ਇਹ ਤਾਂ ਕਹਾਣੀ ਕੁੱਝ ਹੋਰ ਨਿੱਕਲੀ , Police ਨੇ ਫੜ੍ਹ ਲਏ ਕਾਤਿਲ!

Advertisement
Spread information
ਅਸ਼ੋਕ ਵਰਮਾ,ਬਠਿੰਡਾ, 10 ਸਤੰਬਰ 2023

      ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਪੈਂਦੇ ਸਾਬਕਾ ਗੈਂਗਸਟਰ ਤੇ ਮੌਜੂਦਾ ਸਮਾਜ ਸੇਵੀ ਅਤੇ ਸਿਆਸੀ ਨੇਤਾ ਲੱਖਾ ਸਿਧਾਣਾ ਦੇ ਪਿੰਡ ਸਿਧਾਣਾ ਵਿਖੇ ਬੀਤੀ ਰਾਤ ਠੀਕਰੀ ਪਹਿਰਾ ਦੇ ਰਹੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰ ਨੂੰ ਕਤਲ ਕਰ ਦੇਣ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਜਣਿਆਂ ਨੂੰ  ਹਿਰਾਸਤ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸ਼ੁਰੂਆਤੀ ਦੌਰ ਵਿੱਚ ਇਸ ਕਤਲ ਨੂੰ ਚਿੱਟੇ ਦੇ ਤਸਕਰਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਪੁਲਿਸ ਦਾ ਨਜ਼ਰੀਆ ਆਮ ਲੋਕਾਂ ਨਾਲੋਂ ਵੱਖਰਾ ਦਿਖਾਈ ਦੇ ਰਿਹਾ ਹੈ।ਪਿੰਡ ਸਿਧਾਣਾ ਵਿਖੇ ਕਤਲ ਕੀਤੇ ਨੌਜਵਾਨ ਦੀ ਪਹਿਚਾਣ  ਜਸਵੀਰ ਸਿੰਘ ਦੇ ਤੌਰ ਤੇ ਕੀਤੀ ਗਈ ਹੈ ਜੋ ਵਾਰਦਾਤ ਦੇ ਵਕਤ ਆਪਣੇ ਪਿੰਡ ਨਸ਼ਿਆਂ ਦੀ ਰੋਕਥਾਮ ਲਈ ਠੀਕਰੀ ਪਹਿਰਾ ਦੇ ਰਿਹਾ ਸੀ।                   
      ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਸਿਧਾਣਾ ਵਿੱਚ ਨਸ਼ਾ ਕਮੇਟੀ ਬਣਾ ਕੇ ਦਿਨ ਰਾਤ ਪਹਿਰੇਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਉੱਪਰ ਨਸ਼ਾ ਕਮੇਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਦੋ ਜਣਿਆਂ ਨੂੰ ਕਮੇਟੀ ਮੈਂਬਰਾਂ ਨੇ ਰੋਕਣਾ ਚਾਹਿਆ ਪਰ ਉਹ ਨਾਕਾ ਤੋੜ ਕੇ ਭੱਜ ਨਿਕਲੇ। ਕਮੇਟੀ ਮੈਂਬਰਾਂ ਨੇ ਇਸਦੀ ਸੂਚਨਾ ਅਗਲੇ ਨਾਕੇ ਤੇ ਤਾਇਨਾਤ ਜਸਵੀਰ ਸਿੰਘ ਨੂੰ ਦਿੱਤੀ ਜਿੱਥੇ ਦੋਵਾਂ ਮੋਟਰ ਸਾਈਕਲ ਸਵਾਰਾਂ  ਨੂੰ ਰੋਕਣ ਦਾ ਯਤਨ ਕੀਤਾ ਪਰ ਇਸ ਦੌਰਾਨ ਉਨ੍ਹਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜਸਵੀਰ ਸਿੰਘ ਕਤਲ ਕਰ ਦਿੱਤਾ।
       ਪਿੰਡ ਦੇ ਵਸਨੀਕ ਤੇ ਸਮਾਜ ਸੇਵੀ ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਇਸ ਕਤਲ ਲਈ ਸਰਕਾਰ  ਜਿੰਮੇਵਾਰ ਹੈ ਜੋ ਕਿ ਨਸ਼ਿਆਂ ਦੀ ਰੋਕਥਾਮ ਵਿੱਚ ਪੂਰੀ ਤਰਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਰੋਕਣਾ ਸਰਕਾਰ ਤੇ ਪੁਲਿਸ ਦੀ ਡਿਊਟੀ ਹੈ  ਪਰ ਸਰਕਾਰੀ ਤੰਤਰ ਦੇ ਵਤੀਰੇ ਕਾਰਨ ਇਹ ਜਿੰਮੇਵਾਰੀ  ਲੋਕਾਂ ਨੂੰ ਨਿਭਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਤਾਂ ਕਾਰਨ ਅਜਿਹੇ ਕਾਰਜਾਂ ਵਿੱਚ ਜੁਟੇ ਪੇਂਡੂ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸਿਧਾਣਾ ਵਿੱਚ ਤਾਂ ਨੌਜਵਾਨ ਦਾ ਕਤਲ ਹੀ ਕਰ ਦਿੱਤਾ ਗਿਆ ਹੈ ਜੋ ਕਿ ਬੇਹੱਦ ਚਿੰਤਾਜਨਕ ਹੈ। ਦੂਜੇ ਪਾਸੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ  ਭਰੋਸਾ ਦਿੱਤਾ ਹੈ  ਕਿ ਕਾਤਲਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
      ਵੱਖਰੇ ਤੱਥ ਸਾਹਮਣੇ ਆਏ: ਐਸਐਸਪੀ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਦੋ ਜਣਿਆਂ  ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਅਤੇ ਹੁਣ ਤੱਕ ਦੀ ਪੜਤਾਲ ਦੌਰਾਨ ਕੁੱਝ ਵੱਖਰੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਦੇਖ ਰਹੇ ਪਿੰਡ ਵਾਸੀਆਂ ਵੱਲੋਂ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਆਪਣੇ ਤੌਰ ਤੇ ਵੀ ਤਸੱਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਮਾਮਲੇ ਦੀ ਤਫਤੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਆਏਗੀ ਪੁਲਿਸ ਉਸ ਮੁਤਾਬਕ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਏਗਾ।
Advertisement
Advertisement
Advertisement
Advertisement
Advertisement
error: Content is protected !!