ਅਸ਼ੋਕ ਵਰਮਾ, ਸਲਾਬਤਪੁਰਾ, 10 ਸਤੰਬਰ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਪੰਜਾਬ ਨਾਲ ਸਬੰਧਿਤ ਪੈਰੋਕਾਰਾਂ ਨੇ ਅੱਜ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਗੱਦੀ ਦਿੱਤੇ ਜਾਣ ਸਬੰਧੀ ਡੇਰਾ ਸਲਾਬਤਪੁਰਾ ਵਿਖੇ ਸਮਾਗਮ ਕਰਵਾਇਆ ਜਿਸ ਨੂੰ ਮਹਾਂ ਪਰਉਪਕਾਰ ਭੰਡਾਰੇ ਦਾ ਨਾਮ ਦਿੱਤਾ ਗਿਆ । ਇੰਨ੍ਹਾਂ ਸਮਾਗਮਾਂ ਦੌਰਾਨ ਭਾਦੋਂ ਦੀ ਹੁੰਮਸ ਭਰੀ ਗਰਮੀ ਦੇ ਬਾਵਜੂਦ ਲੱਖਾਂ ਦੀ ਤਾਦਾਦ ਵਿੱਚ ਡੇਰਾ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਲਈ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜਿਨ੍ਹਾਂ ਦੇ ਮੱਦੇਨਜ਼ਰ ਡੇਰਾ ਪ੍ਰੇਮੀਆਂ ਦੀ ਸਹੂਲਤ ਲਈ ਪੁਖਤਾ ਇੰਤਜਾਮ ਕੀਤੇ ਗਏ ਸਨ ਜੋ ਭਾਰੀ ਇਕੱਠ ਅੱਗੇ ਸਭ ਬੌਣੇ ਦਿਖਾਈ ਦਿੱਤੇ।
ਅੱਜ ਦੇ ਇਸ ਸਮਾਗਮ ਦੌਰਾਨ ਡੇਰਾ ਸਿਰਸਾ ਮੁਖੀ ਦੇ ਪਹਿਲਾਂ ਤੋਂ ਹੀ ਰਿਕਾਰਡ ਕੀਤੇ ਪ੍ਰਵਚਨਾਂ ਸਬੰਧੀ ਵੀਡੀਓ ਦਿਖਾਈ ਗਈ ਜਿਸ ਵਿੱਚ ਅਜੋਕੇ ਸਮੇਂ ਦੌਰਾਨ ਗ੍ਰਹਿਸਥੀ ਜ਼ਿੰਦਗੀ ਨੂੰ ਸੁਖਮਈ ਜਿਉਣ ਸਬੰਧੀ ਕਈ ਤਰ੍ਹਾਂ ਦੇ ਟਿਪਸ ਦਿੱਤੇ ਗਏ ਸਨ। ਉਹਨਾਂ ਆਖਿਆ ਕਿ ਸੁਖੀ ਜੀਵਨ ਜਿਊਣ ਲਈ ਦੋਵਾਂ ਜੀਆਂ ਨੂੰ ਇੱਕ-ਦੂਜੇ ਦਾ ਸਤਿਕਾਰ ਤੇ ਘਰ ਪਰਿਵਾਰ ਲਈ ਮਿਲਕੇ ਵਿਚਾਰ-ਚਰਚਾ ਕਰਨ ਅਤੇ ਆਪਸ ਵਿੱਚ ਤਾਲਮੇਲ ਬਿਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਤੀ ਪਤਨੀ ਨੂੰ ਇੱਕ ਦੂਜੇ ਦਾ ਅਤੇ ਦੋਹਾਂ ਦੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਅਜੋਕੇ ਮਾਹੌਲ ਦੌਰਾਨ ਬੱਚਿਆਂ ਦੇ ਵਿਗੜਨ ਦਾ ਕਾਰਨ ਮਾਪਿਆਂ ਵੱਲੋਂ ਉਨ੍ਹਾਂ ਨੂੰ ਸਮਾਂ ਨਾ ਦੇਣ ਨੂੰ ਜਿੰਮੇਵਾਰ ਦੱਸਿਆ ।
