BKU ਏਕਤਾ ਡਕੌਂਦਾ ਦੇ ਕਾਰਕੁੰਨ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ SSP ਨੂੰ ਮਿਲਿਆ ਵਫ਼ਦ
ਬਰਨਾਲਾ ‘ਚ ਗੁੰਡਾਗਰਦੀ ਖ਼ਿਲਾਫ਼ ਵਿਸ਼ਾਲ ਮੁਜ਼ਾਹਰੇ ਦਾ ਐਲਾਨ
ਹਰਿੰਦਰ ਨਿੱਕਾ , ਬਰਨਾਲਾ 15 ਜੂਨ 2023
ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਬਰਨਾਲਾ ਦੀ ਨਗਰ ਕੌਂਸਲ ਦਫਤਰ ਵਿੱਚ ਲੰਘੀ ਕੱਲ੍ਹ ਹੋਈ ਕੁੱਟਮਾਰ ਤੋਂ ਦੂਜੇ ਦਿਨ ਵੀ ਕੋਈ ਪੁਲਿਸ ਕੇਸ ਦਰਜ਼ ਨਾ ਕਰਨ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ। ਯੂਨੀਅਨ ਦਾ ਇੱਕ ਵਫਦ ਅੱਜ ਐਸਐਸਪੀ ਸ੍ਰੀ ਸੰਦੀਪ ਮਲਿਕ ਨੂੰ ਮਿਲਿਆ। ਵਫਦ ਦੇ ਆਗੂਆਂ ਨੇ ਮੀਡੀਆ ਨੂੰ ਜ਼ਾਰੀ ਬਿਆਨ ਵਿੱਚ ਐਲਾਨ ਕੀਤਾ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਲਦ ਅਮਲ ਵਿੱਚ ਨਾ ਲਿਆਂਦੀ ਤਾਂ 20 ਜੂਨ ਨੂੰ ਸ਼ਹਿਰ ਅੰਦਰ ਗੁੰਡਾਗਰਦੀ ਦੇ ਖਿਲਾਫ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾਵੇਗਾ। ਐਸਐਸਪੀ ਨੂੰ ਮਿਲਣ ਦਾ ਫੈਸਲਾ ਅੱਜ ਬੀਬੀ ਪ੍ਰਧਾਨ ਕੌਰ ਦੇ ਗੁਰਦਵਾਰਾ ਸਾਹਿਬ ਬਰਨਾਲਾ ਵਿਖੇ ਯੂਨੀਅਨ ਆਗੂ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਹੇਠ ਹੋਈ ਹੰਗਾਮੀ ਤੌਰ ਤੇ ਸੱਦੀ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ । ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਯੂਨੀਅਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ ਨੇ ਐਸ ਐਸ ਪੀ ਬਰਨਾਲਾ ਨੂੰ ਵੱਡੇ ਵਫ਼ਦ ਦੇ ਰੂਪ ਵਿੱਚ ਮਿਲਣ ਤੋਂ ਉਪਰੰਤ ਦੱਸਿਆ ਕਿ ਅਰੁਣ ਕੁਮਾਰ ਵਾਹਿਗਰੂ ਸਿੰਘ ਜਥੇਬੰਦੀ ਦਾ ਸਰਗਰਮ ਕਾਰਕੁੰਨ ਹੋਣ ਦੇ ਨਾਲ-ਨਾਲ ਇੱਕ ਗੁਰਸਿੱਖ ਵਿਅਕਤੀ ਵੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਕੁੱਝ ਆਗੂਆਂ ਦੁਆਰਾ ਘਟਨਾ ਦੇ ਤੱਥ ਖੋਜਣ ਲਈ ਤਿਆਰ ਕਮੇਟੀ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ 14 ਜੂਨ 2023 ਨੂੰ ਬਾਅਦ ਦੁਪਿਹਰ ਕਰੀਬ 1 ਵਜੇ ਅਰੁਣ ਕੁਮਾਰ ਵਾਹਿਗੁਰੂ ਸਿੰਘ, ਨਗਰ ਕੌਂਸਲ ਬਰਨਾਲਾ ਵਿਖੇ ਸ਼ਹਿਰ ਦੀ ਇੱਕ ਨਾਮੀ ਕਲੋਨੀ ਅੰਦਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਰੀ ਬੇਨਿਯਮਿਆਂ ਖ਼ਿਲਾਫ਼ ਮਿਤੀ 30-08-2022 ਨੂੰ ਦਿੱਤੀ ਦਰਖ਼ਾਸਤ ਦੇ ਸਬੰਧ ਵਿੱਚ ਨਗਰ ਕੌਂਸਲ ਦਫ਼ਤਰ ਗਿਆ ਸੀ। ਨਗਰ ਕੌਂਸਲ ਦੇ ਜੇ.