ਸ਼ਹੀਦ ਭਗਤ ਸਿੰਘ ਚੌਂਕ ਦਾ ਸੁੰਦਰੀਕਰਨ ਕਰਨ ਲਈ ਮੀਤ ਹੇਅਰ ਵੱਲੋਂ ਰੱਖੇ ਨੀਂਹ ਪੱਥਰ ਸਮੇਂ ਲੋਕਾਂ ਨੂੰ ਆਈ ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਦੀ ਯਾਦ ,,,
ਹਰਿੰਦਰ ਨਿੱਕਾ , ਬਰਨਾਲਾ 15 ਅਗਸਤ 2023
ਇਹ ਬਹੁਤ ਹੀ ਸ਼ਲਾਘਾਯੋਗ ਕੰਮ ਐ ਕਿ ਸ਼ਹੀਦ ਭਗਤ ਸਿੰਘ ਚੌਂਕ ਬਰਨਾਲਾ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ, ਸਗੋਂ ਸਾਡੇ ਸਮਿਆਂ ‘ਚ ਦੂਜ਼ੀ ਵਾਰ ਹੋ ਰਿਹਾ ਹੈ। ਪਰੰਤੂ ਬੇਹੱਦ ਅਫਸੋਸਨਾਕ ਗੱਲ ਇਹ ਵੀ ਹੈ ਕਿ ਸੁੰਦਰੀਕਰਨ ਦੀ ਆੜ ‘ਚ ਸ਼ਹੀਦ ਭਗਤ ਸਿੰਘ ਦੇ ਕੇਸਵਾਲ (ਇੱਕੋ ਕੇਸ ‘ਚ ਜੇਲ੍ਹ ਬੰਦ ਰਹਿ ਚੁੱਕੇ )ਸੁਤੰਤਰਤਾ ਸੈਨਾਨੀ ਪੰਡਿਤ ਕਿਸ਼ੋਰੀ ਲਾਲ ਵੱਲੋਂ ਸ਼ਹੀਦ ਦਾ ਬੁੱਤ ਲਗਾਉਣ ਸਮੇਂ ਰੱਖਿਆ ਨੀਂਹ ਪੱਥਰ ਕਿੱਧਰੇ ਗਾਇਬ ਕਰ ਦਿੱਤਾ ਗਿਆ ਹੈ । ਇਸ ਦੀ ਚੀਸ ਹਮੇਸ਼ਾ ਹੀ ਦੇਸ਼ ਭਗਤਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ਨੂੰ ਹਲੂਣਦੀ ਆ ਰਹੀ ਹੈ। ਸ਼ਹੀਦ ਭਗਤ ਸਿੰਘ ਚੌਂਕ ਨਾਲ ਇਕੱਲੇ ਭਗਤ ਸਿੰਘ ਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵੀ ਜੁੜੀ ਹੋਈ ਹੈ। ਅੱਜ ਇੱਕ ਵਾਰ ਫਿਰ, ਇਹ ਮੁੱਦਾ, ਉਸ ਸਮੇਂ ਲੋਕਾਂ ਦੀ ਜੁਬਾਨ ਤੇ ਆ ਗਿਆ, ਜਦੋਂ ਹਲਕਾ ਬਰਨਾਲਾ ਤੋਂ ਵਿਧਾਇਕ ਅਤੇ ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਹੋਰ ਸੋਹਣਾ ਬਣਾਉਣ ਦੀ ਮੰਸ਼ਾ ਨਾਲ ਸ਼ਹੀਦ ਭਗਤ ਸਿੰਘ ਚੌਂਕ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ। ਉਸ ਸਮੇਂ ਮੌਜੂਦ ਸ਼ਹਿਰ ਦੇ ਲੋਕ ਚਰਚਾ ਕਰਨ ਲੱਗ ਪਏ, ਬਈ, ਉਹ ਨੀਂਹ ਪੱਥਰ ਤਾ ਕਿਧਰੇ ਦਿਸਦਾ ਹੀ ਨਹੀਂ, ਜਿਹੜਾ ਭਗਤ ਸਿੰਘ ਦਾ ਬੁੱਤ ਲਗਾਉਣ ਸਮੇਂ ਪੰਡਿਤ ਕਿਸ਼ੋਰੀ ਲਾਲ ਨੇ ਰੱਖਿਆ ਸੀ।
