ਡੇਰਾ ਸਿਰਸਾ ਪੈਰੋਕਾਰ ਪਰਿਵਾਰ ਦੀ ਬੱਚੀ ਨੇ ਕੈਂਸਰ ਪੀੜਤਾਂ ਤੋਂ ਦੀ ਵਾਰੇ ਆਪਣੇ ਵਾਲ

Advertisement
Spread information
ਅਸ਼ੋਕ ਵਰਮਾ ,ਬਠਿੰਡਾ 31 ਮਈ 2023
     ਡੇਰਾ ਸੱਚਾ ਸੌਦਾ ਸਿਰਸਾ ਦੇ ਇੱਕ ਪੈਰੋਕਾਰ ਪਰਿਵਾਰ ਦੀ ਬੱਚੀ ਨੇ ਛੋਟੀ ਉਮਰੇ ਆਪਣੇ ਸੰਘਣੇ ਵਾਲ ਕੈਂਸਰ ਪੀੜਤਾਂ ਲਈ ਦਾਨ ਕੀਤੇ ਹਨ। ਇਹ ਹੀ ਨਹੀਂ , ਇਸ ਬੱਚੀ ਨੇ ਭਵਿੱਖ ਵਿੱਚ ਵੀ ਆਪਣੇ ਵਾਲ ਦਾਨ ਕਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਨਾਮੁਰਾਦ ਕੈਂਸਰ ਦੀ ਬੀਮਾਰੀ ਤੋਂ ਪੀੜਤ ਮਰੀਜਾਂ ਦੇ  ਵਾਲ ਕੀਮੋਥੈਰਾਪੀ ਕਾਰਨ ਉੱਡ ਜਾਂਦੇ ਹਨ। ਰੌਚਕ ਪਹਿਲੂ ਹੈ ਕਿ ਨੇਹਾ ਗੋਇਲ ਇੰਸਾਂ ਨਾਂ ਦੀ ਇਸ ਬੱਚੀ ਨੇ  ਉਸ ਜ਼ਮਾਨੇ ਵਿੱਚ ਇਹ ਪਹਿਲਕਦਮੀ ਕੀਤੀ ਹੈ ਜਦੋਂ  ਲੜਕੀਆਂ ਆਪਣੇ ਵਾਲਾਂ ਨੂੰ ਲੰਬੇ ਤੇ ਸੁੰਦਰ ਬਣਾਉਣ  ਲਈ ਹਰ ਮਹੀਨੇ ਹਜਾਰਾਂ ਦਾ ਖਰਚਾ ਕਰ ਰਹੀਆਂ ਹਨ।                                 
      ਮਹੱਤਵਪੂਰਨ ਤੱਥ ਇਹ ਵੀ ਹੈ ਕਿ ਬਠਿੰਡਾ ਵਿੱਚ ਕਿਸੇ ਛੋਟੀ ਉਮਰ ਦੀ ਲੜਕੀ ਵੱਲੋਂ ਆਪਣੇ ਵਾਲ ਦਾਨ ਕਰਨ ਦਾ ਇਹ ਪਲੇਠਾ ਮਾਮਲਾ ਹੈ । ਨੇਹਾ ਗੋਇਲ ਨੇ ਇਸ ਦਾ ਸਿਹਰਾ ਆਪਣੇ ਗੁਰੂ ਤੇ ਡੇਰਾ ਸਿਰਸਾ ਦੇ ਮੁਖੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤਾ ਹੈ , ਜਿੰਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਅਜਿਹਾ ਕਰਨ ਵਿੱਚ ਸਫਲ ਹੋਈ ਹੈ। ਨੇਹਾ ਗੋਇਲ  ਨੇ ਆਪਣੇ ਦਿਲਾਂ ਦੀਆਂ ਰੀਝਾਂ ਇੰਨ੍ਹਾਂ ਪੀੜਤ ਮਰੀਜਾਂ ਉੱਪਰ ਕੁਰਬਾਨ ਕਰ ਦਿੱਤੀਆਂ ਹਨ ਅਤੇ ਦਿਲਾਂ ’ਚ ਵੀ ਕੋਈ  ਮਲਾਲ ਨਹੀਂ ਬਲਕਿ ਇੱਕ ਤਸੱਲੀ ਹੈ ਕਿ ਉਹ ਕਿਸੇ ਦੇ ਕੰਮ ਆ ਸਕੀ ਹੈ। ਨੇਹਾ ਗੋਇਲ  ਬਲਾਕ ਬਠਿੰਡਾ ਦੇ ਏਰੀਆ ਭੱਟੀ ਰੋਡ ਦੇ ਰਹਿਣ ਵਾਲੇ ਪਾਲੀ ਇੰਸਾਂ ਦੀ ਲੜਕੀ ਹੈ ਜੋ ਸਾਈਕਲਾਂ ਦਾ ਕੰਮ ਕਰਦੇ ਹਨ। 
