ਸਾਬਕਾ ਵਿਧਾਇਕ ਤੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ‘ਤੇ ਕੀਤੀ ਪ੍ਰੈਸ ਕਾਨਫਰੰਸ
ਰਘਵੀਰ ਹੈਪੀ , ਬਰਨਾਲਾ 1 ਜੂਨ 2023
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮੰਡਵੀਆ ਅੱਜ ਬਰਨਾਲਾ ਪਹੁੰਚੇ ਅਤੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਕੀਤੀ। ਜਿਸ ਦੌਰਾਨ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਈਆਂ।
ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਸਰਕਾਰ ਨੇ 9 ਸਾਲ ਚ ਦੇਸ਼ ਦੀ ਗਰੀਬੀ ਨੂੰ ਘੱਟ ਕੀਤਾ ਅਤੇ ਉਨ੍ਹਾਂ ਲੋਕਾਂ ਤੱਕ ਸਮਾਜਿਕ ਸਕੀਮਾਂ ਦਾ ਫ਼ਾਇਦਾ ਪਹੁੰਚਿਆ , ਜਿਨ੍ਹਾ ਨੂੰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲਦਾ ਸੀ। ਉਹਨਾਂ ਕਿਹਾ ਕਿ ਦੇਸ਼ ਵਿੱਚ 52 ਸਾਲ ਤੋਂ ਵੱਧ ਕਾਂਗਰਸ ਦਾ ਰਾਜ ਰਿਹਾ, ਗਰੀਬੀ ਨਹੀਂ ਹਟੀ ਗਰੀਬ ਜਰੂਰ ਹਟ ਗਿਆ। ਗਰੀਬਾਂ ਨੂੰ ਵੀ ਜਿਊਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ 9.5 ਕਰੋੜ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰ ਵੰਡੇ ਗਏ। ਅਸੀਂ ਇਨ੍ਹੇ ਵੱਡੇ ਦੇਸ਼ ‘ਚ ਕਰੋਨਾ ਨੂੰ ਮੈਨੇਜ ਕੀਤਾ। ਕਿਸੇ ਨੂੰ ਭੁੱਖੇ ਨਹੀਂ ਸੌਣ ਦਿੱਤਾ ਗਿਆ। ਉਹਨਾਂ ਕਿਹਾ ਕਿ ਵੱਡੇ ਵੱਡੇ ਦੇਸ਼ਾਂ ਦੇ ਹਾਲਾਤ ਖਰਾਬ ਸਨ ਅਤੇ ਖਾਣ ਨੂੰ ਖਾਣਾ ਨਹੀਂ ਸੀ ਅਤੇ ਅਸੀਂ ਲੋਕਾਂ ਦੀਆਂ ਲਾਈਨਾਂ ਨਹੀਂ ਲੱਗਣ ਦਿੱਤੀਆਂ। 80 ਕਰੋੜ ਲੋਕਾਂ ਨੂੰ ਅੱਜ ਤੱਕ ਅਨਾਜ ਦਿੱਤਾ ਜਾ ਰਿਹਾ ਹੈ। ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਗਿਆ। ਉਨ੍ਹਾਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਵਰਗ ਦੇ ਲੋਕਾਂ ਲਈ ਇਲਾਜ ਕਰਾਉਣ ਚ ਅਸਮਰੱਥ ਕਰੀਬ 60 ਕਰੋੜ ਲੋਕਾਂ ਲਈ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਰਕੇ ਵਿਸ਼ਵ ਦੀ ਸਭ ਤੋਂ ਵੱਡੀ ਪਾਲਿਸੀ ਲਾਗੂ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ 22 ਹਜ਼ਾਰ ਹਸਪਤਾਲਾਂ ਨੂੰ ਆਯੁਸ਼ਮਾਨ ਕਾਰਡ ਨਾਲ ਜੋੜਿਆ ਗਿਆ। ਜਿਸ ਦਾ ਲੋਕ ਵੀ ਲਾਹਾ ਲੈ ਰਹੇ ਨੇ ਕਿਹਾ ਕਿ ਸਾਰੇ ਦੇਸ਼ ਚ ਇਸ ਨੂੰ ਲਾਗੂ ਕੀਤਾ ਗਿਆ।
ਉਹਨਾਂ ਕਿਹਾ ਕਿ 2018 ਤੋਂ ਲੈਕੇ ਹੁਣ ਤੱਕ 6 ਕਰੋੜ ਲਾਭਪਾਤਰੀ ਆਯੁਸ਼ਮਾਨ ਸਕੀਮ ਦਾ ਫਾਇਦਾ ਲੈ ਚੁੱਕੇ ਹਨ। ਦੇਸ਼ ਭਰ ਦੇ ਵਿਚ ਜਨ ਔਸ਼ਧੀ ਸੈਂਟਰ ਖੋਲ੍ਹੇ ਗਏ ਤਾਂ ਕਿ ਲੋਕ ਸਸਤੀਆਂ ਦਵਾਈਆਂ ਲੈ ਸਕਣ। ਉਨ੍ਹਾਂ ਕਿਹਾ ਕਿ ਹੁਣ ਵੀ ਪੰਜਾਬ ਦੇ ਵਿਚ 500 ਤੋਂ ਵੱਧ ਜਨ ਅਸ਼ੁੱਧੀ ਕੇਂਦਰ ਹਨ, ਜਿੱਥੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਦਵਾਈਆਂ ਲੋਕਾਂ ਤੱਕ ਸਸਤੇ ਰੇਟ ਤੇ ਦਿੱਤੀਆਂ ਜਾ ਰਹੀਆਂ ਹਨ। ਕੇਂਦਰੀ ਸਿਹਤ ਮੰਤਰੀ ਨੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੇਸ਼ ਦੇ ਜਿਆਦਾਤਰ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਨਾਲ ਜੋੜਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਦੇਸ਼ ਦਾ ਭਵਿੱਖ ਅੱਗੇ ਵਧ ਸਕੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਫਰਟੀਲਾਇਜਰ ਅਤੇ ਡੀਏਪੀ ਦੀਆ ਖਾਦਾਂ ਨੂੰ ਮਹਿੰਗੇ ਭਾਅ ਤੇ ਵਿਦੇਸ਼ ਤੋਂ ਮੰਗਵਾਉਣੀ ਪਿਆ ਹੈ ਅਤੇ ਕਿਸਾਨਾਂ ਨੂੰ ਇਹ ਖਾਦ ਸਬਸਿਡੀ ਦੇ ਨਾਲ ਦਿੱਤੀ ਗਈ ਹੈ ਤਾਂ ਕਿ ਮਹਿੰਗੀ ਹੋਈ ਖਾਦ ਨੂੰ ਸਹੀ ਭਾਅ ਤੇ ਦਿੱਤਾ ਜਾਵੇ। ਸੂਬਾਈ ਮੀਤ ਪ੍ਰਧਾਨ ਕਖ਼ਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭਾਰਤ ਨੂੰ ਹਰ ਖੇਤਰ ਵਿੱਚ ਦੁਨੀਆਂ ਵਿੱਚ ਮੋਹਰੀ ਬਣਾਇਆ ਹੈ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ,ਸੂਬਾਈ ਆਗੂ ਜਤਿੰਦਰ ਕਾਲੜਾ ਅਤੇ ਭਾਜਪਾ ਦੇ ਹੋਰ ਆਗੂ ਤੇ ਵਰਕਰ ਮੌਜੂਦ ਰਹੇ।