ਬੇਅੰਤ ਸਿੰਘ ਬਾਜਵਾ,ਲੁਧਿਆਣਾ 12 ਸਤੰਬਰ
ਮਿਤੀ 14 ਅਤੇ 15 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਲਾਨਾ ਕਿਸਾਨ ਮੇਲੇ ਵਿਚ ਆਪ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।ਇਸ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਇਸ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ।
ਲੁਧਿਆਣਾ ਪ੍ਰਸ਼ਾਸਨ ਵੱਲੋਂ ਕਿਸਾਨ ਮੇਲੇ ਵਿਚ 1 ਲੱਖ ਕਿਸਾਨਾਂ ਤੇ ਆਮ ਪਬਲਿਕ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਜਿਸ ਨੂੰ ਮੱਦੇ ਨਜ਼ਰ ਰੱਖਦਿਆ ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਇਸ ਮੌਕੇ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਅਹਿਮ ਮੀਟਿੰਗ ਸਥਾਨਕ ਰੇਡੀਸ਼ਨ ਹੋਟਲ ਵਿਚ ਕਰਨਗੇ।ਮੀਟਿੰਗ ਵਿਚ ਸੂਬੇ ਭਰ ਚੋਂ 300 ਤੋਂ ਵੱਧ ਸਨਅੱਤਕਾਰ ਹਿੱਸਾ ਲੈ ਰਹੇ ਹਨ।
ਕਿਸਾਨ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪੁੱਜ ਰਹੇ ਆਪ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਭਵਿੱਖ ਵਿਚ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਦਾ ਐਲਾਨ ਵੀ ਕੀਤਾ ਜਾਣਾ ਹੈ।
ਕਿਸਾਨੀ ਧਰਨਾ:-
ਸਥਾਨਕ ਸ਼ਹਿਰ ਦੇ ਕਮਿਸ਼ਨਰ ਆਫ ਪੁਲਿਸ ਦੇ ਦਫਤਰ ਅੱਗੇ ਫਿਰੋਜਪੁਰ ਰੋਡ ਉਪਰ ਮਿਤੀ 16 ਅਗਸਤ ਤੋਂ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਹੈ।ਜਿਸ ਨਾਲ ਸ਼ਹਿਰ ਦੇ ਹਾਲਾਤ ਕਾਫੀ ਸ਼ੰਵੇਦਨਸ਼ੀਲ ਬਣੇ ਹੋਏ ਹਨ।ਕਿਸਾਨ ਮੇਲੇ ਤੇ ਵੀ.ਵੀ.ਪੀ.ਆਈ ਦੀ ਆਮਦ ਅਤੇ ਕਿਸਾਨ ਧਰਨੇ ਨੂੰ ਲੈ ਕੇ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਨੇ ਪੁਲਿਸ ਹੈਡਕੁਆਟਰ ਤੋਂ ਐੱਸ.ਪੀ, ਡੀ ਐੱਸ ਪੀ, ਏ.ਆਰ.ਪੀ ਟੀਮਾਂ, ਟਰੈਫਿਕ ਸਟਾਫ, ਇੰਸਪੈਕਟਰ ਤੇ ਸਬ ਇੰਸਪੈਕਟਰ ਅਤੇ ਐਂਟੀ ਸਾਟੇਬਾਜ ਆਦਿ ਭਾਰੀ ਨਫ਼ਰੀ ਦੀ ਮੰਗ ਕੀਤੀ ਹੈ।