ਅਸ਼ੋਕ ਵਰਮਾ , ਬਠਿੰਡਾ 14 ਅਗਸਤ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇਸ ਵਾਰ ਆਪਣੇ ਜਨਮ ਦਿਨ ਦਾ ਕੇਕ ਸਿਰਸਾ ਡੇਰੇ ਵਿੱਚ ਕੱਟਣਗੇ ? ਇਹ ਸਵਾਲ ਖੁਫੀਆਂ ਏਜੰਸੀਆਂ ਤੋਂ ਲੈ ਕੇ ਹਰ ਇੱਕ ਦੇ ਜਿਹਨ ਵਿੱਚ ਆ ਰਿਹਾ ਹੈ। ਡੇਰਾ ਮੁਖੀ ਦਾ ਜਨਮ ਦਿਨ 15 ਅਗਸਤ ਦਿਨ ਮੰਗਲਵਾਰ ਨੂੰ ਹੈ । ਡੇਰਾ ਪੈਰੋਕਾਰਾਂ ਵਿੱਚ ਚੱਲ ਰਹੀ ਚੁੰਝ ਚਰਚਾ ਦੀ ਮੰਨੀਏ ਤਾਂ ਇਹ ਸੱਚ ਜਾਪਦਾ ਹੈ ਕਿ ਡੇਰਾ ਮੁਖੀ ਇੱਕ ਦਿਨ ਲਈ ਸਿਰਸਾ ਡੇਰੇ ਵਿਚ ਆ ਸਕਦੇ ਹਨ। ਦੂਜੇ ਪਾਸੇ ਇਸ ਸੰਬੰਧ ਵਿੱਚ ਤੱਥਾਂ ਨੂੰ ਫਰੋਲੀਏ ਤਾਂ ਇਨ੍ਹਾਂ ਗੱਲਾਂ ਵਿਚ ਕੋਈ ਵਜ਼ਨ ਨਜ਼ਰ ਨਹੀਂ ਆਉਂਦਾ ਹੈ। ਦੱਸਣਯੋਗ ਹੈ ਕਿ ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ 56ਵਾਂ ਜਨਮ ਦਿਨ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਡੇਰੇ ਦੇ ਅਖਬਾਰ ਅਤੇ ਡੇਰਾ ਪ੍ਰਬੰਧਕਾਂ ਨੇ ਟਵੀਟ ਕਰਕੇ ਸਮਾਗਮਾਂ ਦੀ ਪੁਸ਼ਟੀ ਕੀਤੀ ਹੈ ,ਪਰ ਡੇਰਾ ਮੁਖੀ ਦੀ ਸਿਰਸਾ ਫੇਰੀ ਬਾਰੇ ਕੁੱਝ ਵੀ ਨਹੀਂ ਕਿਹਾ ਹੈ।
ਡੇਰਾ ਸ਼ਰਧਾਲੂਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ 15 ਅਗਸਤ ਮੰਗਲਵਾਰ ਨੂੰ ਸਰਸਾ ਵਿਖੇ ਐਮ ਐਸ ਜੀ ਭੰਡਾਰੇ ਦੇ ਬੈਨਰ ਹੇਠ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦਿਨ ਸਵੇਰੇ 9:00 ਵਜੇ ਡੇਰਾ ਪ੍ਰੇਮੀ ਆਪੋ-ਆਪਣੇ ਬਲਾਕਾਂ ਵਿੱਚ ਪਹਿਲਾਂ ਪੌਦੇ ਲਾਉਣਗੇ ਅਤੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਆਪਣੇ ਘਰਾਂ ਦੀਆਂ ਛੱਤਾਂ ਤੇ ਭਾਰਤ ਦੀ ਸ਼ਾਨ ਦੇ ਪ੍ਰਤੀਕ ਕੌਮੀ ਝੰਡੇ ਵੀ ਲਹਿਰਾਏ ਜਾਣਗੇ। ਗੌਰਤਲਬ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਜਨਮ 15 ਅਗਸਤ 1967 ਨੂੰ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਚ ਸਥਿਤ ਪਿੰਡ ਸ਼੍ਰੀ ਗੁਰੂਸਰ ਮੌਡੀਆ ਵਿਖੇ ਹੋਇਆ ਸੀ। ਇਸ ਲਈ 15 ਅਗਸਤ ਦਿਨ ਮੰਗਲਵਾਰ ਨੂੰ ਡੇਰਾ ਸਿਰਸਾ ਵਿੱਚ ਵੱਡਾ ਸਮਾਗਮ ਕਰਵਾਇਆ ਜਾਣਾ ਹੈ ।