     ਲੜਕੀ ਨੇਹਾ ਗੋਇਲ  ਨੇ  ਦੱਸਿਆ ਕਿ ਸਤਿਸੰਗ ਭੰਡਾਰਾ ਮਹੀਨੇ ਦੀ ਖੁਸ਼ੀ ਵਿੱਚ ਉਸ ਨੇ 22 ਮਈ ਨੂੰ ਆਪਣੇ ਵਾਲ ਕੱਟ ਕਰਵਾ ਕੇ ਮੈਡਾਟ ਟਰੱਸਟ ਮੁੰਬਈ ਨੂੰ ਭੇਜੇ ਸਨ । ਉਨ੍ਹਾਂ ਦੱਸਿਆ ਕਿ ਸੰਸਥਾ ਨੇ ਵਾਲ ਮਿਲਣ ਤੇ ਉਸ ਨੂੰ ਪ੍ਰਸੰਸਾ ਪੱਤਰ ਭੇਜਿਆ ਹੈ । ਉਹਨਾਂ ਦੱਸਿਆ ਕਿ ਸੰਸਥਾ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਕੈਂਸਰ ਪੀੜਤਾਂ ਦੀ ਕੀਮੋਥਰੈਪੀ ਕੀਤੀ ਜਾਂਦੀ ਹੈ ਤਾਂ ਇਸ ਨਾਲ ਮਰੀਜ਼ ਦੇ ਸਿਰ ਦੇ ਵਾਲ ਝੜ ਜਾਂਦੇ ਹਨ । ਇਨ੍ਹਾਂ ਦਾਨ ਕੀਤੇ ਵਾਲਾਂ ਨਾਲ ਵਿੱਗ ਬਣਾ ਕੇ ਕੈਂਸਰ ਪੀੜਿਤਾਂ ਨੂੰ ਦਿੱਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ ਲਗਭਗ 2 ਸਾਲਾਂ ਤੋਂ ਆਪਣੇ ਵਾਲਾਂ ਦੀ ਸੰਭਾਲ ਕਰ ਰਹੀ ਸੀ।
     ਨੇਹਾ ਗੋਇਲ ਨੇ ਦੱਸਿਆ ਕਿ  ਇਸ ਦੌਰਾਨ ਸੰਸਥਾ ਦੀ ਮੰਗ ਅਨੁਸਾਰ ਆਪਣੇ ਵਾਲ ਵਧਾ ਲਏ। ਉਸ ਨੇ ਕਿਹਾ ਕਿ ਪਹਿਲੀ ਵਾਰ ਉਸ ਨੇ ਆਪਣੇ ਵਾਲ ਦਾਨ ਕੀਤੇ ਹਨ ਅਤੇ ਇਹ ਸਿਲਿਸਿਲਾ ਇਸੇ ਤਰਾਂ ਚਲਦਾ ਰਹੇਗਾ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕੇ ਉਸ ਵੱਲੋਂ ਚੁੱਕਿਆ ਗਿਆ ਤੁੱਛ ਕਦਮ ਕੈਂਸਰ ਪੀੜਤਾਂ ਲਈ ਖੁਸ਼ੀਆਂ ਲੈ ਕੇ ਆਏਗਾ। ਉਸ ਨੇ ਦੱਸਿਆ ਕਿ ਉਸਦੇ ਕੁੱਝ ਰਿਸ਼ਤੇਦਾਰ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਇਸ ਕਰਕੇ ਉਹ ਉਨ੍ਹਾਂ ਦੇ ਦਿਲ ਦਾ ਦਰਦ ਸਮਝ ਸਕਦੀ ਹੈ। ਨੇਹਾ ਗੋਇਲ ਦੇ ਮਾਪਿਆਂ ਅਤੇ ਇਲਾਕੇ ਦੇ ਡੇਰਾ ਸ਼ਰਧਾਲੂਆਂ ਨੇ ਇਸ ਬੱਚੀ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਹੈ।
