ਇਕ ਕਰੋੜ ਦੀ ਲਾਗਤ ਨਾਲ ਹੋਵੇਗਾ ਬਰਨਾਲਾ ਸ਼ਹਿਰ ਦੇ ਚੌਕਾਂ ਦਾ ਸੁੰਦਰੀਕਰਨ: ਮੀਤ ਹੇਅਰ
ਮੰਤਰੀ ਮੀਤ ਹੇਅਰ ਅਤੇ ਵਿਧਾਇਕ ਪੰਡੋਰੀ ਵੱਲੋਂ ਪਿੰਡ ਕੁਰੜ ਵਿੱਚ 4 ਪ੍ਰਾਜੈਕਟਾਂ ਦੇ ਉਦਘਾਟਨ/ ਨੀਂਹ ਪੱਥਰ
ਕਿਹਾ, ਪਿੰਡ ਕੁਰੜ ਨੂੰ ਛੇਤੀ ਦਿੱਤੀ ਜਾਵੇਗੀ ਖੇਡ ਮੈਦਾਨ ਦੀ ਸਹੂਲਤ
ਰਘਵੀਰ ਹੈਪੀ , ਬਰਨਾਲਾ 14 ਅਗਸਤ 2023
ਸ਼ਹਿਰ ਦੇ 4 ਅਹਿਮ ਚੌਕਾਂ ਦਾ ਸੁੰਦਰੀਕਰਨ ਤਕਰੀਬਨ ਇਕ ਕਰੋੜ ਦੀ ਲਾਗਤ ਨਾਲ ਕਰਵਾਇਆ ਜਾਵੇਗਾ । ਇਸ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਚੌਕ ਤੋਂ ਹੋ ਗਈ ਹੈ । ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਦਰ ਬਾਜ਼ਾਰ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਚੌਕ ਦੇ ਸੁੰਦਰੀਕਰਨ ਦੀ ਸ਼ੁਰੂਆਤ ਮੌਕੇ ਕੀਤਾ ਗਿਆ । ਉਨ੍ਹਾਂ ਕਿਹਾ ਕਿ ਸ਼ਹਿਰ ਦੇ 4 ਚੌਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ, ਜਿਸ ਵਿੱਚ ਸਿਵਲ ਅਤੇ ਲੈਂਡਸਕੇਪਿੰਗ ਕੰਮਾਂ ’ਤੇ ਤਕਰੀਬਨ ਇਕ ਕਰੋੜ ਰੁਪਏ ਖ਼ਰਚੇ ਜਾਣਗੇ। ਮਗਰੋਂ ਉਨ੍ਹਾਂ ਨੇ ਮਾਰਕੀਟ ਕਮੇਟੀ ਦਫ਼ਤਰ ਬਰਨਾਲਾ ਵਿੱਚ ਖੇਤੀ ਹਾਦਸਿਆਂ ਦੇ ਪੀੜਤਾਂ ਦੇ 4 ਪਰਿਵਾਰਾਂ ਨੂੰ 8 ਲੱਖ ਦੇ ਚੈੱਕ ਦਿੱਤੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਵੱਲੋਂ ਪਿੰਡ ਕੁਰੜ ਵਿੱਚ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ। ਸ. ਮੀਤ ਹੇਅਰ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਲਗਾਤਾਰ ਮੰਗ ਸੀ ਕਿ ਪਿੰਡ ਵਿੱਚ ਸੇਵਾ ਕੇਂਦਰ ਦੀ ਸਹੂਲਤ ਦਿੱਤੀ ਜਾਵੇ, ਉਨ੍ਹਾਂ ਕੋਲ ਪ੍ਰਸ਼ਾਸਕੀ ਸੁਧਾਰ ਵਿਭਾਗ ਦਾ ਜ਼ਿੰਮਾ ਹੁੰਦਿਆਂ ਸਭ ਤੋਂ ਪਹਿਲਾਂ ਪਿੰਡ ਲਈ ਸੇਵਾ ਕੇਂਦਰ ਪਾਸ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕੇਂਦਰ ਖੁੱਲ੍ਹਣ ਨਾਲ ਜ਼ਿਲ੍ਹੇ ’ਚ ਸੇਵਾ ਕੇਂਦਰਾਂ ਦੀ ਗਿਣਤੀ 14 ਹੋ ਜਾਵੇਗੀ।
ਇਸ ਮਗਰੋਂ ਉਨ੍ਹਾਂ 39.90 ਲੱਖ ਦੀ ਲਾਗਤ ਨਾਲ ਛੱਪੜ ਦੇ ਥਾਪਰ ਮਾਡਲ ਵਜੋਂ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਦੇ ਨਾਲ ਹੀ ਉਨ੍ਹਾਂ 23 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਪਾਰਕ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮਗਰੋਂ ਕੈਬਨਿਟ ਮੰਤਰੀ ਅਤੇ ਵਿਧਾਇਕ ਮਹਿਲ ਕਲਾਂ ਵੱਲੋਂ ਸਬ ਸੈਂਟਰ ਦੀ 13 ਲੱਖ ਦੀ ਲਾਗਤ ਵਾਲੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪਿੰਡ ਕੁਰੜ ਵਾਸੀਆਂ ਵੱਲੋਂ ਖੇਡ ਮੈਦਾਨ ਦੀ ਮੰਗ ਕੀਤੀ ਗਈ ਸੀ ਤੇ ਪਿੰਡ ਵਿੱਚ ਖੇਡ ਮੈਦਾਨ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਕਰੋੜਾਂ ਦੀ ਲਾਗਤ ਨਾਲ ਥਾਪਰ ਮਾਡਲਾਂ, ਪਾਰਕਾਂ, ਪੰਚਾਇਤਾਂ ਘਰਾਂ ਆਦਿ ਦੇ ਕੰਮ ਕਰਾਏ ਜਾ ਰਹੇ ਹਨ ਤਾਂ ਜੋ ਪਿੰਡਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ. ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਆਪ ਆਗੂ ਪਰਮਿੰਦਰ ਸਿੰਘ ਭੰਗੂ , ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਆਈਏਐਸ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਐਸ ਐਮ ਓ ਡਾਕਟਰ ਗੁਰਤਜਿੰਦਰ ਕੌਰ, ਸੈਕਟਰੀ ਮਾਰਕੀਟ ਕਮੇਟੀ ਬਰਨਾਲਾ ਕੁਲਵਿੰਦਰ ਸਿੰਘ ਭੁੱਲਰ, ਨਗਰ ਕੌਂਸਲ ਬਰਨਾਲਾ ਦੇ ਜੇ.ਈ. ਸਲੀਮ ਮੁਹੰਮਦ , ਨਗਰ ਕੌਂਸਲ ਦੇ ਸਾਬਕਾ ਐਮ.ਸੀ. ਅਤੇ ਕਾਂਗਰਸ ਦੇ ਜਿਲਾ ਮੀਤ ਪ੍ਰਧਾਨ ਕੁਲਦੀਪ ਧਰਮਾ, ਐਮ.ਸੀ. ਜੁਗਰਾਜ ਸਿੰਘ ਪੰਡੋਰੀ, ਬਰਨਾਲਾ ਕਲੱਬ ਦੇ ਸਾਬਕਾ ਸੈਕਟਰੀ ਐਡਵੋਕੇਟ ਰਾਜੀਵ ਲੂਬੀ , ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਅਤੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।