ਇੰਨ੍ਹਾਂ ਸਮਾਗਮਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪਿਛਲੇ ਕਈ ਦਿਨਾਂ ਤੋਂ ਡੇਰਾ ਸਿਰਸਾ ਵਿਖੇ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ। ਸਮਾਗਮ ਮੰਗਲਵਾਰ ਸ਼ਾਮ ਨੂੰ 5:00 ਵਜੇ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲੇਗਾ। ਇਸ ਤਰ੍ਹਾਂ ਹੁਣ ਜਦੋਂ ਸਮਾਗਮ ਵਿੱਚ ਤਕਰੀਬਨ 24 ਘੰਟੇ ਦਾ ਸਮਾਂ ਬਚਿਆ ਹੈ ਤਾਂ ਅਜੇ ਤੱਕ ਕੋਈ ਅਜਿਹੀ ਸਰਗਰਮੀ ਦਿਖਾਈ ਨਹੀਂ ਦਿੱਤੀ ਜਿਸ ਤੋਂ ਜਾਪਦਾ ਹੋਵੇ ਕਿ ਡੇਰਾ ਮੁਖੀ ਸਿਰਸਾ ਵਿਖੇ ਫੇਰੀ ਪਾਉਣਗੇ। ਉਂਜ ਵੀ ਡੇਰਾ ਮੁਖੀ ਨੂੰ ਜ਼ੈਡ ਪਲੱਸ ਸੁਰੱਖਿਆ ਮਿਲੀ ਹੋਈ ਹੈ ਜਿਸ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਵੱਡੇ ਪੱਧਰ ਤੇ ਪ੍ਰਬੰਧ ਕਰਨੇ ਹੁੰਦੇ ਹਨ । ਇੱਦਾਂ ਦੀ ਅੱਜ ਕੋਈ ਵੀ ਹਲਚਲ ਨਜ਼ਰ ਨਹੀਂ ਆਈ ਜੋ ਇਸ ਸੰਬੰਧ ਵਿੱਚ ਇਸ਼ਾਰਾ ਕਰਦੀ ਹੋਵੇ ।
ਡੇਰਾ ਸੱਚਾ ਸੌਦਾ ਦੇ ਮੁਖੀ ਇੰਨ੍ਹਾਂ ਦਿਨਾਂ ਦੌਰਾਨ ਪੈਰੋਲ ਤੇ ਜੇਲ ਤੋਂ ਬਾਹਰ ਆਏ ਹੋਏ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਡੇਰਾ ਬਰਨਾਵਾ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਪਿਛਲੀ ਵਾਰ ਦੀ ਪੈਰੋਲ ਦੇ ਉਲਟ ਡੇਰਾ ਸਿਰਸਾ ਮੁਖੀ ਨੇ ਐਤਕੀਂ ਆਪਣੀਆਂ ਸਰਗਰਮੀਆਂ ਕਾਫੀ ਸੀਮਤ ਕੀਤੀਆਂ ਹੋਈਆਂ ਹਨ। ਇਸ ਵਾਰ ਡੇਰਾ ਮੁਖੀ ਨੇ ਅਜੇ ਤੱਕ ਆਪਣੇ ਪੈਰੋਕਾਰਾਂ ਨੂੰ ਜਨਤਕ ਤੌਰ ਆਨਲਾਈਨ ਹੋ ਕੇ ਇੱਕ ਵਾਰ ਵੀ ਸੰਬੋਧਨ ਨਹੀਂ ਕੀਤਾ ਹੈ। ਪਿਛਲੀ ਵਾਰ ਡੇਰਾ ਮੁਖੀ ਵੱਲੋਂ ਰੋਜ਼ਾਨਾ ਆਨਲਾਈਨ ਪਲੇਟਫਾਰਮਾਂ ਰਾਹੀਂ ਪ੍ਰੋਗਰਾਮ ਕੀਤੇ ਜਾਂਦੇ ਰਹੇ ਹਨ ਜਿੰਨ੍ਹਾਂ ਵਿੱਚ ਰੋਜ਼ਾਨਾ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਹਿੱਸਾ ਲੈਂਦੇ ਸਨ।
