ਅਸ਼ੋਕ ਵਰਮਾ , ਬਠਿੰਡਾ 31 ਮਈ 2023
ਪੰਜਾਬ ਦੇ ਰਾਜ ਭਾਗ ਤੇ ਸਭ ਤੋਂ ਵੱਧ ਸਮਾਂ ਕਾਬਜ਼ ਰਹਿਣ ਵਾਲੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਹੁਣ ਸੱਤਾ ਦੀ ਬਦਲੀ ਹੋਈ ਸਿਆਸੀ ਪੈੜ ਚਾਲ ਸੁਣਾਈ ਦਿੱਤੀ ਹੈ। ਇਸ ਹਲਕੇ ਤੋਂ ਚੋਣ ਜਿੱਤੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਹੈ । ਜਿਸ ਤੋਂ ਬਾਅਦ ਲੰਬੀ ਦੇ ਹਕੂਮਤੀ ਝੰਡਾ ਬਰਦਾਰ ਬਦਲ ਗਏ ਹਨ । ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਰਹੂਮ ਸੰਸਦ ਮੈਂਬਰ ਅਤੇ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਪੁੱਤ ਹੈਂ । ਜਿਨ੍ਹਾਂ ਨੇ ਪੈਸੇ ਦੀ ਵਗਦੀ ਨਦੀ ਵਿੱਚ ਚੁੰਭੀਆਂ ਲਾਉਣ ਦੀ ਥਾਂ ਤਾਉਮਰ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ।
ਭਾਵੇਂ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਸਿਆਸੀ ਬੋਹੜ ਖਿਲਾਫ਼ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਿੱਤ ਹਾਸਲ ਕਰਨ ਦੇ ਕਈ ਕਾਰਨ ਹਨ । ਪਰ ਜਥੇਦਾਰ ਖੁੱਡੀਆਂ ਦੇ ਪਰਿਵਾਰ ਦਾ ਮੈਂਬਰ ਹੋਣਾਂ ਵੀ ਇਨ੍ਹਾਂ ਕਾਰਨਾਂ ਵਿੱਚੋਂ ਇੱਕ ਅਤੇ ਅਹਿਮ ਰਿਹਾ ਹੈ। ਲੰਬੀ ਹਲਕੇ ਵਿੱਚ ਵੱਡੀ ਗਿਣਤੀ ਲੋਕ ਤਾਂ ਅੱਜ ਵੀ ਆਖਦੇ ਹਨ ਕਿ ਜਥੇਦਾਰ ਖੁੱਡੀਆਂ ਦੇ ਬੇਦਾਗ ਅਕਸ ਅਤੇ ਨੇਕ ਨੀਤੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਜਿੱਤ ਮਗਰੋਂ ਵੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਰਹੂਮ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਵੋਟਾਂ ਪਈਆਂ ਹਨ ਜੋ ਸਮੁੱਚੇ ਖੁੱਡੀਆਂ ਪਰਿਵਾਰ ਲਈ ਮਾਣ ਵਾਲੀ ਗੱਲ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਖੁੱਡੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਦੇ ਫ਼ਰਕ ਹਰਾ ਕੇ ਨਵਾਂ ਇਤਿਹਾਸ ਸਿਰਜਿਆ ਸੀ । ਜਦੋਂ ਕਿ ਇਸ ਤੋਂ ਪਹਿਲਾਂ ਲੰਬੀ ‘ਚ ਸਿਰਫ ਤੇ ਸਿਰਫ ਬਾਦਲਾਂ ਦੀ ਤੂਤੀ ਬੋਲਦੀ ਹੁੰਦੀ ਸੀ । ਸਿਆਸੀ ਮਾਹਿਰ ਵੀ ਆਖਦੇ ਹਨ ਕਿ ਹਲਕਾ ਲੰਬੀ ਬਾਦਲਾਂ ਦਾ ਗੜ੍ਹ ਹੈ, ਜਿਸ ’ਚ ਕਿਤੇ ਕੋਈ ਛਿੱਕ ਵੀ ਮਾਰੇ ਤਾਂ ਬਾਦਲ ਪਰਿਵਾਰ ਨੂੰ ਖਬਰ ਹੋ ਜਾਂਦੀ ਹੈ। ਹਾਲਾਂਕਿ ਵੱਡੇ ਬਾਦਲ ਦੇ ਚਲੇ ਜਾਣ ਤੋਂ ਬਾਅਦ ਹੁਣ ਅਕਾਲੀ ਦਲ ਜਾਂ ਬਾਦਲ ਪਰਿਵਾਰ ਦਾ ਸਿਆਸੀ ਭਵਿੱਖ ਕੀ ਹੁੰਦਾ ਹੈ ਇਹ ਤਾਂ ਵਕਤ ਹੀ ਤੈਅ ਕਰੇਗਾ । ਪਰ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਭ ਤੋਂ ਵੱਧ ਸਮਾਂ ਸੱਤਾ ਜੇ ਕਿਸੇ ਹਲਕੇ ਨੇ ਹੰਢਾਈ ਹੈ ਤਾਂ ਉਹ ਲੰਬੀ ਹੈ।
ਇਹ ਪਹਿਲੀ ਵਾਰ ਹੋਇਆ ਹੈ ਕਿ ਲੰਬੀ ਹਲਕੇ ਵਿਚ ਝੰਡੀ ਵਾਲੀ ਕਾਰ ਕਿਸੇ ਦੂਸਰੀ ਸਿਆਸੀ ਪਾਰਟੀ ਦੇ ਨੇਤਾ ਤੇ ਉਹ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕ ਦੇ ਹੱਥ ‘ਚ ਆਈ ਹੋਵੇ। ਚੋਣ ਪ੍ਰਚਾਰ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਹਰ ਸਟੇਜ ਤੋਂ ਆਖਦਾ ਹੁੰਦਾ ਸੀ ਕਿ ਐਤਕੀਂ ਸਮੁੰਦਰਾਂ ਨੂੰ ਬੰਨ੍ਹ ਮਾਰਾਂਗੇ ਜੋ ਉਸ ਨੇ ਮਾਰ ਦਿਖਾਇਆ ਹੈ। ਅੱਜ ਵੀ ਗੁਰਮੀਤ ਸਿੰਘ ਖੁੱਡੀਆਂ, ਵੱਡੇ ਬਾਦਲ ਵਰਗੇ ਘਾਗ ਸਿਆਸਤਦਾਨ ਨੂੰ ਹਰਾਉਣਾ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਿਆਸੀ ਪ੍ਰਾਪਤੀ ਮੰਨਦੇ ਹਨ। ਉਹ ਵੀ ਉਸ ਵਕਤ ਜਦੋਂ ਆਮ ਲੋਕਾਂ ਵਿਚ ਇਹ ਧਾਰਨਾ ਬਣੀ ਹੋਈ ਸੀ ਕਿ ਲੰਬੀ ਵਿੱਚ ਬਾਦਲ ਪਰਿਵਾਰ ਨੇ ਤਾਂ ਜਿੱਤ ਨੂੰ ਆਪਣੇ ਪਾਵੇ ਨਾਲ ਬੰਨ੍ਹਿਆ ਹੋਇਆ ਹੈ।
ਅਸਲ ‘ਚ ਲੰਬੀ ’ਤੇ ਅਕਾਲੀ ਦਲ ਦੀ ਸਿਆਸੀ ਸਰਦਾਰੀ ਸਾਲ 1970 ‘ਚ ਕਾਇਮ ਹੋਈ । ਜਦੋਂ ਹਲਕੇ ਦੀ ਕਮਾਨ ਬਾਦਲ ਪਰਿਵਾਰ ਦੇ ਹੱਥ ਆ ਗਈ। ਇਸ ਤੋਂ ਬਾਅਦ ਲਗਾਤਾਰ ਲੰਬੀ ਹਲਕੇ ਵਿੱਚ ਅਕਾਲੀ ਦਲ ਦਾ ਗ਼ਲਬਾ ਬਣਿਆ ਰਿਹਾ। ਸਾਲ 1997 ‘ਚ ਪ੍ਰਕਾਸ਼ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਲੰਬੀ ਵੱਲ ਰੁੱਖ ਕਰ ਲਿਆ ਤਾਂ ਹਲਕੇ ਦੀ ਸਿਆਸੀ ਫਿਜ਼ਾ ਵੱਕਾਰੀ ਹੋ ਗਈ। ਸਾਲ 2017 ਤੱਕ ਹਰੇਕ ਚੋਣ ਵਿੱਚ ਪ੍ਰਕਾਸ਼ ਸਿੰਘ ਬਾਦਲ ਬੜੇ ਅਰਾਮ ਨਾਲ ਜਿੱਤਦੇ ਰਹੇ ਹਨ। ਲੰਬੀ ਦੇ ਚੋਣ ਪਿੜ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਫ ਇੱਕ ਵਾਰ ਸਾਲ 2007 ’ਚ ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਨੇ ਕਰੜੀ ਟੱਕਰ ਦਿਤੀ ਸੀ।
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ 2017 ਵਿੱਚ ਜੱਦੋਜਹਿਦ ਦੇ ਬਾਵਜੂਦ ਵੱਡੇ ਬਾਦਲ ਨੂੰ ਮਾਤ ਦੇਣ ਵਿੱਚ ਸਫਲ ਨਹੀਂ ਹੋ ਸਕੇ ਸਨ। ਸਾਲ 2017 ’ਚ ਵੱਡੇ ਬਾਦਲ ਨੇ ਇਸ ਸੁਨੇਹੇ ਨਾਲ ਵੋਟਾਂ ਮੰਗੀਆਂ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਆਪਣੇ ਵਾਅਦੇ ਦੇ ਉਲਟ ਸਾਲ 2022 ਦੌਰਾਨ ਉਨ੍ਹਾਂ ਆਪਣੀ ਛੇਵੀਂ ਚੋਣ ਲੜੀ ਅਤੇ ਆਪਣੀ ਉਮਰ ਦੇ ਅੰਤਿਮ ਪੜਾਅ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਕੋਲੋਂ ਹਾਰ ਦਾ ਮੂੰਹ ਦੇਖਣਾ ਪਿਆ। ਲੰਬੀ ਹਲਕੇ ਦੇ ਇੱਕ ਸੀਨੀਅਰ ਆਗੂ ਦਾ ਪ੍ਰਤੀਕਰਮ ਸੀ ਕਿ ਜੋ ਸਿਆਸੀ ਕ੍ਰਿਸ਼ਮਾ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨਾ ਕਰ ਸਕੇ,ਉਹ 2022 ‘ਚ ਇੱਕ ਸਧਾਰਨ ਕਿਸਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਰ ਦਿਖਾਇਆ , ਜਿਸ ਦਾ ਉਸ ਨੂੰ ਮੰਤਰੀ ਵਜੋਂ ਇਨਾਮ ਮਿਲਿਆ ਹੈ।
ਲੰਬੀ ਹਲਕੇ ਦਾ ਸਿਆਸੀ ਸਫਰ
ਇੱਕ ਝਾਤ-ਹਲਕਾ ਲੰਬੀ ਦਾ ਇਤਿਹਾਸ ਦੇਖੀਏ ਤਾਂ 1962 ਤੋਂ ਹੁਣ ਤੱਕ ਹੋਈਆਂ 13 ਵਿਧਾਨ ਸਭਾ ਚੋਣਾਂ ’ਚੋਂ ਅੱਠ ਵਾਰ ਅਕਾਲੀ ਦਲ ਜੇਤੂ ਰਿਹਾ ਹੈ ਅਤੇ ਤਿੰਨ ਵਾਰ ਕਾਂਗਰਸ ਜਿੱਤੀ ਹੈ। ਸਾਲ 1969 ਵਿੱਚ ਇਸ ਹਲਕੇ ਤੋਂ ਭਾਰਤੀ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਜਿੱਤਿਆ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਪੰਜ ਵਾਰ ਜਿੱਤੇ ਹਨ ਅਤੇ ਸਾਲ 2022 ‘ਚ ਉਨ੍ਹਾਂ ਦੀ ਛੇਵੀਂ ਚੋਣ ਸੀ। ਸਾਲ 2017 ਦੀਆਂ ਚੋਣਾਂ ਵਿੱਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ 22,770 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਵੱਡੇ ਬਾਦਲ 2012 ‘ਚ 24, 739 ਵੋਟਾਂ, 2007 ਵਿੱਚ 9,187 ਵੋਟਾਂ ਅਤੇ 2002 ਵਿੱਚ 23,929 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਸਾਲ 2022 ਦੀ ਚੋਣ ਦੌਰਾਨ ਬਾਦਲਾਂ ਦੇ ਗਲਬੇ ਤੇ ਝਾੜੂ ਫਿਰ ਗਿਆ।