ਹਰਿੰਦਰ ਨਿੱਕਾ , ਬਰਨਾਲਾ 31 ਮਈ 2023
ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ (Social Media Star Bhana Sidhu Was Arrested By The Police. ) ਕਰੀਬ ਦੋ ਹਫਤਿਆਂ ਤੋਂ ਜੇਲ੍ਹ ਬੰਦ ਹੈ, ਪਰ ਜੇਲ੍ਹ ਅੰਦਰ ਹੁੰਦਿਆਂ ਨੂੰ ਪੁਲਿਸ ਨੂੰ ਖਤਰਾ ਪੈ ਗਿਆ ਕਿ ਜੇ ਭਾਨਾ ਸਿੱਧੂ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਤਾਂ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੈ ਅਤੇ ਤੱਥਾਂ ਨਾਲ ਛੇੜਛਾੜ ਕਰਕੇ, ਕੇਸ ਨੂੰ ਕਮਜ਼ੋਰ ਵੀ ਕਰ ਦੇਵੇਗਾ। ਅਜ਼ਿਹਾ ਤੌਖਲਾ ਅੱਜ ਮਾਨਯੋਗ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਭਾਨਾ ਸਿੱਧੂ ਨੂੰ ਜਮਾਨਤ ਦੇਣ ਲਈ ਦਾਇਰ ਅਰਜੀ ਤੇ ਹੋਈ ਜੋਰਦਾਰ ਬਹਿਸ ਦੌਰਾਨ ਸਰਕਾਰੀ ਵਕੀਲ ਦਿਲਪ੍ਰੀਤ ਸਿਘ ਸੰਧੂ ਨੇ ਪੁਲਿਸ ਦੀ ਤਰਫੋਂ ਪ੍ਰਗਟ ਕੀਤਾ ਹੈ। ਭਾਨਾ ਸਿੱਧੂ ਦੇ ਵਕੀਲ ਨੇ ਅਦਾਲਤ ਵਿੱਚ ਸਿੱਧੂ ਨੂੰ ਜਮਾਨਤ ਦੇਣ ਲਈ ਅਰਜੀ ਪੇਸ਼ ਕੀਤੀ ਸੀ। ਜਿਸ ਪਰ ਮਾਨਯੋਗ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਦਵਿੰਦਰ ਗੁਪਤਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਜਮਾਨਤ ਦੀ ਅਰਜੀ ਤੇ ਬਹਿਸ ਕਰਦਿਆਂ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਨੇ ਜਮਾਨਤ ਨਾ ਦੇਣ ਤੇ ਜ਼ੋਰ ਦਿੱਤਾ ਅਤੇ ਬਚਾਅ ਪੱਖ ਦੀ ਪੈਰਵੀ ਕਰ ਰਹੇ ਸੀਨੀਅਰ ਫੌਜਦਾਰੀ ਵਕੀਲ ਨੇ ਜਮਾਨਤ ਦੇਣ ਲਈ ਦਲੀਲਾਂ ਪੇਸ਼ ਕੀਤੀਆਂ। ਸਰਕਾਰੀ ਵਕੀਲ ਸੰਧੂ ਨੇ ਦਲੀਲ ਦਿੱਤੀ ਕਿ ਭਾਨਾ ਸਿੱਧੂ ਦੇ ਪੁਲਿਸ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਵੀ ਉਸਦਾ ਸ਼ੋਸ਼ਲ ਮੀਡੀਆ ਪੇਜ ਅਪਲੋਡ ਹੁੰਦਾ ਰਿਹਾ ਹੈ। ਮਾਮਲਾ ਐਸ.ਸੀ./ਐਸਟੀ. ਐਕਟ ਦਾ ਹੈ। ਭਾਨਾ ਸਿੱਧੂ ਪ੍ਰਭਾਵਸ਼ਾਲੀ ਵਿਅਕਤੀ ਹੈ,ਜੇਕਰ ਇਸ ਨੂੰ ਜਮਾਨਤ ਮਿਲ ਗਈ ਤਾਂ ਉਹ ਕੇਸ ਦੇ ਗਵਾਹਾਂ ਤੇ ਦਬਾਅ ਬਣਾ ਕੇ, ਉਨ੍ਹਾਂ ਨੂੰ ਗਵਾਹੀ ਦੇਣ ਤੋਂ ਮੁਕਰਾ ਵੀ ਸਕਦਾ ਹੈ। ਭਾਨਾ ਕੇਸ ਦੇ ਤੱਥਾਂ ਨਾਲ ਛੇੜਛਾੜ ਕਰਕੇ,ਕੇਸ ਨੂੰ ਕਮਜ਼ੋਰ ਵੀ ਕਰ ਸਕਦਾ ਹੈ। ਮਾਨਯੋਗ ਜੱਜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ, ਪਰੰਤੂ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਭਾਨਾ ਸਿੱਧੂ ਨੂੰ ਜਮਾਨਤ ਦੇਣ ਤੋਂ ਨਾਂਹ ਕਰਦਿਆਂ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ।
ਕੀ ,ਕਦੋਂ ਤੇ ਕਿਵੇਂ ਹੋਇਆ ???
