ਹਰਿੰਦਰ ਨਿੱਕਾ , ਬਰਨਾਲਾ, 16 ਜੂਨ 2023
ਨਗਰ ਕੌਂਸਲ ਦਫਤਰ ਦੇ ਜੇ.ਈ. ਸਲੀਮ ਮੁਹੰਮਦ ਅਤੇ ਕੁੱਝ ਹੋਰ ਕਰਮਚਾਰੀਆਂ ਨਾਲ ਲੰਘੇ ਦਿਨੀਂ ਹੋਏ ਝਗੜੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਅਤੇ ਕੌਂਸਲ ਦੇ ਕਰਮਚਾਰੀ ਆਹਮੋ-ਸਾਹਮਣੇ ਹੋ ਗਏ ਹਨ। ਉੱਥੇ ਹੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਦੋਚਿੱਤੀ ਵਿੱਚ ਫਸਿਆ ਨਜ਼ਰ ਆ ਰਿਹਾ ਹੈ। ਦੋਵੇਂ ਧਿਰਾਂ ਹੀ ਪੁਲਿਸ ਪ੍ਰਸ਼ਾਸ਼ਨ ਤੋਂ ਇੱਕ ਦੂਸਰੇ ਨੂੰ ਦੋਸ਼ੀ ਠਹਿਰਾ ਕੇ ਕਾਨੂੰਨੀ ਕਾਰਵਾਈ ਲਈ ਜੋਰ ਪਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦਾ ਵਫਦ ਐਸ.ਐਸ.ਪੀ. ਸੰਦੀਪ ਮਲਿਕ ਨੂੰ ਮਿਲ ਚੁੱਕਿਆ ਹੈ। ਹੁਣ ਨਗਰ ਕੌਂਸਲ ਕਰਮਚਾਰੀ ਵੀ ਇੱਕਜੁੱਟ ਹੋ ਕੇ ਨਾਮਜ਼ਦ ਦੋਸ਼ੀ ਖਿਲਾਫ ਕਾਰਵਾਈ ਕਰਵਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਜੇ.ਈ. ਸਲੀਮ ਮੁਹੰਮਦ ਅਨੁਸਾਰ ਕੌਂਸਲ ਦੇ ਦਫ਼ਤਰ ਵਿਚ ਭੰਨਤੋੜ ਕਰਨ, ਡਿਊਟੀ ਤੇ ਤਾਇਨਾਤ ਕਰਮਚਾਰੀਆਂ ਨਾਲ ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਨ ਵਾਲੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਮੂਹ ਨਗਰ ਕੌਂਸਲ ਦੇ ਕਰਮਚਾਰੀ ਇੱਕ ਮੰਚ ’ਤੇ ਆ ਗਏ ਹਨ। ਇਸ ਘਟਨਾ ਕਾਰਨ ਨਗਰ ਕੌਂਸਲ ਦੇ ਕਰਮਚਾਰੀਆਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧ ਦੇ ਵਿਚ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਸਮੂਹਿਕ ਤੌਰ ’ਤੇ ਇੱਕ ਲਿਖਤੀ ਸਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ ਹੈ।
ਨਗਰ ਕੌਂਸਲ ਦੇ ਜੇ.ਈ. ਸਲੀਮ ਮੁਹੰਮਦ ਨੇ ਕਿਹਾ ਕਿ 14 ਜੂਨ ਦੀ ਦੁਪਹਿਰ 1:35 ਮਿੰਟ ’ਤੇ ਨਗਰ ਕੌਂਸਲ ਦੀ ਬਿਲਡਿੰਗ ਸਾਖ਼ਾ ਵਿਚ ਇੱਕ ਕਾਲੋਨੀ ਦੇ ਮਾਮਲੇ ਸਬੰਧੀ ਜਾਣਕਾਰੀ ਲੈਣ ਲਈ ਇੱਕ ਵਿਅਕਤੀ ਆਇਆ ਸੀ । ਡਿਊਟੀ ’ਤੇ ਮੌਜੂਦ ਕਰਮਚਾਰੀਆਂ ਨੇ ਉਸ ਨੂੰ ਕਲੋਨੀ ਨਾਲ ਸਬੰਧਤ ਜਾਣਕਾਰੀ ਦੇ ਵੀ ਦਿੱਤੀ। ਇਸ ਦੇ ਬਾਵਜੂਦ ਵੀ ਉਸ ਨੇ ਕਰਮਚਾਰੀਆਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਧੱਕਾ ਮੁੱਕੀ ’ਤੇ ਉਤਰ ਆਇਆ। ਉਸ ਨੂੰ ਰੋਕਣ ਦੇ ਬਾਵਜੂਦ ਵੀ ਉਸ ਨੇ ਦਫ਼ਤਰੀ ਸਮਾਨ ਦੀ ਭੰਨਤੋੜ ਕੀਤੀ ਅਤੇ ਜਾਨੀ ਨੁਕਸਾਨ ਪਹੁੰਚਾਉਣ ਅਤੇ ਝੂਠੇ ਮਾਮਲਿਆਂ ਵਿਚ ਫਸਾਉਣ ਦੀਆਂ ਵੀ ਧਮਕੀਆਂ ਦਿੱਤੀਆਂ। ਸਲੀਮ ਮੁਹੰਮਦ ਨੇ ਇਹ ਵੀ ਦੋਸ਼ ਲਾਇਆ ਕਿ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਨੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ । ਬਾਅਦ ਵਿਚ ਪਤਾ ਲੱਗਿਆ ਕਿ ਉਕਤ ਵਿਅਕਤੀ ਦਾ ਨਾਮ ਅਰੁਣ ਕੁਮਾਰ ਉਰਫ਼ ਵਾਹਿਗੁਰੂ ਸਿੰਘ ਸੀ, ਜੋ ਕਿ ਬਾਅਦ ਵਿਚ ਹਸਪਤਾਲ ਵਿਚ ਵੀ ਦਾਖਲ ਹੋ ਗਿਆ। ਉਨ੍ਹਾਂ ਨੇ ਕਥਿੱਤ ਤੌਰ ’ਤੇ ਇਹ ਵੀ ਦੋਸ਼ ਲਗਾਇਆ ਕਿ ਸਾਨੂੰ ਭਰੋਸੇਯੋਗ ਵਿਅਕਤੀਆਂ ਨੇ ਦਸਿਆ ਕਿ ਜੋ ਉਸ ਵਲੋਂ ਸੱਟਾਂ ਦੇ ਨਿਸ਼ਾਨ ਦਿਖਾਏ ਜਾ ਰਹੇ ਹਨ। ਉਹ ਉਸਨੇ ਰੱਸੇ ਨਾਲ ਖੁਦ ਹੀ ਬਣਾਏ ਹਨ। ਸਾਡੇ ਵਲੋਂ ਉਸਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ।
ਸਲੀਮ ਮੁਹੰਮਦ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀ ਵਿਅਕਤੀ ਖਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਦਫ਼ਤਰ ਵਿਚ ਆ ਕੇ ਭੰਨਤੋੜ ਕਰਨ ਦੀ ਹਿੰਮਤ ਨਾ ਕਰ ਸਕੇ। ਉਨਾਂ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸਾਨੂੰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸਮੂਹ ਨਗਰ ਕੌਂਸਲ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਿਕਰਯੋਗ ਹੈ ਕਿ ਲੰਘੀ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਅਰੁਣ ਕਮੁਾਰ ਵਾਹਿਗੁਰੂ ਸਿੰਘ ਤੇ ਹਮਲਾ ਕਰਨ ਵਾਲਿਆਂ ਅਤੇ ਸਾਜਿਸ ਰਚਣ ਵਾਲੇ ਖਿਲਾਫ ਕੇਸ ਦਰਜ਼ ਨਹੀਂ ਕੀਤਾ ਤਾਂ ਯੂਨੀਅਨ ਗੁੰਡਾਗਰਦੀ ਦੇ ਖਿਲਾਫ 20 ਜੂਨ ਨੂੰ ਸੜਕਾਂ ਤੇ ਉੱਤਰ ਕੇ ਵਿਸ਼ਾਲ ਰੋਸ ਮੁਜਾਹਰਾ ਕਰੇਗੀ।