CMO ਔਲਖ ਨੇ ਬਦਲਿਆ ਭੇਸ ‘ਤੇ ਕਸਤੀ ਹਸਪਤਾਲ ‘ਚ ਪਾਰਕਿੰਗ ਵਾਲਿਆਂ ਦੀ ਚੂੜੀ

Advertisement
Spread information
ਰਘਵੀਰ ਹੈਪੀ , ਬਰਨਾਲਾ, 16 ਜੂਨ 2023
      ਸਿਵਲ ਹਸਪਤਾਲ ਬਰਨਾਲਾ ਦੀ ਪਾਰਕਿੰਗ ਵਾਲਿਆਂ ਦੁਆਰਾ ਤੈਅ ਰੇਟਾਂ ਤੋਂ ਜਿਆਦਾ ਪਾਰਕਿੰਗ ਫੀਸ ਵਸੂਲਣ ਦੀਆਂ ਸ਼ਕਾਇਤਾਂ ਮਿਲਣ ਤੋਂ ਬਾਅਦ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਭੇਸ ਬਦਲ ਕੇ ਹਸਪਤਾਲ ਵਿੱਚ ਪਹੁੰਚ ਗਿਆ। ਪਾਰਕਿੰਗ ਵਸੂਲੀ ਤੇ ਲੱਗੇ ਠੇਕੇਦਾਰ ਦੇ ਕਾਰਿੰਦੇ, ਉਨਾਂ ਨੂੰ ਪਛਾਣ ਨਹੀਂ ਸਕੇ, ਤੇ ਕਾਰਿੰਦਿਆਂ ਨੇ ਆਮ ਲੋਕਾਂ ਵਾਂਗ ਸੀਐਮੳ ਦੇ ਵੀ ਹੱਥ ‘ਚ ਪਾਰਕਿੰਗ ਫੀਸ ਦੀ 30 ਰੁਪਏ ਦੀ ਪਰਚੀ ਕੱਟ ਕੇ ਫੜਾ ਦਿੱਤੀ। ਇਹ ਪਰਚੀ ਫੜਨ ਤੋਂ ਬਾਅਦ ਸਮੇਤ ਪਰਚੀ, ਉਨਾਂ ਠੇਕੇਦਾਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ, ਆਪਣੀ ਰਿਪੋਰਟ ਐਸ.ਐਮ.ੳ. ਨੂੰ ਭੇਜ ਦਿੱਤੀ।
    ਅਚਣਚੇਤ ਚੈਕਿੰਗ ਬਾਰੇ ਗੱਲਬਾਤ ਕਰਦਿਆਂ ਸਿਵਲ ਸਰਜਨ ਡਾਕਟਰ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਸਿਹਤ ਸਹੂਲਤਾਂ ਦਾ ਸਮੇਂ ਸਮੇਂ ਸਿਰ ਨਿਰੀਖਣ ਕੀਤਾ ਜਾਂਦਾ ਰਹਿੰਦਾ ਹੈ । ਡਾਕਟਰ ਔਲ਼ਖ ਨੇ ਕਿਹਾ ਕਿ ਉਨਾਂ ਕੋਲ ਕਾਫੀ ਸ਼ਕਾਇਤਾਂ ਮਿਲ ਰਹੀਆਂ ਸਨ ਕਿ ਪਾਰਕਿੰਗ ਠੇਕੇਦਾਰ ਨਿਸਚਿਤ ਰੇਟ ਤੋਂ ਜਿਆਦਾ ਪਾਰਕਿੰਗ ਫੀਸ ਲੈ ਕੇ, ਲੋਕਾਂ ਦੀ ਲੁੱਟ ਕਰ ਰਿਹਾ ਹੈ। ਇਸੇ ਲਈ, ਉਹ ਲੰਘੀ ਦੇਰ ਸ਼ਾਮ ਦੇ ਭੇਸ ਬਦਲਕੇ ਸਿਵਲ ਹਸਪਤਾਲ ਬਰਨਾਲਾ ਵਿੱਚ ਪਹੁੰਚਿਆ ਤੇ ਮਰੀਜ਼ਾਂ ਦੀ ਸਹੂਲਤ ਲਈ ਬਣੀ ਪਾਰਕਿੰਗ ਦੀ ਸੁਵਿਧਾ ਦੀ ਅਚਨਚੇਤ ਚੈਕਿੰਗ ਕੀਤੀ ਗਈ ।                                                ਡਾਕਟਰ ਔਲ਼ਖ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਿਵਲ ਹਸਪਤਾਲ ਬਰਨਾਲਾ ਦੇ ਪਾਰਕਿੰਗ ਸਟਾਫ ਵੱਲੋਂ  ਗਲਤ ਢੰਗ ਨਾਲ 20 ਰੁਪਏ ਦੀ ਥਾਂ 30 ਰੁਪਏ ਦੀ ਪਰਚੀ ਕੱਟੀ ਗਈ । ਡਾਕਟਰ ਔਲਖ ਨੇ ਦੱਸਿਆ ਕਿ ਪਾਰਕਿੰਗ ਪਰਚੀ ਦਾ ਇੱਕ ਵਾਰ ਆਉਣ ਜਾਣ ਲਈ, 20 ਰੁਪਏ ਰੇਟ ਨਿਸਚਿਤ ਕੀਤਾ ਹੋਇਆ ਹੈ, ਜਦੋਂਕਿ 30 ਰੁਪਏ ਦੀ ਪਰਚੀ ਨਾਲ ਕੋਈ ਵਿਅਕਤੀ 24 ਘੰਟਿਆਂ ਵਿੱਚ ਜਿੰਨ੍ਹੇ ਮਰਜੀ ਚੱਕਰ ਲਗਾ ਸਕਦਾ ਹੈ। ਉਨਾਂ ਦੱਸਿਆ ਕਿ ਪਾਰਕਿੰਗ ਠੇਕੇਦਾਰ, ਕੋਲ 20 ਰੁਪਏ ਵਾਲੀ ਪਰਚੀ ਹੀ ਨਹੀਂ ਹੈ, ਉਹ ਹਰ ਕਿਸੇ ਦੀ 30 ਰੁਪਏ ਦੀ ਪਰਚੀ ਹੀ ਕੱਟ ਰਿਹਾ ਹੈ।
    ਇਸ ਸਬੰਧੀ ਡਾਕਟਰ ਔਲਖ ਨੇ ਪਾਰਕਿੰਗ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਕਰਨ ਲਈ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਤਾਂ ਜੋ ਸਿਵਲ ਹਸਪਤਾਲ ਆਉਣ ਵਾਲੇ ਆਮ ਮਰੀਜ਼ਾਂ ਦੇ ਵਾਹਨਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਇਆ ਜਾਵੇ । ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਲੋਕਾਂ ਦੀ ਕਿਸੇ ਵੀ ਸਿਹਤ ਸਹੂਲਤ ਵਿੱਚ ਜਾਣ ਬੁੱਝਕੇ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ  ।

Advertisement
Advertisement
Advertisement
Advertisement
Advertisement
error: Content is protected !!