ਵਰਣਨਯੋਗ ਹੈ ਕਿ ਕਰੀਬ 19 ਵਰ੍ਹੇ ਪਹਿਲਾਂ ਵੀ ਨਗਰ ਕੌਂਸਲ ਬਰਨਾਲਾ ਵੱਲੋਂ ਤਤਕਾਲੀਨ ਪ੍ਰਧਾਨ ਮੱਖਣ ਸ਼ਰਮਾ ਦੇ ਕਾਰਜਕਾਲ ਵਿੱਚ ਚੌਂਕ ਦਾ ਸੁੰਦਰੀਕਰਨ ਕੀਤਾ ਗਿਆ ਸੀ, ਜਿਹੜਾ ਹੁਣ ਮੌਜੂਦਾ ਰੂਪ ਵਿੱਚ ਬਣਿਆ ਹੋਇਆ ਹੈ। ਚੌਂਕ ਦੇ ਫਰਸ਼ ਤੋਂ ਲੈ ਕੇ, ਦਿਲਕਸ਼ ਪੱਥਰਾਂ ਦਾ ਕੰਮ ਅਤੇ ਲੋਹੇ ਦੀ ਗਰਿਲ ਉਸ ਸਮੇਂ ਲਗਾਈ ਗਈ ਸੀ। ਉਸ ਸਮੇਂ ਲੋਕਾਂ ਨੇ ਸੁੰਦਰਕਰਣ ਦੀ ਸ਼ਲਾਘਾ ਤਾਂ ਕੀਤੀ ਸੀ, ਪਰੰਤੂ ਪੰਡਿਤ ਕਿਸ਼ੋਰੀ ਲਾਲ ਵੱਲੋਂ ਰੱਖਿਆ, ਨੀਂਹ ਪੱਥਰ ਉਦੋਂ ਵੀ ਚਰਚਾ ਵਿੱਚ ਆਇਆ ਸੀ। ਜਾਣਕਾਰ ਦੱਸਦੇ ਹਨ ਕਿ ਨੀਂਹ ਪੱਥਰ ਗੁੰਮ ਹੋ ਜਾਣ ਨੂੰ ਲੈ ਕੇ ਬਜੁਰਗ ਪੱਤਰਕਾਰ ਜਗੀਰ ਜਗਤਾਰ ਅਤੇ ਸਵ: ਤੀਰਥਦਾਸ ਸਿੰਧਵਾਨੀ ਤੇ ਹੋਰ ਚਿੰਤਕ ਸ਼ਹਿਰੀਆਂ ਨੇ, ਨੀਂਹ ਪੱਥਰ ਗੁਆਚ ਦੇਣ ਦਾ ਮੁੱਦਾ ਉਭਾਰਿਆ ਸੀ, ਇਸ ਦੀ ਪੁਸ਼ਟੀ ਤਤਕਾਲੀਨ ਪ੍ਰਧਾਨ ਮੱਖਣ ਸ਼ਰਮਾ ਨੇ ਵੀ ਕੀਤੀ ਹੈ। ਘੋਖ ਕਰਨ ਤੇ ਪਤਾ ਇਹ ਵੀ ਲੱਗਿਆ ਹੈ ਕਿ ਸ਼ਹੀਦ ਦੇ ਬੁੱਤ ਦੇ ਇਰਦ ਗਿਰਦ ਪੱਥਰ ਲਾਉਣ ਤੋਂ ਪਹਿਲਾਂ ਸਬੰਧਿਤ ਠੇਕੇਦਾਰ ਨੇ ਪੰਡਿਤ ਕਿਸ਼ੋਰੀ ਲਾਲ ਵਾਲਾ ਨੀਂਹ ਪੱਥਰ, ਕਿਤੇ ਆਸ ਪਾਸ ਦੀ ਦੁਕਾਨ ਵਿੱਚ ਸੰਭਾਲਿਆ ਤੇ ਬਾਅਦ ਵਿੱਚ ਉਹ ਇੱਨ੍ਹਾਂ ਜਿਆਦਾ ਸੰਭਾਲਿਆ ਗਿਆ ਕਿ ਹੁਣ ਤੱਕ ਉਸ ਦੀ ਕੋਈ ਉਘ ਸੁੱਘ ਨਹੀਂ ਮਿਲੀ।
ਕੁੱਝ ਜਾਣਕਾਰੀ ਪੰਡਿਤ ਕਿਸ਼ੋਰੀ ਲਾਲ ਬਾਰੇ ਵੀ,,
