ਦੇਤੀ ਚਿਤਾਵਨੀ -ਮਸਤੂਆਣਾ ਸਾਹਿਬ ਸਰਕਾਰੀ ਮੈਡੀਕਲ ਕਾਲਜ ‘ਚ ਅੜਿੱਕੇ ਲਾਉਣ ਤੋਂ ਆਓ ਬਾਜ਼

Advertisement
Spread information

ਸਰਕਾਰੀ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਹਰ ਹਾਲਤ ‘ਚ ਬਣਕੇ ਰਹੇਗਾ- ਮਨਜੀਤ ਧਨੇਰ

ਹਰਪ੍ਰੀਤ ਕੌਰ ਬਬਲੀ , ਸੰਗਰੂਰ 18 ਜੂਨ, 2023         ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਈਕੋਰਟ ਤੋਂ ਸਟੇਅ ਲੈ ਕੇ, ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਉਸਾਰੀ ’ਤੇ ਲਵਾਈ ਰੋਕ ਦੇ ਖ਼ਿਲਾਫ਼ ਮਸਤੂਆਣਾ ਸਾਹਿਬ ਦੇ ਬੱਸ ਸਟੈਂਡ ਲੱਗੇ ਹੋਏ ਪੱਕੇ ਮੋਰਚੇ ਦੇ 17 ਵੇਂ ਦਿਨ ਸੰਘਰਸ਼ ਕਮੇਟੀ ਵੱਲੋਂ ਵੱਡਾ ਇਕੱਠ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲਿਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਮਨਜੀਤ ਸਿੰਘ ਧਨੇਰ, ਨਰਾਇਣ ਦੱਤ,ਕਰਮਜੀਤ ਸਿੰਘ ਛੰਨਾਂ ਜ਼ਿਲ੍ਹਾ ਪ੍ਰਧਾਨ, ਜਗਰਾਜ ਸਿੰਘ ਹਰਦਾਸਪੁਰਾ ਜ਼ਿਲ੍ਹਾ ਮੀਤ ਪ੍ਰਧਾਨ ਬਰਨਾਲਾ, ਬਾਬੂ ਸਿੰਘ ਖੁੱਡੀ ਕਲਾਂ, ਰਣਧੀਰ ਸਿੰਘ ਭੱਟੀਵਾਲ, ਦਰਸ਼ਨ ਸਿੰਘ ਕਾਤਰੋਂ, ਗੁਰਪ੍ਰੀਤ ਸਿੰਘ ਛੰਨਾਂ, ਸਾਹਿਬ ਸਿੰਘ ਬਡਬਰ, ਹਰਦੀਪ ਸਿੰਘ ਨਰਟੇ, ਜਗਤਾਰ ਸਿੰਘ ਦੁੱਗਾਂ, ਬਲਵਿੰਦਰ ਸਿੰਘ ਕਾਂਝਲੀ, ਭਰਪੂਰ ਸਿੰਘ ਦੁੱਗਾਂ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਬਨਣਾ ਸਿਹਤ ਸਹੂਲਤਾਂ ਪੱਖੋਂ ਲੋਕਾਂ ਦੀ ਮੁੱਢਲੀ ਬੁਨਿਆਦੀ ਲੋੜ ਹੈ।       

