ਰਘਬੀਰ ਹੈਪੀ, ਬਰਨਾਲਾ, 10 ਸਤੰਬਰ 2023
ਪਿੰਡ ਭੱਠਲਾਂ ਨਕਸਲਬਾੜੀ ਲਹਿਰ ਦੇ ਸ਼ਹੀਦ ਕਾਮਰੇਡ ਗੁਲਜਾਰਾ ਸਿੰਘ ਭੱਠਲ ਜੀ ਦੀ ਯਾਦ ਵਿੱਚ ਬਣੀ ਸ਼ਹੀਦੀ ਲਾਟ ਨੂੰ ਨਕਸਲਬਾੜੀ ਲਹਿਰ ਦੇ ਸ਼ਹੀਦ ਗੁਲਜ਼ਾਰਾ ਸਿੰਘ ਭੱਠਲ ਨੂੰ ਲਾਲ ਸਲਾਮ , ਅਮਰ ਸ਼ਹੀਦਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਲੁਟੇਰਾ ਤੇ ਜਾਬਰ ਰਾਜ ਪ੍ਰਬੰਧ -ਮੁਰਦਾਬਾਦ ਆਦਿ ਅਕਾਸ਼ ਗੁੰਜਾਊ ਨਾਹਰਿਆਂ ਨਾਲ ਲੋਕ ਅਰਪਣ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਮਾਸਟਰ ਝੰਡਾ ਰਾਮ ਉੱਭਾਵਾਲ ਜੀ ਨੇ ਅਦਾ ਕੀਤੀ ਅਤੇ ਬਾਅਦ ਵਿੱਚ ਸਾਥੀ ਭੱਠਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੋਕ ਪੱਖੀ ਗੀਤਕਾਰ ਅਜਮੇਰ ਸਿੰਘ ਅਕਲੀਆ ਦੇ ਗੀਤ ਨਾਲ ਸ਼ਰਧਾਂਜਲੀ ਦਿੱਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਰਕੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਅਹਿਦ ਕੀਤਾ।
ਇਸ ਸਮੇਂ ਪੰਜਾਬ ਦੀਆਂ ਇਨਕਲਾਬੀ ਜਮਹੂਰੀ ਲਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਭਾਗ ਲਿਆ। ਬੁਲਾਰੇ ਆਗੂਆਂ ਦਰਸ਼ਨ ਸਿੰਘ ਖੜਕੜ, ਨਰਾਇਣ ਦੱਤ,ਸੁਖਦਰਸ਼ਨ ਨੱਤ, ਸੁਖਦੇਵ ਸਿੰਘ ਭੁਪਾਲ, ਪ੍ਰੋ ਜਗਤਾਰ ਸਿੰਘ ਜੋਗਾ, ਪ੍ਰੋ ਅਜੈਬ ਸਿੰਘ ਦੋਦੜਾ, ਸੁਖਦੇਵ ਸਿੰਘ ਪਾਂਧੀ ਨੇ ਕਿਹਾ ਕਿ 12 ਮਈ 1970 ਨੂੰ ਜਾਬਰ ਹਕੂਮਤ ਨੇ ਸਾਥੀ ਗੁਲਜ਼ਾਰਾ ਸਿੰਘ ਭੱਠਲ ਨੂੰ ਸ਼ਹੀਦ ਕਰਕੇ ਨਕਸਲਬਾੜੀ ਲਹਿਰ ਦਾ ਤੁਖਮ ਮਿਟਾਉਣ ਦਾ ਭਰਮ ਪਾਲਿਆ ਸੀ। ਪਰ ਜਿਸ ਦ੍ਰਿੜਤਾ ਨਾਲ ਹਕੀਕੀ ਲੋਕ ਮੁਕਤੀ ਦੇ ਰਾਹ ਨੂੰ ਪ੍ਰਣਾਏ ਸ਼ਹੀਦ ਸਾਥੀ ਗੁਲਜ਼ਾਰਾ ਸਿੰਘ ਭੱਠਲ ਅਤੇ ਸੌ ਦੇ ਕਰੀਬ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੇ ਟਾਕਰਾ ਕੀਤਾ ,ਉਹ ਵਿਚਾਰਧਾਰਾ ਅੱਜ ਵੀ ਉਨ੍ਹਾਂ ਦੇ ਰਾਹ ਨੂੰ ਬੁਲੰਦ ਕਰ ਰਹੀ ਹੈ।
ਇੱਕ ਪਾਸੇ ਹਕੂਮਤਾਂ ਮੁਲਕ ਦੇ ਕੁਦਰਤੀ ਮਾਲ ਖਜ਼ਾਨਿਆਂ ਸਮੇਤ ਜਲ, ਜੰਗਲ, ਜ਼ਮੀਨ ਨੂੰ ਦੇਸੀ-ਬਦੇਸੀ ਕਾਰਪੋਰੇਟ ਦੇ ਹਵਾਲੇ ਕਰ ਰਹੇ ਹਨ। ਨਾਲ ਦੀ ਨਾਲ ਇਨ੍ਹਾਂ ਸੰਘਰਸ਼ਾਂ ਨੂੰ ਕੁਚਲਣ ਲਈ ਜਬਰ ਦਾ ਝੱਖੜ ਝੁਲਾ ਰਹੇ ਹਨ। ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਜਾਬਰ ਮਸੀਨਰੀ ਦੀ ਬੇਦਰੇਗ ਵਰਤੋਂ ਕਰ ਰਹੇ ਹਨ। ਹਕੂਮਤ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲਿਖਣ,ਬੋਲਣ ਵਾਲੇ ਲੇਖਕਾਂ,ਬੁੱਧੀਜੀਵੀਆਂ,ਵਕੀਲਾਂ,ਜਮਹੂਰੀ ਕਾਰਕੁਨਾਂ ਦੀ ਆਵਾਜ਼ ਨੂੰ ਦੇਸ਼ ਧ੍ਰੋਹ ਵਰਗੀਆਂ ਬਦ ਨਾਮ ਧਾਰਾਵਾਂ ਰਾਹੀਂ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।
