👉 ਇਹ ਖ਼ਬਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਦੋਸ਼ੀਆਂ ਦੀ ਪਛਾਣ ਹੋਵੇ ਅਤੇ ਨੰਨ੍ਹੀ ਜਾਨ ਨੂੰ ਬਚਾਇਆ ਜਾ ਸਕੇ।
ਹਰਿੰਦਰ ਨਿੱਕਾ, ਬਰਨਾਲਾ 4 ਅਪ੍ਰੈਲ 2025
ਸ਼ਹਿਰ ਦੀ ਅਨਾਜ ਮੰਡੀ ‘ਚੋਂ ਸ਼ੱਕੀ ਹਾਲਤਾਂ ਵਿੱਚ ਕਰੀਬ ਦੋ ਕੁ ਸਾਲਾਂ ਦੇ ਇੱਕ ਬੱਚੇ ਨੂੰ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਅਗਵਾਕਾਰ ਅਗਵਾ ਕਰਕੇ ਲੈ ਗਏ। ਇਹ ਘਟਨਾ ਅੱਜ ਬਾਅਦ ਦੁਪਿਹਰ ਕਰੀਬ ਢਾਈ ਵਜੇ ਵਾਪਰੀ। ਜਦੋਂ ਕਾਫੀ ਦੇਰ ਤੱਕ ਬੱਚਾ ਘਰ ਨਹੀਂ ਪਹੁੰਚਿਆਂ ਤਾਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਰਿਵਾਰ ਨੇ ਆਪਣੇ ਪੱਧਰ ਤੇ ਤਲਾਸ਼ ਕਰਨ ਉਪਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪਰਮਿੰਦਰ ਕੁਮਾਰ ਵਾਸੀ ਝੁੱਗੀ-ਝੌਪੜੀ ਬਸਤੀ ਅਨਾਜ ਮੰਡੀ ਬਰਨਾਲਾ ਨੇ ਦੱਸਿਆ ਕਿ ਉਸ ਦਾ ਬੇਟਾ ਅਰਿਹਾਂਤ ਕੁਮਾਰ ਉਮਰ ਕਰੀਬ 2 ਸਾਲ, ਅਨਾਜ ਮੰਡੀ ਵਿੱਚ ਖੇਡਦਾ ਫਿਰਦਾ ਸੀ। ਜਦੋਂ ਕਾਫੀ ਦੇਰ ਤੱਕ ਉਹ ਘਰ ਨਹੀਂ ਪਹੁੰਚਿਆਂ ਤਾਂ ਉਨਾਂ ਅਰਿਹਾਂਤ ਦੀ ਭਾਲ ਕੀਤੀ, ਪਰੰਤੂ ਕਿਤੇ ਨਹੀਂ ਮਿਲਿਆ। ਉਨਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਕੋਈ ਵਿਅਕਤੀ ਮੇਰੇ ਬੱਚੇ ਨੂੰ ਅਗਵਾ ਕਰਕੇ ਲੈ ਗਏ।
ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਪਤਾ ਬੱਚੇ ਦੇ ਪਰਿਵਾਰ ਦੇ ਬਿਆਨਾਂ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨਾਂ ਕਿਹਾ ਕਿ ਪੁਲਿਸ ਦੀਆਂ ਵੱਖ ਵੱਖ ਟੀਮਾਂ ਆਸ ਪਾਸ ਦੇ ਖੇਤਰ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲਨੀ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਤੋਂ ਉਪਲਬਧ ਇੱਕ ਫੁਟੇਜ ਪੁਲਿਸ ਨੂੰ ਮਿਲੀ ਹੈ,ਜਿਸ ਵਿਚ ਇਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਇੱਕ ਬੱਚੇ ਨੂੰ ਲਿਜਾ ਰਹੇ ਹਨ। ਪੁਲਿਸ ਇਸ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਕਤ ਫੁਟੇਜ ਵਿਚ ਨਜ਼ਰ ਆ ਨੌਜਵਾਨਾਂ ਦੀ ਕਿਸੇ ਨੂੰ ਪਹਿਚਾਣ ਆ ਰਹੀ ਹੈ ਤਾਂ ਉਹ ਇਹ ਸੂਚਨਾ ਪੁਲਿਸ ਨੂੰ ਜ਼ਰੂਰ ਦੇਣ, ਤਾਂਕਿ ਦੋਸ਼ੀਆਂ ਨੂੰ ਫੜ੍ਹ ਕੇ, ਬੱਚੇ ਨੂੰ ਅਗਵਾਕਾਰਾਂ ਦੇ ਕਬਜ਼ੇ ਵਿੱਚੋਂ ਸੁਰੱਖਿਅਤ ਛੁਡਾਇਆ ਜਾ ਸਕੇ। ਉਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਬੱਚੇ ਦਾ ਸੁਰਾਗ ਲੱਭ ਲਿਆ ਜਾਵੇਗਾ।