ਸਿਹਤ ਵਿਭਾਗ & ਪੁਲਿਸ ਦੀ ਸਾਂਝੀ ਕਾਰਵਾਈ- ਮੁੰਡਾ-ਕੁੜੀ ਦੱਸਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼
ਹਰਿੰਦਰ ਨਿੱਕਾ , ਸੰਗਰੂਰ 20 ਜੁਲਾਈ 2023
ਸਿਹਤ ਵਿਭਾਗ ਅਤੇ ਮਹਿਕਮਾ ਪੁਲਿਸ ਨੇ ਸਾਂਝੀ ਤੇ ਵੱਡੀ ਕਾਰਵਾਈ ਕਰਦਿਆਂ ਲਿੰਗ ਜਾਂਚ ਤੋਂ ਬਾਅਦ ਭਰੂਣ ਹੱਤਿਆ ਕਰਨ ਦਾ ਗੈਰਕਾਨੂੰਨੀ ਧੰਦਾ ਚਲਾ ਰਹੇ, ਇੱਕ ਵੱਡੇ ਗਿਰੋਹ ਨੂੰ ਬੇਨਕਾਬ ਕੀਤਾ ਹੈ। ਛਾਪਾਮਾਰੀ ਟੀਮ ਨੇ ਗਿਰੋਹ ਦੀ ਸਰਗਣਾ ਡਾਕਟਰ ਅਤੇ ਲਿੰਗ ਜਾਂਚ ਕਰਨ ਵਾਲੇ ਲੈਬ ਟੈਕਨੀਸ਼ੀਅਨ ਤੋਂ ਇਲਾਵਾ 2 ਔਰਤ ਮਰੀਜਾਂ ਦੇ ਨਾਲ ਆਏ ਪਰਿਵਾਰਿਕ ਮੈਂਬਰਾਂ ਅਤੇ ਇੱਕ ਡਰਾਈਵਰ ਨੂੰ ਗਿਰਫਤਾਰ ਕੀਰ ਲਿਆ ਹੈ। ਦੋਸ਼ੀਆਂ ਦੇ ਕਬਜੇ ਵਿੱਚੋਂ ਲਿੰਗ ਜਾਂਚ ਅਤੇ ਭਰੂਣ ਹੱਤਿਆ ਲਈ ਇਸਤੇਮਾਲ ਕੀਤਾ ਜਾ ਰਿਹਾ,ਸਾਜੋ-ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਖਿਲਾਫ ਸੁਨਾਮ ਊਧਮ ਸਿੰਘ ਵਾਲਾ ਥਾਣਾ ਸਿਟੀ ਵਿਖੇ ਕੇਸ ਦਰਜ਼ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟੀਮ ਦੀ ਅਗਵਾਈ ਕਰ ਰਹੇ ਬਰਨਾਲਾ ਦੇ ਸਿਵਲ ਸਰਜ਼ਨ ਡਾ ਜਸਬੀਰ ਸਿੰਘ ਔਲ਼ਖ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਨੂੰ ਖੁਫੀਆ ਅਤੇ ਪੱਕੀ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਜਿਸ ਕੋਲ ਕੋਈ ਮੈਡੀਕਲ ਡਿਗਰੀ ਨਹੀਂ ਹੈ , ਉਹ ਬਹੁਤ ਲੰਮੇ ਸਮੇਂ ਤੋਂ ਮਹਿਜ ਤੁੱਕੇ ਨਾਲ ਹੀ ਲਿੰਗ ਜਾਂਚ ਕਰਕੇ,ਮੁੰਡਾ ਕੁੜੀ ਹੋਣ ਬਾਰੇ ਦੱਸਣ ਸਬੰਧੀ ਟੈਸਟ ਕਰਦਾ ਹੈ । ਇਸ ਦੋਸ਼ੀ ਵਿਅਕਤੀ ਦੀ ਆਲੇ ਦੁਆਲੇ ਦੇ ਸੂਬਿਆਂ ਵਿੱਚ ਵੀ ਭਾਲ ਕੀਤੀ ਜਾ ਰਹੀ ਸੀ । ਉਨਾਂ ਦੱਸਿਆ ਕਿ ਮਾਣਯੋਗ ਡਾ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਅਫਸਰ ਪੰਜਾਬ ਜੀ ਦੇ ਹੁਕਮਾਂ ਤੇ , ਖੁਫੀਆ ਜਾਣਕਾਰੀ ‘ਤੇ ਤੁਰੰਤ ਐਕਸ਼ਨ ਲੈਂਦਿਆਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ ਰਵਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੂਨਮਦੀਪ ਕੌਰ ਡਿਪਟੀ ਮੈਡਿਕਲ ਕਮਿਸ਼ਨਰ ਬਰਨਾਲਾ, ਡਾ ਪਰਵਿੰਦਰਪਾਲ ਕੌਰ ਸਿਵਲ ਸਰਜਨ ਸੰਗਰੂਰ ਅਤੇ ਪੁਲ਼ਿਸ਼ ਪਾਰਟੀ ਦੇ ਵਿਸ਼ੇਸ਼ ਸਹਿਯੋਗ ਸਦਕਾ 5/7 ਵੱਖ ਵੱਖ ਟੀਮਾਂ ਨੇ ਚੁਫੇਰੇ ਜਾਲ ਵਿਛਾ ਕੇ ਜੁਆਇੰਟ ਰੇਡ ਕੀਤੀ ਗਈ । ਆਖਿਰ ਦੋਸ਼ੀ ਦਾ ਪਿੱਛਾ ਕਰ ਰਹੀ ਟੀਮ ਨੇ ਆਈਟੀਆਈ ਸੁਨਾਮ ਨੇੜੇ ਊਧਮ ਸਿੰਘ ਚੌਂਕ ਦੇ ਨੇੜੇ ਸਥਿਤ ਰਾਧਾ ਕਲੀਨਕ ਨੁਮਾ ਘਰ ਵਿੱਚੋਂ ਦੋਸ਼ੀਆਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ ।
ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਤੜਕੇ ਕਰੀਬ ਚਾਰ ਵਜੇ ਤੋਂ ਇਸ ਵੱਡੇ ਐਕਸ਼ਨ ਲਈ ਜੁਟ ਗਈਆਂ ਸਨ। ਟੀਮ ਵੱਲੋਂ ਇੱਕ ਨਕਲੀ ਗਰਭਵਤੀ ਮਰੀਜ਼ ਨੂੰ ਟੈਸਟ ਕਰਵਾਉਣ ਲਈ ਜਾਹਿਰ ਕਰਦਾ ਡਾਕਟਰ ਬੰਦੇ ਕੋਲ ਭੇਜਿਆ ਗਿਆ । ਇਸ ਤੋਂ ਪਹਿਲਾਂ ਇਸ ਦੋਸ਼ੀ ਵਿਅਕਤੀ ਨੇ ਟੈਸਟ ਕਰਨ ਬਦਲੇ ਪੈਂਤੀ ਹਜ਼ਾਰ ਰੁਪਏ ਨਗਦ ਵੀ ਲੈ ਲਏ ਸਨ ਅਤੇ ਮਰੀਜ ਨੂੰ ਸੁਨਾਮ ਵਿਖੇ ਇੱਕ ਔਰਤ ਦੇ ਘਰ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਜਦੋਂ ਹੀ ਵਿਅਕਤੀ ਵੱਲੋਂ ਘਰ ਵਿੱਚ ਟੈਸਟ ਕਰਨਾ ਸ਼ੁਰੂ ਕੀਤਾ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੋਂ ਹੀ ਪਹੁੰਚਕੇ ਵਿਅਕਤੀ ਨੂੰ ਦਬੋਚ ਲਿਆ ।
ਇਸ ਮੌਕੇ ਸਿਹਤ ਵਿਭਾਗ ਅਤੇ ਪੁਲਿਸ ਟੀਮ ਵੱਲੋਂ ਗਿਰੋਹ ਦੀ ਸਰਗਨਾ BAMS ਡਾਕਟਰ ਨੀਰਜਾ ਭਾਰਤੀ ਅਤੇ ਲੈਬੌਰਟਰੀ ਟੈਕਨੀਸ਼ੀਅਨ ਜਾਹਿਰ ਕਰਦਾ ਡਾਕਟਰ ਮਲਕੀਤ ਸਿੰਘ ਧੌਲਾ, ਹਾਲ ਵਾਸੀ ਅਹਿਮਦਗੜ ਮੰਡੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ਗੈਰਕਾਨੰਨੀ ਢੰਗ ਨਾਲ ਆਪਣੇ ਘਰ ਵਿੱਚ ਭਰੂਣ ਲੜਕੀਆਂ ਦਾ ਗਰਭਪਾਤ ਕਰਦੀ ਸੀ । ਉ੍ਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੀ.ਸੀ. ਪੀ.ਐਨ.ਡੀ.