ਦਾਨ ਕੀਤੀ ਸੀ ਅਤੇ ਉਸ ਟਰੱਸਟ ਵੱਲੋਂ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਚਲਾਇਆ ਜਾ ਰਿਹਾ ਹੈ।
ਉਨਾਂ ਦੋਸ਼ ਲਾਇਆ ਕਿ ਭੋਲਾ ਸਿੰਘ ਵਿਰਕ ਦਾ ਸਾਡੇ ਪਿੰਡ ਨਾਲ ਕੋਈ ਸੰਬੰਧ ਨਹੀ ਸੀ,ਇਹ ਸਾਲ 1999 ਤੋਂ ਆਪਣਾ ਸਿਆਸੀ ਅਸਰ-ਰਸੂਖ ਵਰਤ ਕੇ ਟਰੱਸਟ ਤੇ ਕਾਬਿਜ ਹੋ ਗਿਆ ਸੀ । ਉਦੋਂ ਤੋਂ ਲੈਕੇ ਹੁਣ ਤੱਕ ਉਕਤ ਟਰੱਸਟ ਨੂੰ ਇਸ ਨੇ ਆਪਣੀ ਨਿੱਜੀ ਜਾਇਦਾਦ ਵਜੋਂ ਵਰਤਿਆ ਹੈ। ਇਸ ਨੇ ਸੰਘੇੜਾ ਪਿੰਡ ਦੇ ਲੋਕਾਂ ਨੂੰ ਇਸ ਟਰੱਸਟ ਵਿਚੋਂ ਕੱਢਕੇ ਆਪਣੇ ਚਹੇਤਿਆਂ, ਸਾਕ ਸੰਬੰਧੀਆਂ ਅਤੇ ਆਪਣੀ ਟਰਾਂਸਪੋਰਟ ਵਿਚ ਕੰਮ ਕਰਦੇ ਮੁਲਾਜਮਾਂ ਨੂੰ ਟਰੱਸਟ ਦੇ ਮੈਂਬਰ ਬਣਾ ਰੱਖਿਆ ਹੈ। ਇਹ ਟਰੱਸਟ ਦੀ ਪ੍ਰੋਪਰਟੀ ਨੂੰ ਆਪਣੀ ਇੱਛਾ ਮੁਤਾਬਿਕ ਵਰਤ ਰਿਹਾ ਹੈ ।
ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਸਾਲ 2012 ਅਤੇ 2014 ਵਿੱਚ 01 ਕਰੋੜ 53 ਲੱਖ ਰੁਪਏ ਦੀ ਗ੍ਰਾਂਟ ਕਾਲਜ ਵਿਚ ਇੰਡੋਰ ਖੇਡ ਆਡੀਟੋਰੀਅਮ ਅਤੇ ਸਵੀਮਿੰਗ ਪੂਲ ਬਣਾਉਣ ਲਈ ਜਾਰੀ ਕੀਤੀ ਸੀ। ਜਿਸ ਸੰਬੰਧੀ ਕਾਲਜ ਨੇ ਸੰਬੰਧਿਤ ਦੋਵਾਂ ਇਮਾਰਤਾਂ ਦੇ ਕੰਪਲੀਸਨ ਸਰਟੀਫਿਕੇਟ ਯੂ.ਜੀ.ਸੀ. ਨੂੰ ਜਾਰੀ ਕਰ ਦਿੱਤਾ । ਪਰ ਸਚਾਈ ਇਹ ਹੈ ਕਿ ਉੱਥੇ ਕੰਧਾਂ ਕੱਢਣ ਤੋਂ ਬਿਨਾਂ ਕੁੱਝ ਨਹੀਂ ਬਣਾਇਆ ਗਿਆ । ਜਿਸ ਤੋਂ ਸਾਫ ਜਾਹਿਰ ਹੈ ਕਿ ਕਾਲਜ ਪ੍ਰਬੰਧਕਾਂ ਵੱਲੋਂ ਉਕਤ ਗ੍ਰਾਂਟ ਖੁਰਦ-ਬੁਰਦ ਕੀਤੀ ਜਾ ਚੁੱਕੀ ਹੈ। ਵਰਨਣਯੋਗ ਹੈ ਕਿ ਇਹ ਕਾਲਜ ਸਰਕਾਰ ਦੀ 95 ਪ੍ਰਤੀਸ਼ਤ ਸਹਾਇਤਾ ਨਾਲ ਚਲਦਾ ਹੈ।
ਪ੍ਰੋਫੈਸਰਾਂ ਅਨੁਸਾਰ ਉਨਾਂ ਨੂੰ ਕਾਲਜ ਦੇ ਵਿਚੋਂ ਇੱਕ ਪੱਤਰ ਦੀ ਫੋਟੋ ਕਾਪੀ ਸੂਤਰਾਂ ਤੋਂ ਪ੍ਰਾਪਤ ਹੋਈ ਹੈ , ਜੋ ਮਿਤੀ 19/09/2020 ਦੀ ਹੈ, ਇਹ ਪੱਤਰ ਭੋਲਾ ਸਿੰਘ ਵਿਰਕ ਅਤੇ ਕਾਲਜ ਦੇ ਸਕੱਤਰ ਹਰਬੰਸ ਸਿੰਘ ਢਿਲੋਂ ਦੇ ਦਸਤਖਤਾ ਹੇਠ ਜਾਰੀ ਹੋਇਆ ਹੈ । ਇਸ ਪੱਤਰ ‘ਚ ਗੁਰੂ ਗੋਬਿੰਦ ਸਿੰਘ ਟਰੱਸਟ ਸੰਘੇੜਾ ਦੇ ਖਾਤੇ ਵਿਚੋਂ 2 ਕਰੋੜ 