ਸਮਾਗਮਾਂ ਬਾਰੇ ਡੇਰੇ ਦੇ ਮੀਡੀਆ ਵਿੰਗ ਵੱਲੋਂ ਰੋਜ਼ਾਨਾ ਹੀ ਪ੍ਰੈਸ ਨੋਟ ਜਾਰੀ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਸੀ। ਪਤਾ ਲੱਗਿਆ ਹੈ ਕਿ ਐਤਕੀਂ ਅਜਿਹਾ ਨਾ ਹੋਣ ਕਾਰਨ ਹੀ ਡੇਰਾ ਪ੍ਰੇਮੀਆਂ ਵਿੱਚ ਇਨ੍ਹਾਂ ਚਰਚਾਵਾਂ ਦਾ ਬਜ਼ਾਰ ਗਰਮ ਹੋਇਆ ਹੈ ਕਿ ਸ਼ਾਇਦ ਡੇਰਾ ਮੁਖੀ ਇਕ ਦਿਨ ਲਈ ਡੇਰਾ ਸੱਚਾ ਸੌਦਾ ਸਰਸਾ ਵਿਖੇ ਪੁੱਜ ਕੇ ਸਮਾਗਮ ਵਿੱਚ ਸ਼ਾਮਲ ਹੋਣ ਆਈ ਸਾਧ ਸੰਗਤ ਨੂੰ ਪ੍ਰਵਚਨ ਕਰ ਸਕਦੇ ਹਨ। ਡੇਰਾ ਪ੍ਰੇਮੀਆਂ ਵਿੱਚ ਮੰਗਲਵਾਰ ਦੇ ਸਮਾਗਮ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਾਲਾਂਕਿ ਮੋਹਰੀ ਡੇਰਾ ਪ੍ਰੇਮੀਆਂ ਨੇ ਇਨ੍ਹਾਂ ਤੱਥਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ ਫਿਰ ਵੀ ਡੇਰਾ ਪ੍ਰੇਮੀ ਇਸ ਸਬੰਧ ‘ਚ ਆਸਵੰਦ ਹਨ। ਅੱਜ ਵੀ ਕਈ ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਉਹਨਾਂ ਦੀ ਦਿੱਲੀ ਇੱਛਾ ਹੈ ਕਿ ਉਨ੍ਹਾਂ ਦੇ ਗੁਰੂ ਸਰਸਾ ਆਉਣ ਤੇ ਉਨ੍ਹਾਂ ਨੂੰ ਸੰਬੋਧਨ ਕਰਨ।
ਦੱਸਣਯੋਗ ਹੈ ਕਿ ਸਾਲ 2017 ਵਿੱਚ ਪੰਚਕੂਲਾ ਦੀ ਇੱਕ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਸੁਣਾਈ ਸੀ ਜੋ ਉਹ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਕੱਟ ਰਹੇ ਹਨ। ਲੰਘੀ 10 ਜੁਲਾਈ ਨੂੰ ਡੇਰਾ ਮੁਖੀ ਨੂੰ ਹਰਿਆਣਾ ਦੇ ਜੇਲ੍ਹ ਵਿਭਾਗ ਨੇ 30 ਦਿਨ ਦੀ ਪੈਰੋਲ ਦਿੱਤੀ ਹੈ। ਡੇਰਾ ਮੁਖੀ ਨੂੰ ਪਹਿਲਾਂਪਹਿਲੀ ਵਾਰ 17 ਜੂਨ 2021 ਨੂੰ 30 ਦਿਨਾਂ ਦੀ ਪੈਰੋਲ ਮਿਲੀ ਅਤੇ 18 ਜੁਲਾਈ ਨੂੰ ਜੇਲ੍ਹ ਵਾਪਸੀ ਕੀਤੀ। ਇਸੇ ਤਰ੍ਹਾਂ ਹੀ 15 ਅਕਤੂਬਰ 2021 ਨੂੰ ਦੂਜੀ ਵਾਰ ਪੈਰੋਲ ਮਿਲੀ ਜਿਸ ਨੂੰ ਪੂਰੀ ਕਰਨ ਤੋਂ ਬਾਅਦ 25 ਨਵੰਬਰ ਨੂੰ ਉਹ ਵਾਪਸ ਜੇਲ੍ਹ ਚਲੇ ਗਏ। ਸਾਲ 2023 ਦੀ 21 ਜਨਵਰੀ ਨੂੰ ਰਾਮ ਰਹੀਮ ਤੀਸਰੀ ਵਾਰ 40 ਦਿਨਾਂ ਦੀ ਪੈਰੋਲ ‘ਤੇ ਆਏ ਤੇ 3 ਮਾਰਚ ਨੂੰ ਜੇਲ੍ਹ ਵਾਪਸੀ ਕੀਤੀ ਸੀ । ਡੇਰਾ ਮੁਖੀ ਨੂੰ ਇੱਕ ਵਾਰ 20 ਦਿਨ ਦੀ ਫਰਲ੍ਹੋ ਵੀ ਮਿਲ ਚੁੱਕੀ ਹੈ