ਵਿਜੀਲੈਂਸ ਦਾ ਵੱਡਾ ਐਕਸ਼ਨ, ਫੜ੍ਹ ਲਿਆ ਨਾਇਬ ਤਹਿਸੀਲਦਾਰ ਤੇ ,,,

Advertisement
Spread information

ਉੱਚੀ ਪਹੁੰਚ -ਸ਼ਾਮਲਾਟ ਘਪਲੇ ਤੇ ਕਾਰਵਾਈ 25 ਵਰਿਆਂ ਬਾਅਦ ਹੋਈ

ਅਸ਼ੋਕ ਵਰਮਾ , ਬਠਿੰਡਾ 1 ਜੂਨ 2023 
   ਜਿਲ੍ਹੇ ਦੇ ਨਥਾਣਾ ਤਹਿਸੀਲ ਵਿੱਚ ਪੈਂਦੇ ਪਿੰਡ ਸੇਮਾ ‘ਚ ਡੇਢ ਦਹਾਕੇ ਤੋਂ ਵੀ ਜਿਆਦਾ ਪਹਿਲਾਂ ਕਥਿਤ ਤੌਰ ਤੇ ਰਿਕਾਰਡ ਦੀ ਭੰਨ-ਤੋੜ ਕਰਕੇ 28 ਏਕੜ ਸ਼ਾਮਲਾਟ ਜ਼ਮੀਨ ਨੂੰ ਪ੍ਰਾਈਵੇਟ ਲੋਕਾਂ ਦੇ ਨਾਂ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਰੇਂਜ ਥਾਣਾ ਬਠਿੰਡਾ ਵਿਖੇ ਇਸ ਸਬੰਧ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ ਆਈ ਆਰ  ਦਰਜ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਉਸ ਵਕਤ ਕਾਨੂੰਗੋ ਸੀ ਅਤੇ ਇਸ ਵੇਲੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚ ਤਾਇਨਾਤ ਹੈ ਜਦੋਂ ਕਿ ਪਟਵਾਰੀ ਜਗਦੀਪ ਸਿੰਘ ਜੱਗਾ ਮਾਲ ਵਿਭਾਗ ਵਿਚੋਂ ਸੇਵਾਮੁਕਤ ਹੋ ਚੁੱਕਿਆ ਹੈ।
        ਦੱਸਿਆ ਜਾਂਦਾ ਹੈ ਕਿ ਪਿੰਡ ਸੇਮਾ ਦੀ ਇਸ ਜਮੀਨ ਦਾ ਭਾਅ ਉਸ ਵੇਲੇ ਸੱਤ ਤੋਂ ਅੱਠ ਕਰੋੜ ਸੀ ਜਦੋਂ ਕਿ ਹੁਣ ਵੀ ਇਸ ਤੋਂ ਘੱਟ ਨਹੀਂ ਬਲਕਿ ਵੱਧ ਹੀ ਹੈ ਜੋ ਇਸ ਮਾਮਲੇ ਦੇ ਅਤਿ ਅਹਿਮ ਹੋਣ ਵੱਲ ਇਸ਼ਾਰਾ ਕਰਦਾ ਹੈ। ਵਿਜੀਲੈਂਸ ਨੇ ਹੁਣ ਇਸ ਮਾਮਲੇ ਵਿਚ ਨਾਮਜ਼ਦ ਪ੍ਰਾਈਵੇਟ ਵਿਅਕਤੀਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਪ੍ਰਾਈਵੇਟ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਾਮਲਾਟ ਨਾਲ ਸਬੰਧਤ ਇਸ ਜ਼ਮੀਨ ਘਪਲੇ ਮਾਮਲੇ ਵਿੱਚ ਹੋਰ ਵੀ ਭੇਦ ਖੋਲ੍ਹਣ ਦੀ ਉਮੀਦ ਹੈ।  ਵੇਰਵਿਆਂ ਅਨੁਸਾਰ ਜਦੋਂ ਮਾਮਲਾ ਵਿਜੀਲੈਂਸ ਕੋਲ ਪੁੱਜਾ ਤਾਂ ਸ਼ੁਰੂਆਤੀ ਦੌਰ ਵਿਚ ਵਿਜੀਲੈਂਸ ਅਫ਼ਸਰਾਂ ਨੇ ਇਸ ਸਬੰਧ ਵਿਚ ਗੁਪਤ ਪੜਤਾਲ ਕਰਵਾਈ ਸੀ । 
       ਪੜਤਾਲ ਦੌਰਾਨ ਜ਼ਮੀਨੀ ਰਿਕਾਰਡ ਵਿੱਚ ਹੇਰਾ ਫੇਰੀ ਕਰਨ ਦੇ ਤੱਥ ਸਾਹਮਣੇ ਆ ਗਏ। ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਸ ਵਕਤ ਦਾ ਕਾਨੂੰਗੋ ਅਤੇ ਮੌਜੂਦਾ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਤੇ ਸੇਵਾਮੁਕਤ ਪਟਵਾਰੀ ਜਗਜੀਤ ਸਿੰਘ ਜੱਗਾ ਉਹਨਾਂ ਦਿਨਾਂ ਦੌਰਾਨ ਮਾਲ ਹਲਕਾ ਸੇਮਾ ਵਿਚ ਤਾਇਨਾਤ ਸਨ। ਇਹਨਾਂ ਦੋਵਾਂ ਨੇ ਮਾਲ ਵਿਭਾਗ ਦੇ ਰਿਕਾਰਡ ਨਾਲ ਛੇੜਛਾੜ ਕਰਕੇ ਪ੍ਰਾਈਵੇਟ ਲੋਕਾਂ ਨੂੰ ਨਥਾਣਾ ਤਹਿਸੀਲ ਅੰਦਰ ਪੈਂਦੇ ਪਿੰਡ ਸੇਮਾ ਦੀ ਤਕਰੀਬਨ 28 ਏਕੜ ਸ਼ਾਮਲਾਟ ਜ਼ਮੀਨ ਦੇ ਮਾਲਕ ਅਤੇ ਕਾਸ਼ਤਕਾਰ ਬਣਾ ਦਿੱਤਾ ਸੀ। ਸਰਕਾਰੀ ਨਿਯਮਾਂ ਅਨੁਸਾਰ ਸ਼ਾਮਲਾਟ ਜ਼ਮੀਨਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ।
        ਬੁਲਾਰੇ ਨੇ ਦੱਸਿਆ ਕਿ ਇਸ ਸ਼ਾਮਲਾਟ  ਜ਼ਮੀਨ  ਬਾਰੇ  ਵਿਜੀਲੈਂਸ ਨੇ ਡੂੰਘਾਈ ਨਾਲ ਪੜਤਾਲ ਕੀਤੀ ਤਾਂ  ਸਾਹਮਣੇ ਆਇਆ ਕਿ ਪਟਵਾਰੀ ਜਗਜੀਤ ਸਿੰਘ ਜੱਗਾ ਨੇ  ਜਮ੍ਹਾਂਬੰਦੀ ਦੌਰਾਨ ਰਿਕਾਰਡ ਨਾਲ ਛੇੜਛਾੜ ਕਰਕੇ ਅਜਿਹਾ ਕਰਨ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ  ਹੈ। ਬੁਲਾਰੇ ਨੇ ਦੱਸਿਆ ਕਿ ਪ੍ਰਾਈਵੇਟ  ਲੋਕਾਂ ਨੇ ਇਸ ਸ਼ਾਮਲਾਟ ਜ਼ਮੀਨ ਤੇ ਬੈਂਕਾਂ ਕੋਲੋਂ ਲੱਖਾਂ ਰੁਪਏ ਦਾ ਕਰਜ਼ਾ ਲੈ ਲਿਆ। ਉਨ੍ਹਾਂ ਦੱਸਿਆ ਕਿ ਜਾਂਚ ‘ਚ ਤੱਤਕਾਲੀ ਕਾਨੂੰਗੋ ਬਲਵਿੰਦਰ ਸਿੰਘ ਖ਼ਿਲਾਫ਼ ਵੀ ਸਬੂਤ ਮਿਲੇ ਹਨ ਜਿਨ੍ਹਾਂ ਇਸ ਮਾਮਲੇ ਵਿਚ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਹੈ ‌। ਇਸ ਕਰਕੇ ਉਸ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।
       ਥਾਣਾ ਵਿਜੀਲੈਂਸ ਰੇਂਜ ਬਠਿੰਡਾ ਵਿਖੇ ਇਸ ਮਾਮਲੇ ਸਬੰਧੀ 1 ਜੂਨ ਨੂੰ ਭਾਰਤੀ ਦੰਡਾਵਲੀ ਦੀ ਧਾਰਾ 13(1), 13(2) ਪਰੀਵੈਨਸ਼ਨ ਆਫ ਕੁਰੱਪਸ਼ਨ ਐਕਟ ਦੀ ਧਾਰਾ 409, 420, 467, 468, 471 ਤਹਿਤ ਮੁਕੱਦਮਾ ਨੰਬਰ 11 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਬੁਲਾਰੇ ਨੇ  ਦੱਸਿਆ ਕਿ ਇਸ ਮਾਮਲੇ ਸਬੰਧੀ ਬਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਜੱਗਾ ਤੋਂ ਇਲਾਵਾ ਪ੍ਰਾਈਵੇਟ ਵਿਅਕਤੀ ਐਫ ਆਈ ਆਰ ਵਿੱਚ ਨਾਮਜ਼ਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਵਿਵਾਦਾਂ ‘ਚ ਫਸਿਆ ਰਿਹਾ ਪਟਵਾਰੀ
