ਵਿਤਕਰਾ ਕਰ ਰਹੀ ਸਰਕਾਰ, ਕੌਂਸਲਰਾਂ ਨੇ ਡੀ.ਸੀ. ਕੋਲ ਲਾਈ ਗੁਹਾਰ
ਹਰਿੰਦਰ ਨਿੱਕਾ , ਬਰਨਾਲਾ 12 ਸਤੰਬਰ 2023
ਨਗਰ ਕੌਂਸਲ ਦੀ ਮੀਟਿੰਗ ‘ਚ ਕਰੀਬ ਸਾਢੇ ਪੰਜ ਮਹੀਨੇ ਪਹਿਲਾਂ ਪਾਸ ਕੀਤੇ ਹੋਏ ਵਿਕਾਸ ਕੰਮਾਂ ਦਾ ਟੈਂਡਰ ਨਾ ਲਾਏ ਜਾਣ ਤੋਂ ਔਖੇ ਕੁੱਝ ਕੌਂਸਲਰ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਹੇਠ ਅੱਜ ਫਰਿਆਦੀ ਬਣ ਕੇ, ਡੀ.ਸੀ. ਦਰਬਾਰ ਵਿੱਚ ਪਹੁੰਚ ਗਏ। ਪ੍ਰਧਾਨ ‘ਤੇ ਕੌਂਸਲਰਾਂ ਨੇ ਇਸ ਮੌਕੇ ਇੱਕ ਮੰਗ ਪੱਤਰ ਵੀ ਸੌਂਪਿਆ । ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਧਰਮ ਸਿੰਘ ਫੌਜੀ, ਹਰਬਖਸ਼ੀਸ਼ ਸਿੰਘ ਗੋਨੀ , ਭੁਪਿੰਦਰ ਸਿੰਘ ਭਿੰਦੀ, ਗੁਰਪ੍ਰੀਤ ਸਿੰਘ ਕਾਕਾ ਨੇ ਕਿਹਾ ਕਿ ਸ਼ਹਿਰ ਦੇ 10 ਤੋਂ ਜਿਆਦਾ ਵਾਰਡਾਂ ਵਿੱਚ ਸੜਕਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 29-03-2023 ਨੂੰ ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀ ਮੀਟਿੰਗ ਵਿੱਚ ਅਲੱਗ-ਅਲੱਗ ਵਾਰਡਾਂ ਦੇ ਕੰਮ ਪਾਸ ਕਰਵਾਏ ਗਏ ਸਨ । ਜਿੰਨਾਂ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੰਜੂਰੀ ਵੀ ਦੇ ਦਿੱਤੀ ਗਈ। ਪਰੰਤੂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਵਾਰ-ਵਾਰ ਮਿਲਕੇ ਸਾਰੇ ਵਾਰਡਾਂ ਦੇ ਮੀਟਿੰਗ ‘ਚ ਪਾਸ ਹੋਏ ਕੰਮਾਂ ਦੇ ਟੈਂਡਰ ਲਗਾਉਣ ਲਈ ਬੇਨਤੀ ਕੀਤੀ ਗਈ। ਪ੍ਰੰਤੂ ਹਾਲੇ ਤੱਕ ਵੀ ਕੰਮ ਸ਼ੁਰੂ ਹੋਣਾ ਤਾਂ ਦੂਰ ਰਿਹਾ, ਕੰਮਾਂ ਦੇ ਟੈਂਡਰ ਲਗਾਉਣ ਦਾ ਕੰਮ ਹੀ ਸ਼ੁਰੂ ਨਹੀਂ ਹੋਇਆ। ਕੌਂਸਲਰਾਂ ਨੇ ਡੀ.ਸੀ. ਪੂਨਮਦੀਪ ਕੌਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਕਿਹਾ ਕਿ ਪਾਸ ਕੀਤੇ ਜਾ ਚੁੱਕੇ ਵਿਕਾਸ ਕੰਮਾਂ ਦੇ ਟੈਂਡਰ ਬਿਨਾਂ ਕਿਸੇ ਪੱਖਪਾਤ ਤੋਂ ਲਗਾਉਣ ਲਈ, ਨਗਰ ਕੌਂਸਲ ਦੇ ਅਮਲੇ ਨੂੰ ਬਿਨਾਂ ਦੇਰੀ ਤਾਕੀਦ ਕੀਤੀ ਜਾਵੇ। ਤਾਂਕਿ ਸ਼ਹਿਰ ਅੰਦਰ ਵਿਕਾਸ ਦੇ ਕੰਮ ਚਾਲੂ ਹੋ ਸਕਣ।
ਕੌਂਸਲਰਾਂ ਨੇ ਇਹ ਵੀ ਕਿਹਾ ਕਿ ਜੇਕਰ ਉਨਾਂ ਦੇ ਵਾਰਡਾਂ ਵਿੱਚ ਵਿਕਾਸ ਕੰਮਾਂ ਦੇ ਟੈਂਡਰ ਲਗਾ ਕੇ, ਕੰਮ ਸ਼ੁਰੂ ਨਾ ਕਰਵਾਏ ਗਏ ਤਾਂ ਅਣਦੇਖੀ ਦਾ ਸ਼ਿਕਾਰ ਵਾਰਡਾਂ ਦੇ ਕੌਂਸਲਰ ਆਪਣੇ ਵਾਰਡਾਂ ਦੇ ਲੋਕਾਂ ਨੂੰ ਨਾਲ ਲੈ ਕੇ, ਰੋਸ ਪ੍ਰਦਰਸ਼ਨ ਕਰਨ ਅਤੇ ਧਰਨੇ ਲਾਉਣ ਲਈ ਮਜਬੂਰ ਹੋਣਗੇ। ਮੰਗ ਪੱਤਰ ਉੱਤੇ ਉਕਤ ਕੌਂਸਲਰਾਂ ਤੋਂ ਇਲਾਵਾ ਕੌਂਸਲਰ ਦੀਪਿਕਾ ਸ਼ਰਮਾ , ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ,ਰਣਦੀਪ ਕੌਰ ਬਰਾੜ, ਕੌਂਸਲਰ ਸਰੋਜ ਰਾਣੀ ਅਤੇ ਕੌਂਸਲਰ ਸ਼ਬਾਨਾ ਦੇ ਵੀ ਦਸਤਖਤ ਕੀਤੇ ਹੋਏ ਸਨ। ਇਸ ਮੌਕੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ, ਨੀਰਜ ਜਿੰਦਲ ਅਤੇ ਖੁਸ਼ੀ ਮੁਹੰਮਦ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।