ਵਰਨਣਯੋਗ ਹੈ ਕਿ ਭਾਨਾ ਸਿੱਧੂ ਅਤੇ ਉਸ ਦੇ ਚਚੇਰੇ ਭਰਾ ਅਮਨਦੀਪ ਸਿੰਘ ਅਮਨਾ ਦੋਵੇਂ ਵਾਸੀ ਪਿੰਡ ਕੋਟਦੁੱਨਾ, ਜਿਲ੍ਹਾ ਬਰਨਾਲਾ ਦੇ ਖਿਲਾਫ ਪੰਜਾਬ ਪੁਲਿਸ ਦੇ ਏ.ਐਸ.ਆਈ. ਗੁਰਮੇਲ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਥਾਣਾ ਮਹਿਲ ਕਲਾਂ ਵਿਖੇ 11 ਮਈ 2023 ਨੂੰ ਵੱਖ ਵੱਖ ਸੰਗੀਨ ਜੁਰਮ ਤਹਿਤ ਕੇਸ ਦਰਜ ਦਰਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ ਤੇ ਭਾਨਾ ਸਿੱਧੂ ਵੱਲੋਂ ਕਹੀਆਂ ਕੁੱਝ ਗੱਲਾਂ ਤੋਂ ਖਫਾ ਹੋਏ ਏ.ਐਸ.ਆਈ. ਗੁਰਮੇਲ ਸਿੰਘ ਨੇ ਵੀ ਭਾਨਾ ਸਿੱਧੂ ਦੇ ਖਿਲਾਫ ਇੱਕ ਵੀਡੀਉ ਉਸ ਨੂੰ ਵਰਜਦੇ ਹੋਏ ਪਾ ਦਿੱਤੀ ਸੀ। ਗੁਰਮੇਲ ਸਿੰਘ ਦੀ ਵੀਡੀੳ ਵਾਇਰਲ ਹੋਣ ਉਪਰੰਤ ਕਾਫੀ ਲੋਹਾ- ਲਾਖਾ ਹੋਏ ਭਾਨਾ ਸਿੱਧੂ ਨੇ ਵੀ ਮੋੜਵਾਂ ਜੁਆਬ ਦਿੰਦਿਆਂ ਏ.ਐਸ.ਆਈ. ਗੁਰਮੇਲ ਸਿੰਘ ਨੂੰ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਰਕਾਰ ਉੱਪਰ ਵੀ ਕਾਫੀ ਤਿੱਖੇ ਸ਼ਬਦਾਂ ਦੇ ਵਾਰ ਕੀਤੇ ਸਨ। ਮੁਦਈ ਗੁਰਮੇਲ ਸਿੰਘ ਨੇ ਭਾਨਾ ਸਿੱਧੂ ਤੇ ਜਾਤੀ ਤੌਰ ਤੇ ਅਪਮਾਨਿਤ ਕਰਨ ਵਾਲੀ ਭਾਸ਼ਾ ਬੋਲਣ ਦਾ ਦੋਸ਼ ਵੀ ਲਾਇਆ ਸੀ। ਭਾਨਾ ਸਿੱਧੂ ਅਤੇ ਉਸ ਦੇ ਚਚੇਰੇ ਭਰਾ ਅਮਨਾ ਦੇ ਖਿਲਾਫ ਥਾਣਾ ਮਹਿਲ ਕਲਾਂ ਵਿਖੇ ਅਧੀਨ ਜੁਰਮ 189/355/506/500 ਆਈ.ਪੀ.ਸੀ. ਤੇ ਐਸ.ਸੀ.ਐਸ.ਟੀ. ਐਕਟ ਦੀ ਸੈਕਸ਼ਨ 3(1)(s) ਤਹਿਤ ਐਫ.ਆਈ.ਆਰ. ਦਰਜ਼ ਕਰ ਦਿੱਤੀ ਸੀ। ਸੀ.ਆਈ.ਏ. ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ 15 ਮਈ ਨੂੰ ਬਠਿੰਡਾ ਜਿਲ੍ਹੇ ਦੇ ਪਿੰਡ ਗੁੰਮਟੀ ਦੇ ਸੰਘਣੇ ਜੰਗਲਨੁਮਾ ਖੇਤਾਂ ਵਿਚੋਂ ਭਾਨੇ ਨੂੰ ਕਾਫੀ ਮਸ਼ੱਕਤ ਤੋਂ ਬਾਅਦ ਗਿਰਫਤਾਰ ਕਰ ਲਿਆ ਸੀ।