     ਸੇਵਾਮੁਕਤ ਪਟਵਾਰੀ ਜਗਜੀਤ ਸਿੰਘ ਆਪਣੇ ਸੇਵਾਕਾਲ ਦੌਰਾਨ ਵੱਖ ਵੱਖ ਵਿਵਾਦਾਂ ਵਿੱਚ ਹੀ ਉਲਝਿਆ ਰਿਹਾ ਹੈ । ਛੇ ਵਰ੍ਹੇ ਪਹਿਲਾਂ 10 ਮਈ 2017 ਨੂੰ ਪਿੰਡ ਲਹਿਰਾ ਬੇਗਾ ਦੇ ਕਿਸਾਨ ਜਸਵੰਤ ਸਿੰਘ ਵੱਲੋਂ ਪਿੰਡ ਸੇਮਾ ਦੇ ਪਟਵਾਰ ਖਾਨੇ ‘ਚ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਜਗਜੀਤ ਸਿੰਘ ਵੱਡੀ ਪੱਧਰ ਤੇ ਚਰਚਾ ‘ਚ ਆਇਆ ਸੀ। ਜਸਵੰਤ ਸਿੰਘ ਨੇ ਖੁਦਕੁਸ਼ੀ ਨੋਟ ’ਚ  ਰਿਕਾਰਡ ਵਿੱਚ ਹੇਰ ਫੇਰ ਕਰਕੇ ਉਸ ਨੂੰ ਮੁਆਵਜ਼ੇ ਤੋਂ ਵਾਂਝਾ ਕਰਨ ਲਈ ਪਟਵਾਰੀ ਜਗਜੀਤ ਸਿੰਘ, ਉਸ ਦੇ ਪ੍ਰਾਈਵੇਟ ਸਹਾਇਕ ਤੇ ਲਹਿਰਾ ਬੇਗਾ ਦੇ ਇਕ ਵਿਅਕਤੀ ਨੂੰ ਜ਼ਿਮੇਵਾਰ ਦੱਸਿਆ ਸੀ। ਥਾਣਾ ਨਥਾਣਾ ’ਚ ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਜਗਜੀਤ ਸਿੰਘ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਜਿੱਥੋਂ ਬਾਹਰ ਆਉਣ ਤੋਂ ਬਾਅਦ ਮਹਿਕਮੇ ਨੇ ਉਸ ਨੂੰ ਬਹਾਲ ਕਰ ਦਿੱਤਾ ਸੀ।
ਵਿਜੀਲੈਂਸ ਦੀ ਅੱਖ ਹੁਣ ਸੰਪਤੀ ਤੇ
    ਵਿਜੀਲੈਂਸ ਅਧਿਕਾਰੀਆਂ ਦੀ  ਦੀ ਅੱਖ ਹੁਣ ਸੇਵਾ ਮੁਕਤ ਪਟਵਾਰੀ ਜਗਜੀਤ ਸਿੰਘ  ਦੀ ਸੰਪਤੀ ਤੇ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਕੋਲ਼ ਇਸ ਗੱਲ ਦੀ ਪੁਖ਼ਤਾ ਜਾਣਕਾਰੀ ਹੈ ਕਿ ਇਹ ਕੋਈ ਇਕੱਲਾ ਕਹਿਰਾ ਮਾਮਲਾ ਨਹੀਂ , ਬਲਕਿ ਅਜਿਹੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ। ਵਿਜੀਲੈਂਸ ਨੂੰ ਸ਼ੱਕ ਹੈ ਕਿ ਪਟਵਾਰੀ ਜਗਜੀਤ ਸਿੰਘ ਨੇ ਕਥਿਤ ਭ੍ਰਿਸ਼ਟਾਚਾਰ ਰਾਹੀਂ ਕਾਫ਼ੀ ਜਾਇਦਾਦ ਬਣਾਈ ਹੋ ਸਕਦੀ ਹੈ। ਸੂਤਰਾਂ ਮੁਤਾਬਕ  ਜੇਕਰ ਉਸ ਦੇ ਕਾਰ ਵਿਹਾਰ ਦੀ ਪੂਰੀ ਤਰਾਂ ਘੋਖ ਕੀਤੀ ਜਾਵੇ ਤਾਂ ਹੈਰਾਨਕੁੰਨ ਖੁਲਾਸੇ ਹੋ ਸਕਦੇ ਹਨ।  ਜਗਜੀਤ ਸਿੰਘ ਕਾਫੀ ਪਹੁੰਚ ਰੱਖਦਾ  ਸੀ , ਜਿਸ ਦਾ ਇੱਥੋਂ ਪਤਾ ਲੱਗਦਾ ਹੈ ਕਿ ਉਸ ਖਿਲਾਫ ਕਾਰਵਾਈ ਲਈ ਕਿਸਾਨ ਜਥੇਬੰਦੀ  ਨੂੰ ਤਕੜਾ ਸੰਘਰਸ਼ ਲੜਨਾ ਪਿਆ ਸੀ।
Advertisement
Advertisement
Advertisement
Advertisement
Advertisement
error: Content is protected !!