5 ਲੱਖ ਰੁਪਏ ਦਾ ਜਿਕਰ ਕੀਤਾ ਹੋਇਆ ਹੈ। ਉਨਾਂ ਦੋਸ਼ ਲਾਇਆ ਕਿ 2 ਕਰੋੜ 5 ਲੱਖ ਰੁਪਏ ਵਿਚੋਂ 1 ਕਰੋੜ 60 ਲੱਖ ਰੁਪਏ ਭੋਲਾ ਸਿੰਘ ਵਿਰਕ ਨੇ ਆਪਣੇ ਭਰਾ ਹਰਪਾਲ ਸਿੰਘ ਵਿਰਕ ਦੇ ਖਾਤੇ ਵਿੱਚ ਟਰਾਂਸਫਰ ਕਰਨ ਲਈ ਲਿਖਿਆ ਹੈ ਅਤੇ 45 ਲੱਖ ਰੁਪਏ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਖਾਤੇ ਵਿਚ ਟਰਾਂਸਫਰ ਕਰਨ ਸਬੰਧੀ ਲਿਖਿਆ ਗਿਆ ਹੈ। ਇਸ ਪੱਤਰ ਤੋਂ ਸਾਫ ਜਾਹਿਰ ਹੈ ਕਿ ਜੇਕਰ ਇਸ ਪੱਤਰ ਉੱਪਰ ਕਾਰਵਾਈ ਹੋਈ ਹੈ ਤਾਂ ਉਸ ਨੇ ਟਰੱਸਟ ਅਤੇ ਸਰਕਾਰ ਦੇ 1 ਕਰੋੜ 60 ਲੱਖ ਰੁਪਏ ਅਤੇ 45 ਲੱਖ ਰੁਪਏ ਦਾ ਕਥਿਤ ਤੌਰ ਤੇ ਸਿੱਧਾ ਗਬਨ ਕੀਤਾ ਹੈ । ਉਨਾਂ ਕਿਹਾ ਕਿ ਇਸ ਪੱਤਰ ਨਾਲ ਸੰਬੰਧਿਤ ਸਾਰੇ ਬੈਂਕ ਖਾਤਿਆਂ ਦੀ ਪਿਛਲੇ 15 ਸਾਲ ਦੇ ਲੈਣ- ਦੇਣ ਜਾਂਚ ਪੜਤਾਲ ਕਰਵਾਈ ਜਾਵੇ ।
ਭੋਲਾ ਸਿੰਘ ਵਿਰਕ ਨੇ ਬਣਾ ਰੱਖੇ ਨੇ ਤਿੰਨ ਪੈਨ ਕਾਰਡ !
ਪ੍ਰੋਫੈਸਰਾਂ ਨੇ ਬੇਹੱਦ ਗੰਭੀਰ ਇਲਜ਼ਾਮ ਲਾ ਕੇ ਸਨਸਨੀਖੇਜ ਖੁਲਾਸਾ ਕੀਤਾ ਹੈ ਕਿ ਕਾਲਜ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਦਾ ਕਾਗਜਾਂ ਵਿਚ ਅਸਲੀ ਨਾਮ ਜਸਵੰਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ। ਭੋਲਾ ਸਿੰਘ ਵਿਰਕ ਨੇ 3 ਪੈਨ ਕਾਰਡ ਆਪਣੇ ਨਾਵਾਂ ਵਿੱਚ ਅਤੇ ਜਨਮ ਤਾਰੀਖਾਂ ਵਿੱਚ ਥੋੜੀ ਬਹੁਤੀ ਤਬਦੀਲੀ ਕਰਕੇ ਬਣਾਏ ਹੋਏ ਹਨ । ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਭੋਲਾ ਸਿੰਘ ਵਿਰਕ ਨੇ ਜਦੋਂ ਸਾਲ 2002 ਵਿੱਚ ਲੋਕ ਭਲਾਈ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਬਰਨਾਲਾ ਦੀ ਚੋਣ ਲੜੀ ਸੀ, ਉਦੋਂ ਉਨਾਂ ਆਪਣਾ ਨਾਂ ਜਸਵੰਤ ਸਿੰਘ ਤੋਂ ਬਦਲ ਕੇ ਭੋਲਾ ਸਿੰਘ ਵਿਰਕ ਕਰ ਲਿਆ ਸੀ। ਜਿਸ ਕਰਕੇ ਇਸ ਨੇ ਤਿੰਨ ਪੈਨ ਕਾਰਡ ਬਣਵਾਏ ਹੋਏ ਹਨ । ਸ਼ਕਾਇਤਕਰਤਾ ਪ੍ਰੋਫੈਸਰਾਂ ਨੇ ਪੈਨ ਕਾਰਡਾਂ ਦੀ ਬਕਾਇਦਾ ਡਿਟੇਲ ਵੀ ਲਿਖੀ ਹੈ ਕਿ ਪਹਿਲਾ ਪੈਨ ਕਾਰਡ ਜਸਵੰਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਨਾਂ ਪਰ ਬਣਿਆ ਹੋਇਆ ਹੈ,। ਜਿਸ ਪਰ ਜਨਮ ਤਾਰੀਖ 30 ਜੁਲਾਈ 1961 ਅੰਕਿਤ ਹੈ। ਦੂਜਾ ਪੈਨ ਕਾਰਡ ਭੋਲਾ ਸਿੰਘ ਵਿਰਕ ਪੁੱਤਰ ਸੁਖਦੇਵ ਸਿੰਘ ਦੇ ਨਾਮ ਪਰ ਬਣਾਇਆ ਗਿਆ ਹੈ, ਜਿਸ ਪਰ ਜਨਮ ਤਾਰੀਖ 30 ਜੂਨ 1963 ਦਰਜ਼ ਹੈ। ਜਦੋਂਕਿ ਤੀਸਰਾ ਪੈਨ ਕਾਰਡ ਵੀ ਜਸਵੰਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਨਾਂ ਪਰ ਹੀ ਬਣਿਆ ਹੋਇਆ ਹੈ। ਜਿਸ ਉੱਤੇ ਜਨਮ ਦੀ ਤਾਰੀਖ 30 ਜਨਵਰੀ 1961 ਲਿਖਾਈ ਗਈ ਹੈ। ਪ੍ਰੋਫੈਸਰਾਂ ਦਾ ਕਥਿਤ ਦੋਸ਼ ਹੈ ਕਿ ਭੋਲਾ ਸਿੰਘ ਵਿਰਕ ਨੇ ਤਿੰਨ ਪੈਨ ਕਾਰਡ ਬਣਾਉਂਦੇ ਸਮੇਂ ਵੱਖ ਵੱਖ ਨਾਂ ਅਤੇ ਜਨਮ ਤਾਰੀਖਾਂ ਲਿਖ ਕੇ ਇਨਕਮ ਟੈਕਸ ਵਿਭਾਗ ‘ਚ ਲੈਣ ਦੇਣ ਕਰਕੇ,ਬਹੁਤ ਵੱਡਾ ਫਰਾਡ ਕੀਤਾ ਹੈ। ਉਨਾਂ ਉਕਤ ਸਾਰੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਭੋਲਾ ਸਿੰਘ ਵਿਰਕ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਜੁਆਬ ਤਾਂ ਦੋਸ਼ ਲਾਉਣ ਵਾਲੇ ‘ਤੇ ਪੜਤਾਲ ਕਰਨ ਵਾਲੇ ਅਧਿਕਾਰੀ ਦੇਣਗੇ-ਭੋਲਾ ਵਿਰਕ
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੂੰ ਜਦੋਂ ਪ੍ਰੋਫੈਸਰਾਂ ਵੱਲੋਂ ਸ਼ਕਾਇਤ ਰਾਹੀਂ ਲਗਾਏ ਦੋਸ਼ਾਂ ਸਬੰਧੀ ਉਨਾਂ ਦਾ ਪੱਖ ਜਾਣਨ ਲਈ ਸਾਡੇ ਪੱਤਰਕਾਰ ਜਗਸੀਰ ਸਿੰਘ ਚਹਿਲ ਵੱਲੋਂ ਪੁੱਛਿਆ ਗਿਆ ਤਾਂ ਉਨਾਂ ਦੋ ਟੁੱਕ ਸ਼ਬਦਾਂ ਵਿੱਚ ਦੋਸ਼ਾਂ ਬਾਰੇ ਕੋਈ ਜੁਆਬ ਦੇਣ ਦੀ ਬਜਾਏ ਸਿਰਫ ਇੱਨ੍ਹਾਂ ਕਹਿ ਕੇ ਹੀ ਪੱਲਾ ਝਾੜ ਲਿਆ ਕਿ ਇਨ੍ਹਾਂ ਦੋਸ਼ਾਂ ਬਾਰੇ ਤਾਂ ਜੁਆਬ ਦੋਸ਼ ਲਾਉਣ ਵਾਲੇ ਪ੍ਰੋਫੈਸਰ ਅਤੇ ਸ਼ਕਾਇਤ ਦੀ ਪੜਤਾਲ ਕਰਨ ਵਾਲਾ ਪੜਤਾਲੀਆ ਅਫਸਰ ਹੀ ਦੇਵੇਗਾ। ਉਨਾਂ ਇਹ ਉਮੀਦ ਜਰੂਰ ਜਾਹਿਰ ਕੀਤੀ ਕਿ ਸ਼ਕਾਇਤ ਦੀ ਪੜਤਾਲ ਦੌਰਾਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਆਪਣੇ ਆਪ ਸਾਹਮਣੇ ਆ ਜਾਵੇਗਾ।