ਟੀ. ਐਕਟ ਤਹਿਤ ਥਾਣਾ ਸਿਟੀ ਸੁਨਾਮ ਵਿਖੇ ਮੁਕੱਦਮਾਂ ਦਰਜ ਕਰਵਾਇਆ ਗਿਆ ਹੈ । ਡਾਕਟਰ ਔਲਖ ਨੇ ਦੱਸਿਆ ਕਿ ਦੋਸ਼ੀ ਮਲਕੀਤ ਸਿੰਘ ਧੌਲਾ ਦੇ ਖਿਲਾਫ ਹਰਿਆਣਾ ਰਾਜ ਵਿੱਚ ਵੀ ਕਈ ਮੁਕੱਦਮੇ ਪਹਿਲਾਂ ਵੀ ਦਰਜ਼ ਹਨ। ਉਨਾਂ ਦੱਸਿਆ ਕਿ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ ਕਿ ਇਹ ਗਿਰੋਹ, ਲਿੰਗ ਜਾਂਚ ਤੋਂ ਬਾਅਦ ਭਰੂਣ ਲੜਕੀਆਂ ਦਾ ਗਰਭਪਾਤ ਵੀ ਕਰਦਾ ਸੀ। ਉਨਾਂ ਕਿਹਾ ਕਿ ਦੋਸ਼ੀਆਂ ਤੋਂ ਹਾਸਿਲ ਜਾਣਕਾਰੀ ਅਨੁਸਾਰ ਗਿਰੋਹ ਦੇ ਤਾਰ ਹਰਿਆਣਾ ਤੇ ਹੋਰ ਸੂਬਿਆਂ ਵਿੱਚ ਵੀ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੌਕਾ ਪਰ, ਲਿੰਗ ਜਾਂਚ ਲਈ ਪਹੁੰਚੀਆਂ ਦੋ ਹੋਰ ਔਰਤਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇੱਕ ਡਰਾਈਵਰ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ। ਪਤਾ ਇਹ ਵੀ ਲੱਗਿਆ ਹੈ ਕਿ ਮਲਕੀਤ ਸਿੰਘ ਧੌਲਾ, ਲੁਧਿਆਣਾ ਦੇ ਇੱਕ ਵੱਡੇ ਨਿੱਜੀ ਹਸਪਤਾਲ ਵਿਖੇ,ਇੱਕ ਅਲਟਰਾਸਾਉਂਡ ਵਾਲੇ ਡਾਕਟਰ ਦੇ ਸਹਾਇਕ ਵਜੋਂ ਕੰਮ ਕਰਦਾ ਰਿਹਾ ਹੈ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਡਾ ਪ੍ਰਵੇਸ਼ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ ਬਰਨਾਲਾ , ਡਾ ਗੁਰਮਿੰਦਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ, ਡਾ ਆਂਚਲ ਕਸ਼ਿਅਪ ਔਰਤ ਰੋਗਾਂ ਦੇ ਮਾਹਿਰ , ਡਾ ਸ਼ਿਖਾ ਰੇਡਿਓਲੋਜਿਸਟ ਸਿਵਲ ਹਸਪਤਾਲ ਬਰਨਾਲਾ , ਗੁਰਜੀਤ ਸਿੰਘ ਪੀ.ਐਨ.ਡੀ.ਟੀ. ਕੋਆਰਡੀਨੇਟਰ , ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ , ਡਾ ਇੰਦਰਜੀਤ ਸਿੰਗਲਾ ਜਿਲਾ ਪਰਿਵਾਰ ਭਲਾਈ ਅਫਸਰ ਸੰਗਰੂਰ , ਡਾ ਅਮਨਪ੍ਰੀਤ ਕੌਰ ਸਿਵਲ ਹਸਪਤਾਲ ਸੰਗਰੂਰ , ਹਰਪ੍ਰੀਤ ਸਿੰਘ ਪੀ.ਐਨ.ਡੀ.ਟੀ. ਕੋਆਰਡੀਨੇਟਰ ਹੋਰ ਸਿਹਤ ਮੁਲਾਜ਼ਮ ਅਤੇ ਪੁਲਿਸ ਪਾਰਟੀ ਮੌਜੂਦ ਸੀ ।