ਹਸਨਪ੍ਰੀਤ ਭਾਰਦਵਾਜ ਨੇ ਕਿਹਾ, ਧਨੌਲਾ ਸਬ-ਤਹਿਸੀਲ ਦੀ ਨਵੀਂ ਬਿਲਡਿੰਗ ਬਣਾਉਣ ਦਾ ਕੰਮ ਜਲਦੀ ਹੋਵੇਗਾ ਸੁਰੂ
ਬਰਨਾਲਾ ਅੰਦਰ ਹੋਰ ਵੀ ਬਹੁਤ ਨਵੇਂ ਪ੍ਰੋਜੈਕਟ ਲਿਆਉਣ ਲਈ ਕੰਮ ਚੱਲ ਰਿਹਾ ਹੈ
ਜੇ.ਐਸ. ਚਹਿਲ , ਬਰਨਾਲਾ , 6 ਮਈ 2023
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੇ ਹਲਕੇ ਦੇ ਵਿਕਾਸ ਲਈ ਸ਼ਰੂ ਕੀਤੇ ਯਤਨਾਂ ਨੂੰ ਹੁਣ ਬੂਰ ਪੈਣ ਲੱਗ ਪਿਆ ਹੈ। ਬੇਹੱਦ ਖਸਤਾ ਹਾਲਤ ਬਿਲਡਿੰਗ ਚ ਚੱਲ ਰਹੀ ਸਬ- ਤਹਿਸੀਲ ਧਨੌਲਾ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾ ਨਾਲ ਜਲਦੀ ਹੀ ਨਵੀਂ ਆਲੀਸਾਨ ਬਿਲਡਿੰਗ ਬਣਾ ਕੇ ਦਿੱਤੀ ਜਾ ਰਹੀ ਹੈ ਅਤੇ ਇਸ ਕੰਮ ਲਈ ਪੰਜਾਬ ਸਰਕਾਰ ਵਲੋਂ ਜਲਦੀ ਹੀ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਰਾਜਸੀ ਸਲਾਹਕਾਰ ਹਸਨਪ੍ਰੀਤ ਭਾਰਦਵਾਜ ਨੇ ਇੱਕ ਗੈਰ-ਰਸਮੀ ਮਿਲਣੀ ਦੌਰਾਨ ਸਾਂਝੀ ਕੀਤੀ। ਉਹਨਾ ਦੱਸਿਆ ਕਿ ਲਗਭੱਗ ਦੋ ਦਹਾਕੇ ਪਹਿਲਾਂ ਹੋਂਦ ਵਿੱਚ ਆਈ ਸਬ- ਤਹਿਸੀਲ ਧਨੌਲਾ ਦੀ ਬਿਲਡਿੰਗ ਕਾਫੀ ਸਮੇਂ ਤੋਂ ਬੇਹੱਦ ਖਸਤਾ ਹਾਲਤ ਵਿੱਚ ਹੈ। ਸਬ-ਤਹਿਸੀਲ ਦਫ਼ਤਰ ਦਾ ਪੱਧਰ ਆਲੇ -ਦੁਆਲੇ ਤੋਂ ਕਾਫੀ ਨੀਵਾਂ ਹੋਣ ਕਾਰਨ ਬਾਰਸ ਦੌਰਾਨ ਦਫ਼ਤਰ ਅੰਦਰ ਪਾਣੀ ਭਰ ਜਾਣ ਕਾਰਨ ਜਿੱਥੇ ਤਹਿਸੀਲ ਅੰਦਰ ਕੰਮ ਕਰਦੇ ਸਟਾਫ਼ ਅਤੇ ਆਮ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਸਰਕਾਰੀ ਰਿਕਾਰਡ ਦੇ ਖਰਾਬ ਹੋਣ ਦਾ ਵੀ ਖਦਸਾ ਬਣਿਆ ਰਹਿੰਦਾ ਹੈ । ਜਿਸ ਨੂੰ ਧਿਆਨ ਵਿੱਚ ਰੱਖਦਿਆਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਕੀਤੇ ਯਤਨਾ ਸਦਕਾ ਸਬ-ਤਹਿਸੀਲ ਦੀ ਨਵੀਂ ਆਲੀਸਾਨ ਬਿਲਡਿੰਗ ਲਈ ਪੰਜਾਬ ਸਰਕਾਰ ਤੋਂ ਫੰਡ ਜਾਰੀ ਕਰਵਾ ਲਏ ਗਏ ਹਨ ਅਤੇ ਜਲਦੀ ਹੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਸੁਰੂ ਕੀਤਾ ਜਾਵੇਗਾ। ਸ੍ਰੀ ਭਾਰਦਵਾਜ ਨੇ ਦੱਸਿਆ ਕਿ ਕੈਬਨਿਟ ਮੰਤਰੀ ਮੀਤ ਹੇਅਰ ਦੇ ਹੁਕਮਾਂ ਤਹਿਤ ਉਹਨਾ ਦੀ ਪੂਰੀ ਟੀਮ ਬਰਨਾਲਾ ਅੰਦਰ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਸਮੇਂ ਤੱਕ ਹੋਰ ਨਵੇਂ ਪ੍ਰੋਜੈਕਟਾਂ ਤੇ ਕੰਮ ਸੁਰੂ ਹੋਣ ਜਾ ਰਿਹਾ ਹੈ।