ਈ.ਸਲੀਮ ਮੁਹੰਮਦ, ਪ੍ਰਿੰਸ ਸਿੰਘ ਅਤੇ ਕੁੱਝ ਹੋਰ ਕਰਮਚਾਰੀਆਂ ਨੇ ਕਲੋਨਾਈਜਰ ਦੀ ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਸਾਡੇ ਕਿਸਾਨ ਕਾਰਕੁੰਨ ਨੂੰ ਕਮਰੇ ਵਿੱਚ ਬੰਦ ਕਰ ਲਿਆ । ਕਮਰੇ ਅੰਦਰ ਬੰਦ ਕਰਕੇ ਜੇ.ਈ. ਸਲੀਮ ਮੁਹੰਮਦ,ਪ੍ਰਿੰਸ ਸਿੰਘ ਅਤੇ ਮੌਜੂਦ ਹੋਰ ਕਰਮਚਾਰੀਆਂ ਨੇ ਬੇਰਹਿਮੀ ਨਾਲ ਵਹਿਗੁਰੂ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜੇ.ਈ. ਸਲੀਮ ਮੁਹੰਮਦ ਨੇ ਇਹ ਕਹਿ ਕੇ ਉਸ ਦੀ ਦਾੜੀ ਨੂੰ ਹੱਥ ਪਾ ਲਿਆ ਕਿ ਅਸੀਂ ਤੇਰੀ ਸਿੱਖੀ ਕੱਢ ਕੇ ਦਿਖਾਉਂਦੇ ਹਾਂ। ਪ੍ਰਿੰਸ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਉਸ ਦੀ ਪੱਗ ਵੀ ਲਾਹ ਦਿੱਤੀ। ਸਾਰੇ ਦੋਸ਼ੀ ਸਾਡੇ ਕਿਸਾਨ ਕਾਰਕੁੰਨ ਦੀ ਕੁੱਟਮਾਰ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਹੁਣ ਤੂੰ ਬੁਲਾ ਜੀਹਨੂੰ ਮਰਜੀ , ਅਸੀਂ ਦੇਖਦੇ ਹਾਂ ਕਿਹੜਾ ਤੇਰਾ ਵਾਹਿਗੁਰੂ ਤੇਰੀ ਮਦਦ ਤੇ ਆ ਕੇ ਤੈਨੂੰ ਬਚਾਉਂਦਾ ਹੈ।
ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਦੇ ਹੋਏ ਕਰਮਚਾਰੀ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇਸ ਨੂੰ ਪੱਖੇ ਨਾਲ ਲਟਕਾ ਕੇ ਮਾਰ ਦਿਓ। ਸਲੀਮ ਮੁਹੰਮਦ ਨੇ ਆਪਣੇ ਸਾਥੀਆਂ ਨੂੰ ਕਹਿ ਕੇ ਇੱਕ ਰੱਸਾ ਵੀ ਮੰਗਵਾ ਲਿਆ ਅਤੇ ਕਹਿਣ ਲੱਗੇ ਕਿ ਅੱਜ ਇਸ ਨੂੰ ਕਲੋਨਾਈਜ਼ਰ ਅਤੇ ਨਗਰ ਕੌਂਸਲ ਕਰਮਚਾਰੀਆਂ ਦੇ ਵਿਰੁੱਧ ਸ਼ਕਾਇਤਾਂ ਕਰਨ ਦਾ ਮਜ਼ਾ ਚਖਾਉਂਦੇ ਹਾਂ। ਇਸ ਘਟਨਾ ਦਾ ਪਤਾ ਲੱਗਣ ਤੇ ਬੀ.ਕੇ.ਯੂ.(ਏਕਤਾ)ਡਕੌਂਦਾ ਦਾ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਵੀ ਨਗਰ ਕੌਂਸਲ ਦਫ਼ਤਰ ਵਿੱਚ ਪਹੁੰਚ ਗਿਆ ਸੀ, ਉਨ੍ਹਾਂ ਨੇ ਹੀ ਵਾਹਿਗੁਰੂ ਸਿੰਘ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਤੋਂ ਛੁਡਾ ਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ।
ਆਗੂਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਜੇ.ਈ. ਸਲੀਮ ਮੁਹੰਮਦ ਨੇ ਵਾਹਿਗੁਰੂ ਸਿੰਘ ਦੀ ਕੁੱਟਮਾਰ ਦੀ ਪੂਰੀ ਜਾਣਕਾਰੀ ਫੋਨ ਕਰਕੇ ਸਬੰਧਿਤ ਕਲੋਨੀ ਦੇ ਮਾਲਕ ਨੂੰ ਵੀ ਦਿੱਤੀ ਗਈ । ਇੱਥੇ ਹੀ ਬੱਸ ਨਹੀਂ, ਵਾਹਿਗੁਰੂ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕੁੱਟਮਾਰ ਦੀ ਘਟਨਾ ਨੂੰ ਛੁਪਾਉਣ ਲਈ ਦੋਸ਼ੀਆਂ ਨੇ ਸੀ ਸੀ ਟੀ ਵੀ ਕੈਮਰੇ ਪਹਿਲਾਂ ਤੋਂ ਰਚੀ ਸਾਜਿਸ਼ ਤਹਿਤ ਬੰਦ ਕਰ ਦਿੱਤੇ ਸਨ । ਸਲੀਮ ਮੁਹੰਮਦ ਅਤੇ ਪ੍ਰਿੰਸ ਸਿੰਘ ਨੇ ਵਾਹਿਗਰੂ ਸਿੰਘ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਉਹ ਜਾਤੀਸੂਚਕ ਸ਼ਬਦਾਂ ਦਾ ਝੂਠਾ ਪਰਚਾ ਦਰਜ ਕਰਵਾਕੇ ਉਸ ਨੂੰ ਝੂਠੇ ਕੇਸ ਵਿੱਚ ਫਸਾ ਦੇਣਗੇ। ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਕਿਸੇ ਪਰਚੇ ਤੋਂ ਬਚਾਅ ਕਰਨ ਲਈ ਪ੍ਰਿੰਸ ਸਿੰਘ ਨੂੰ ਉਸ ਦੇ ਸਾਥੀਆਂ ਵੱਲੋਂ ਖੁਦ ਹੀ ਕੋਈ ਤਿੱਖੀ ਚੀਜ ਨਾਲ ਸੱਟ ਮਾਰ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ । ਜਿਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਂਦੀ ਹੈ। ਯੂਨੀਅਨ ਆਗੂ ਰਾਮ ਸਿੰਘ ਸ਼ਹਿਣਾ, ਕੁਲਵੰਤ ਸਿੰਘ ਹੰਢਿਆਇਆ, ਗੁਰਮੀਤ ਸਿੰਘ ਬਰਨਾਲਾ, ਬੂਟਾ ਸਿੰਘ ਫਰਵਾਹੀ, ਸੁਖਵਿੰਦਰ ਸਿੰਘ ਉੱਪਲੀ, ਅਮਰਜੀਤ ਸਿੰਘ ਠੁੱਲੀਵਾਲ, ਸੁਖਦੇਵ ਸਿੰਘ ਕੁਰੜ, ਜਸਵੰਤ ਸਿੰਘ ਹੰਢਿਆਇਆ ਆਦਿ ਨੇ ਕਿਹਾ ਕਿ ਘਟਨਾ ਦੇ ਜਿੰਮੇਵਾਰ ਸਾਰੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਅਤੇ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇ। ਆਗੂਆਂ ਬਾਬੂ ਸਿੰਘ ਖੁੱਡੀ ਕਲਾਂ , ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ, ਕੁਲਵਿੰਦਰ ਸਿੰਘ ਉੱਪਲੀ, ਜੱਗੀ ਰਾਏਸਰ ਆਦਿ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਜਲਦ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ 20 ਜੂਨ ਨੂੰ ਗੁੰਡਾਗਰਦੀ ਖ਼ਿਲਾਫ਼ ਸ਼ਹਿਰ ਅੰਦਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉੱਧਰ ਦੂਜੇ ਪਾਸੇ ਜੇ.ਈ. ਸਲੀਮ ਮੁਹੰਮਦ ,ਪ੍ਰਿੰਸ ਅਤੇ ਕਲੋਨਾਈਜ਼ਰ ਨੇ ਆਪਣੇ ਤੇ ਲੱਗ ਰਹੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਸਭ ਕੁੱਝ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਵਾਹਿਗੁਰੂ ਸਿੰਘ ਵੱਲੋਂ ਦਫਤਰ ਵਿੱਚ ਮੁਲਾਜਮਾਂ ਦੀ ਕੀਤੀ ਕੁੱਟਮਾਰ ਅਤੇ ਭੰਨਤੋੜ ਦੀ ਘਟਨਾ ਤੋਂ ਬਚਾਅ ਕਰਨ ਲਈ ਹੀ ਕੀਤਾ ਜਾ ਰਿਹਾ ਹੈ।