ਵਾਲ ਦਾਨ  ਕਰਦੇ ਰਹਿਣ ਦਾ ਪ੍ਰਣ
ਨੇਹਾ ਗੋਇਲ ਨੇ ਦੱਸਿਆ ਕਿ ਉਸਨੇ ਆਪਣੇ ਵਾਲ ਲਗਾਤਾਰ ਜਾਰੀ ਕਰਦੇ ਰਹਿਣ ਦਾ ਪ੍ਰਣ ਕਰ ਲਿਆ ਹੈ। ਉਸ ਨੇ ਦੱਸਿਆ ਕਿ ਆਪਣੇ ਵਾਲ ਕਟਵਾਉਣ ਤੋਂ ਬਾਅਦ ਉਸਨੇ ਦੁਬਾਰਾ ਵਾਲਾਂ ਦੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਸੰਸਥਾ ਦੀ ਮੰਗ ਅਨੁਸਾਰ ਜਦੋਂ ਵੀ ਵਾਲਾਂ ਦੀ ਲੰਬਾਈ ਪੂਰੀ ਹੋ ਜਾਏਗੀ ਤਾਂ ਉਹ ਫਿਰ ਆਪਣੇ ਵਾਲ ਦਾਨ ਕਰ ਦੇਵੇਗੀ। ਉਸ ਨੇ ਕਿਹਾ ਕਿ ਮਨੁੱਖਤਾ ਦੇ ਅੱਗੇ ਵਾਲਾ ਕੁੱਝ ਵੀ ਨਹੀਂ ਹਨ।
ਕੈਂਸਰ ਪੀੜਤਾਂ ਲਈ ਰੌਸ਼ਨੀ ਦੀ ਕਿਰਨ
    ਦੱਸਣਯੋਗ ਹੈ  ਕਿ ਮਹਿੰਗੇ ਇਲਾਜ ਕਾਰਨ ਤਿਲ ਤਿਲ ਕਰਕੇ ਘਟਦੀ ਜਿੰਦਗੀ  ਦੇਖ ਰਹੀਆਂ ਏਦਾਂ ਦੀਆਂ ਔਰਤਾਂ ਦੇ ਜਦੋਂ ਵਾਲ ਝੜ ਜਾਂਦੇ ਹਨ ਤਾਂ ਉਨ੍ਹਾਂ ਨੂੰ  ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਪੁਰਸ਼ ਪੱਗ ਬੰਨ੍ਹਣ ਨਾਲ ਕਾਫੀ ਹੱਦ ਤੱਕ ਇਸ ਸਥਿਤੀ ਤੋਂ ਛੁਟਕਾਰਾ ਪਾ ਲੈਂਦੇ ਹਨ ਪਰ ਔਰਤਾਂ ਲਈ ਅਜਿਹਾ ਸੰਭਵ ਨਹੀਂ ਹੈ। ਇਲਾਜ ਦੌਰਾਨ ਲੱਖਾਂ ਰੁਪਏ ਦਾ ਰਗੜਾ ਲੁਆ ਚੁੱਕੇ ਮਰੀਜਾਂ ਲਈ ਬਜ਼ਾਰ ’ਚ ਮਿਲਦੇ ਮਹਿੰਗੇ ਵਾਲ ਖਰੀਦਣੇ ਵੀ ਔਖੇ ਹੁੰਦੇ ਹਨ। ਏਦਾਂ ਦੀ ਪਰਸਥਿਤੀ ਦੌਰਾਨ ਨੇਹਾ ਗੋਇਲ ਮਰੀਜ਼ਾਂ ਲਈ ਰੌਸ਼ਨੀ ਦੀ ਕਿਰਨ ਬਣੀ ਹੈ
Advertisement
Advertisement
Advertisement
Advertisement
Advertisement
error: Content is protected !!