ਪੰਡਿਤ ਕਿਸ਼ੋਰੀ ਲਾਲ ਦਾ ਜਨਮ 1912 ‘ਚ ਪਿੰਡ ਧਰਮਪੁਰ, ਤਹਿਸੀਲ ਦਸੂਹਾ, ਹੁਸ਼ਿਆਰਪੁਰ ਜ਼ਿਲ੍ਹਾ, ਪੰਜਾਬ ਵਿੱਚ ਹੋਇਆ ਸੀ। ਉਹ ਪੰਜਾਬ ਦਾ ਇੱਕ ਕਮਿਊਨਿਸਟ ਭਾਰਤੀ ਇਨਕਲਾਬੀ ਸੀ ਜਿਸ ਨੇ ਸ਼ਹੀਦ ਭਗਤ ਸਿੰਘ ਅਤੇ ਸੁਖਦੇਵ ਹੋਰਾਂ ਨਾਲ ਜੰਗ ਏ ਅਜ਼ਾਦੀ ਦੀ ਲੜਾਈ ਵਿੱਚ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਸੀ। 1928 ਦੇ ਸ਼ੁਰੂ ਵਿੱਚ, ਕਿਸ਼ੋਰੀ ਲਾਲ ਨੌਜਵਾਨ ਭਾਰਤ ਸਭਾ ਵਿੱਚ ਸ਼ਾਮਲ ਹੋ ਗਏ, ਇਸ ਤਰ੍ਹਾਂ ਗਰੁੱਪ ਦੇ ਸੰਸਥਾਪਕ ਭਗਤ ਸਿੰਘ ਨਾਲ ਸਿੱਧੇ ਅਤੇ ਨਜ਼ਦੀਕੀ ਸੰਪਰਕ ਵਿੱਚ ਆਏ । ਉਹ 69 ਕਸ਼ਮੀਰੀ ਬਿਲਡਿੰਗ, ਲਾਹੌਰ ਵਿਖੇ ਐਚ.ਐਸ.ਆਰ.ਏ. ਦੀ ਬੰਬ ਬਣਾਉਣ ਵਾਲੀ ਯੂਨਿਟ ਵਿੱਚ ਸ਼ਾਮਲ ਸੀ। ਜਿੱਥੋਂ ਉਸ ਨੂੰ ਸੁਖਦੇਵ ਥਾਪਰ ਅਤੇ ਜੈ ਗੋਪਾਲ ਦੇ ਨਾਲ 15 ਅਪ੍ਰੈਲ 1929 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ ਇੱਕ ਮੁਕੱਦਮੇ ਅਧੀਨ ਕੈਦੀ ਵਜੋਂ ਜੇਲ੍ਹ ਵਿੱਚ ਬੰਦ ਸੀ। ਲਾਹੌਰ ਸਾਜ਼ਿਸ਼ ਕੇਸ 1929 ਵਿੱਚ ਜੱਜ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਕਿਸ਼ੋਰੀ ਲਾਲ ਨੂੰ ਨਾਬਾਲਿਗ ਹੋਣ ਕਾਰਣ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਿਸ਼ੋਰੀ ਲਾਲ ਨੇ ਲਾਹੌਰ, ਮੁਲਤਾਨ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿੱਚ ਆਪਣੀ 18 ਸਾਲ ਦੀ ਸਜ਼ਾ ਕੱਟੀ। ਉਸ ਨੇ ਆਪਣੇ ਵਿਦਰੋਹੀ ਸੁਭਾਅ ਕਾਰਨ ਤਕਰੀਬਨ ਪੰਜ ਸਾਲ ਇਕਾਂਤ ਵਿਚ ਵੀ ਬਿਤਾਏ ਸਨ ਅਤੇ 11 ਜੁਲਾਈ 1990 ਨੂੰ ਕਿਸ਼ੋਰੀ ਲਾਲ ਦੀ ਮੌਤ ਹੋ ਗਈ ਸੀ। ਅਜਿਹੀ ਮਹਾਨ ਇੰਕਲਾਬੀ ਸ਼ਖਸ਼ੀਅਤ ਪੰਡਿਤ ਕਿਸ਼ੋਰੀ ਲਾਲ ਨੇ ਹੀ ਬਰਨਾਲਾ ਸ਼ਹਿਰ ਦੇ ਐਨ ਵਿਚਕਾਰ ਸਦਰ ਬਜਾਰ ਅੰਦਰ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ ਸੀ। ਜਿਹੜਾ ਨਵੀਨੀਕਰਨ ਅਤੇ ਘੋਰ ਲਾਪਰਵਾਹੀ ਦੀ ਭੇਂਟ ਚੜ੍ਹ ਗਿਆ।