ਉਹਨਾਂ ਆਪਣੇ ਪ੍ਰਵਚਨਾਂ ਦੌਰਾਨ ਮਾਪਿਆਂ ਨੂੰ ਸਕੂਲਾਂ ਕਾਲਜ਼ਾਂ ਵਿੱਚੋਂ ਆਪਣੇ ਬੱਚਿਆਂ ਦੇ ਪੜ੍ਹਾਈ ਲਈ ਸਮੇਂ ਸਿਰ ਆਉਣ ਜਾਣ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਚਾਹੀਂਦਾ ਹੈ ਕਿ ਜਦੋਂ ਬੱਚੇ ਕਮਾਉਣ ਜਾਂ ਫਿਰ ਖੇਤੀਬਾੜੀ ਕਰਨ ਲੱਗਣ ਤਾਂ ਬੱਚਿਆਂ ਨੂੰ ਕੰਮ ਕਰਨ ਦੇਣਾ ਅਤੇ ਖੁਦ ਰਾਮ ਨਾਮ ਜਪਣ ਦੇ ਨਾਲ-ਨਾਲ ਸਮਾਜ ਸੇਵਾ ਕਰਨੀ ਚਾਹੀਦੀ ਹੈ।ਇਸ ਮੌਕੇ ਡੇਰਾ ਪ੍ਰੇਮੀਆਂ ਵਲੋਂ ਦੁਨੀਆਂ ਤੋਂ ਬੁਰਾਈਆਂ ਅਤੇ ਨਫਰਤਾਂ ਖ਼ਤਮ ਹੋ ਜਾਣ ਅਤੇ ਪਿਆਰ ਮੁਹੱਬਤ ਦੀ ਗੰਗਾ ਵਹਿਣ ਲੱਗ ਜਾਣ ਬਾਰੇ ਅਰਦਾਸ ਵੀ ਕੀਤੀ ਗਈ । ਸਮਾਗਮ ਦੌਰਾਨ ਡੇਰਾ ਮੁਖੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗਾਇਆ ਗਿਆ ਗੀਤ “ਜਾਗੋ ਦੇਸ਼ ਦੇ ਲੋਕੋ” ਸੁਣਾਇਆ ਗਿਆ ।
ਇਸ ਮੌਕੇ ਨਸ਼ਿਆਂ ਦੇ ਜਾਲ ਵਿੱਚੋਂ ਨਿੱਕਲ ਕੇ ਸਭਿਅਕ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦੀ “ਡੇਪਥ ਕੰਪੇਨ’ ਡਾਕੂਮੈਂਟਰੀ ਦਿਖਾਈ ਗਈ। ਇਸ ਮੌਕੇ 33 ਲੋੜਵੰਦ ਪਰਿਵਾਰਾਂ ਨੂੰ ਫੂਡ ਬੈਂਕ ਵਿੱਚੋਂ ਰਾਸ਼ਨ ਵੰਡਿਆ ਗਿਆ।ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੇ ਤਤਕਾਲੀਨ ਮੁਖੀ ਸ਼ਾਹ ਸਤਿਨਾਮ ਸਿੰਘ ਨੇ ਮੌਜੂਦਾ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਗੁਰਗੱਦੀ ਤੇ ਬਿਠਾਇਆ ਸੀ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਸਤੰਬਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਡੇਰਾ ਪ੍ਰੇਮੀ ਮਹਾਂ ਪਰਉਪਕਾਰ ਮਹੀਨੇ ਵਜੋਂ ਮਨਾਉਂਦੇ ਹਨ,ਜਿਸ ਤਹਿਤ ਅੱਜ ਪੰਜਾਬ ਦੀ ਸਾਧ ਸੰਗਤ ਨੇ ਡੇਰਾ ਸਲਾਬਤਪੁਰਾ ਵਿਖੇ ਗੁਰਗੱਦੀ ਭੰਡਾਰੇ ਦੇ ਨਾਮ ਹੇਠ ਸਮਾਗਮ ਕਰਵਾਇਆ ਹੈ।