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਤ ਲੋਕਾਈ ਦੇ ਹਿੱਤਾਂ ਅਨੁਸਾਰੀ ਨਹੀਂ ਹਨ। ਹਾਲਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕੋਈ ਨਿੱਜੀ ਜਾਇਦਾਦ ਨਹੀਂ ਹੈ। ਪਰ ਫਿਰ ਵੀ ਸੌੜੀਆਂ ਰਾਜਸੀ ਗਰਜ਼ਾਂ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਲਈ ਅਜਿਹਾ ਲੋਕ ਵਿਰੋਧੀ ਫੈਸਲਾ ਆਉਣ ਵਾਲੇ ਸਮੇਂ ਵਿੱਚ ਸਿਆਸੀ ਤੌਰ ‘ਤੇ ਵੱਡਾ ਨੁਕਸਾਨ ਦੇਹ ਸਾਬਤ ਹੋਵੇਗਾ। ਇਸ ਲਈ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਜਿਹੇ ਅਡਿੱਕੇ ਡਾਹੁਣੇ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸਿਆਸੀ ਨੁਕਸਾਨ ਝੱਲਣ ਲਈ ਤਿਆਰ ਰਹੇ। ਲੋਕ ਸੱਥਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਾਬਜ਼ ਬਾਦਲ ਪਰਿਵਾਰ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਜਾਵੇਗੀ। ਆਗੂਆਂ ਕਿਹਾ ਕਿ ਭਾਵੇਂ ਝੋਨੇ ਦੀ ਲਵਾਈ ਦਾ ਪੂਰਾ ਜ਼ੋਰ ਪੈ ਜਾਣ ਅਤੇ ਅਤਿ ਦੀ ਗਰਮੀ ਦਾ ਮੌਸਮ ਹੋਣ ਦੇ ਬਾਵਜੂਦ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਅੱਗੇ ਨਾਲੋਂ ਵਧੀ ਰਹੀ ਹੈ, ਉਸ ਤੋਂ ਸਪਸ਼ਟ ਹੈ ਕਿ ਖੇਤਾਂ ਵਿਚਲੇ ਕੰਮ ਤੋਂ ਥੋੜ੍ਹੀ ਜਿਹੀ ਵਿਹਲ ਮਿਲਣ ਤੋਂ ਬਾਅਦ ਪੱਕੇ ਮੋਰਚੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਕਰੇਗਾ। ਮੋਰਚੇ ਦੀ ਲੰਬੇ ਸਮੇਂ ਦੀ ਤਿਆਰੀ ਵਜੋਂ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਪੱਕਾ ਪੰਡਾਲ ਤਿਆਰ ਹੋ ਗਿਆ ਹੈ। ਪੱਕਾ ਸ਼ੈੱਡ ਤਿਆਰ ਕਰ ਲਿਆ ਗਿਆ ਹੈ ਅਤੇ ਲੋੜ ਅਨੁਸਾਰ ਵਾਧੂ ਟੈਂਟ ਦੀ ਵਿਵਸਥਾ ਵੀ ਕੀਤੀ ਗਈ ਹੈ।

Advertisement

     ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ-ਦਲੀਆਂ ਨੂੰ ਲੋਕਾਂ ਦੇ ਦ੍ਰਿੜ੍ਹ ਇਰਾਦੇ ਨੂੰ ਦੇਖ ਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸੰਘਰਸ਼ੀ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਅਤੇ ਦ੍ਰਿੜ ਇਰਾਦੇ ਧਾਰ ਕੇ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕਰਕੇ ਪੱਕਾ ਮੋਰਚਾ ਸ਼ੁਰੂ ਕੀਤੀ ਹੈ ਅਤੇ ਇਹ ਉਸ ਸਮੇਂ ਤੱਕ ਇਸ ਪੱਕੇ ਮੋਰਚੇ ਵਿੱਚ ਡਟੇ ਹੀ ਰਹਿਣਗੇ ਜਦ ਤੱਕ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਉਸਾਰੀ ਦਾ ਕੰਮ ਬਾਕਾਇਦਾ ਸ਼ੁਰੂ ਨਹੀਂ ਹੋ ਜਾਂਦਾ। ਅੱਜ ਦੇ ਧਰਨੇ ਵਿੱਚ ਇਨਕਲਾਬੀ ਕੇਂਦਰ, ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਰਜਿੰਦਰ ਪਾਲ ਦੀ ਅਗਵਾਈ ਵਿੱਚ ਹਿਮਾਇਤੀ ਕਾਫ਼ਲੇ ਨੇ ਵੀ ਸ਼ਮੂਲੀਅਤ ਕੀਤੀ । ਰਾਮ ਸਿੰਘ ਹਠੂਰ, ਬਿੱਲੂ ਸਿੰਘ ਨਮੋਲ ਅਤੇ ਸ਼ੇਰ ਸਿੰਘ ਦੁੱਗਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। ਰਜਿੰਦਰ ਸਿੰਘ ਲਿੱਧੜਾਂ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।

Advertisement
Advertisement
Advertisement
Advertisement
Advertisement
error: Content is protected !!