ਫ਼ਿਰਕੂ ਫਾਸ਼ੀ ਹੱਲੇ ਰਾਹੀਂ ਲੋਕਾਈ ਨੂੰ ਭਰਾ ਮਾਰ ਜੰਗ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਇਸ ਸਭ ਕੁੱਝ ਦੇ ਬਾਵਜੂਦ ਵੀ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਵਿਗਿਆਨਕ ਵਿਚਾਰਧਾਰਾ ਰਾਹ ਰੁਸ਼ਨਾਵਾ ਬਣੀ ਹੋਈ ਹੈ। ਮਘ ਰਹੇ ਲੋਕ ਸੰਘਰਸ਼ਾਂ ਦੇ ਅਖਾੜੇ ਹਾਕਮਾਂ ਦੀ ਨੀਂਦ ਹਰਾਮ ਕਰ ਰਹੇ ਹਨ ।
ਲੋਕ ਸੰਘਰਸ਼ਾਂ ਦੇ ਇਨ੍ਹਾਂ ਅਖਾੜਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਨਵਾਂ ਲੋਕ ਪੱਖੀ ਜਮਹੂਰੀ ਸਮਾਜ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਦਾ ਹਿੱਸਾ ਬਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਡਾ.ਲਕਸ਼ਮੀ ਨਰਾਇਣ ਭੀਖੀ,ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਊਧਮ ਸਿੰਘ ਸੰਤੋਖਪੁਰਾ ਲਾਭ ਸਿੰਘ ਅਕਲੀਆ, ਸਵਰਨਜੀਤ ਸਿੰਘ, ਮਿੱਠੂ ਸਿੰਘ ਕਾਹਨੇਕੇ,ਅਮਰ ਸਿੰਘ ਬੀ ਏ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਯਾਦਗਾਰੀ ਸਮਾਗਮ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ ਨੇ ਭਾਗ ਲਿਆ। ਯਾਦਗਾਰ ਕਮੇਟੀ ਵੱਲੋਂ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਮਾਲਵਾ ਇਤਿਹਾਸ ਖੋਜ ਕੇਂਦਰ ਵੱਲੋਂ ਵੱਲੋਂ ਸ਼ਹੀਦ ਗੁਲਜ਼ਾਰਾ ਸਿੰਘ ਭੱਠਲ ਦੀ ਸ਼ਹਾਦਤ ਨੂੰ ਸਮਰਪਿਤ ਜੀਵਨ ਸਫ਼ਰ ਬਲਵੀਰ ਚੰਦ ਲੌਂਗੋਵਾਲ ਵੱਲੋਂ ਸੰਪਾਦਿਤ ਵੱਡੀ ਗਿਣਤੀ ਵਿੱਚ ਵੰਡਿਆ।
ਸਟੇਜ ਸਕੱਤਰ ਦੀ ਭੂਮਿਕਾ ਸਟੇਜ ਕਮੇਟੀ ਦੀ ਅਗਵਾਈ ਵਿੱਚ ਸੋਹਣ ਸਿੰਘ ਮਾਝੀ ਨੇ ਨਿਭਾਈ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਸ਼ਹੀਦ ਗੁਲਜ਼ਾਰਾ ਸਿੰਘ ਭੱਠਲ ਦੇ ਪੁੱਤਰ ਮਹਿੰਦਰ ਸਿੰਘ ਭੱਠਲ ਨੇ ਕੀਤਾ। ਇਹ ਸਮਾਗਮ ਪਿੰਡ ਭੱਠਲਾਂ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਊਧਮ ਸਿੰਘ ਸਪੋਰਟਸ ਕਲੱਬ ਪਿੰਡ ਵਾਸੀ ਅਤੇ ਬਾਹਰਲੀ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ।