ਧਰਤੀ ‘ਤੇ ਸਵਰਗ ਜਿਹਾ ਅਹਿਸਾਸ ਕਰਵਾਉਂਦਾ “ਹੈਵਨਲੀ ਪੈਲੇਸ”
ਰਘਵੀਰ ਹੈਪੀ, ਬਰਨਾਲਾ 5 ਅਪ੍ਰੈਲ 2025
ਸੀਨੀਅਰ ਸਿਟੀਜ਼ਨ ਸੁਸਾਇਟੀ (ਰਜਿ.) ਵੱਲੋਂ ਪ੍ਰਧਾਨ ਗਿਆਨ ਚੰਦ ਗੋਇਲ ਦੀ ਅਗਵਾਈ ਹੇਠ ਨਗਰ ਕੌਂਸਲ ਬਰਨਾਲਾ ਦੇ ਸਾਹਮਣੇ ਚਿੰਟੂ ਪਾਰਕ ਵਿੱਚ ਦਫਤਰ ਵਿਖੇ ਇੱਕ ਖਾਸ ਬੈਠਕ ਸੱਦੀ ਗਈ । ਜਿਸ ਵਿਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ “ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ” ਦੋਰਾਹਾ (ਜ਼ਿਲ੍ਹਾ ਲੁਧਿਆਣਾ) ਦੇ ਸਹਾਇਕ ਜਨਰਲ ਮੈਨੇਜਰ ਵਰਿੰਦਰ ਨੂੰ ਵਿਸ਼ੇਸ਼ ਜਾਗਰੂਕਤਾ ਬੈਠਕ ਦੇ ਲਈ ਉਚੇਚੇ ਤੌਰ ਤੇ ਸੱਦਿਆ ਗਿਆ ।

ਬੈਠਕ ਦੌਰਾਨ ਗੱਲਬਾਤ ਕਰਦਿਆਂ ਏ.ਜੀ.ਐੱਮ. ਵਰਿੰਦਰ ਨੇ ਦੱਸਿਆ ਕਿ ਅਮਰੀਕਾ ਦੇ ਸਫਲ ਭਾਰਤੀ ਕਾਰੋਬਾਰੀ ਅਨਿਲ ਮੋਂਗਾ ਵੱਲੋਂ ਸਥਾਪਿਤ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦਾ ਮੰਤਵ ਸਮਾਜ ਦੀ ਸੇਵਾ ਕਰਨਾ ਹੈ। ਜਿਸ ਦੇ ਅਧੀਨ ਦੋਰਾਹਾ ਨਹਿਰ ਦੇ ਕੰਢੇ 14 ਏਕੜ ਵਿੱਚ ਬਣੇ ਆਲੀਸ਼ਾਨ ਸੀਨੀਅਰ ਸਿਟੀਜ਼ਨ ਹੋਮ “ਹੈਵਨਲੀ ਪੈਲੇਸ” ਵਿੱਚ ਬਜ਼ੁਰਗਾਂ ਲਈ ਚੰਗੇ ਪੱਧਰ ਦੀਆਂ ਸਹੂਲਤਾਂ ਮੌਜੂਦ ਹਨ। ਜਿੱਥੇ ਲਗਭਗ ਹਰ ਖੇਤਰ ਨਾਲ ਸਬੰਧਿਤ ਸੀਨੀਅਰ ਸਿਟੀਜ਼ਨਸ, ਸੇਵਾਮੁਕਤ ਅਧਿਕਾਰੀ ਅਤੇ ਬਜ਼ੁਰਗ ਪ੍ਰਵਾਸੀ ਭਾਰਤੀ ਰਹਿੰਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਰਿੰਦਰ ਨੇ ਦੱਸਿਆ ਕਿ ਇੱਥੇ ਨਾ ਸਿਰਫ ਬਜੁਰਗਾਂ ਦੀ ਸੇਵਾ ਸਗੋਂ ਟਰੱਸਟ ਅਧੀਨ ਚੱਲ ਰਹੇ “ਹੈਵਨਲੀ ਏਂਜਲਸ” ‘ਚ ਅਨਾਥ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਪਹਿਲੇ ਦਰਜੇ ਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਏਨਾ ਹੀ ਨਹੀਂ “ਬ੍ਰਹਮਭੋਗ” ਨਾਂ ਹੇਠ ਰੋਜ਼ਾਨਾ ਹਜ਼ਾਰਾਂ ਲੋੜਵੰਦਾਂ ਨੂੰ ਮੁਫ਼ਤ ਪੌਸ਼ਟਿਕ ਖਾਣਾ ਪ੍ਰਸ਼ਾਦ ਦੇ ਰੂਪ ‘ਚ ਵੰਡਿਆ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਜਲਦ ਹੀ ਲੋੜਵੰਦ ਬੇਘਰੇ ਬਜ਼ੁਰਗਾਂ ਲਈ ਵੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਇਮਾਰਤ ਬਣ ਕੇ ਤਿਆਰ ਹੈ । ਇਸ ਦੌਰਾਨ ਬੈਠਕ ‘ਚ ਮੌਜੂਦ ਫੋਰਮ ਦੇ ਸਾਰੇ ਮੈਂਬਰਾਂ ਨੇ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਬੈਠਕ ਦੇ ਦੌਰਾਨ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਜਿੰਨ੍ਹਾਂ ‘ਚ ਸਰਪਰਸਤ ਜੋਗਿੰਦਰ ਬਾਲ ਸ਼ਰਮਾ, ਜਨਰਲ ਸਕੱਤਰ ਅੰਮ੍ਰਿਤ ਲਾਲ ਸਿੰਗਲਾ, ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਉਹ ਪ੍ਰਧਾਨ ਆਰਪੀ ਸਿੰਗਲਾ, ਜੀ.ਸੀ. ਸਿੰਗਲਾ, ਵਿਜੈ ਗੋਇਲ, ਪਵਨ ਕੁਮਾਰ ਅਤੇ ਹੋਰ ਸੀਨੀਅਰ ਸਿਟੀਜ਼ਨਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।