ਹਾਦਸੇ ਦੇ ਕੇਸ ਵਿੱਚ ਵਧਾਇਆ ਜ਼ੁਰਮ ਤੇ ਨਾਮਜਦ ਕਰਿਆ ਸੀ ਕੌਂਸਲਰ ਦਾ ਪਤੀ ਮੰਗਾ ਬਾਂਸਲ
ਹਰਿੰਦਰ ਨਿੱਕਾ , ਬਰਨਾਲਾ 6 ਮਈ 2023
ਨਗਰ ਕੌਂਸਲ ਬਰਨਾਲਾ ਦੀ ਕੌਂਸਲਰ ਮੀਨੂੰ ਬਾਂਸਲ ਦੇ ਪਤੀ ਮੰਗਤ ਰਾਏ ਮੰਗਾ ਬਾਂਸਲ ਨੂੰ ਹਾਦਸੇ ਦੇ ਇੱਕ ਕੇਸ ਵਿੱਚ ਨਾਮਜਦ ਕਰਕੇ,ਗਿਰਫਤਾਰ ਕਰਨ ਲਈ ਪੱਬਾਂ ਭਾਰ ਹੋਈ ਪੁਲਿਸ ਨੂੰ ਅੱਜ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਜਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਨੇ ਮੰਗਾ ਦੀ ਗਿਰਫਤਾਰੀ ਤੇ ਰੋਕ ਲਾਉਂਦਿਆਂ ਅੰਤਰਿਮ ਜਮਾਨਤ ਦੇ ਦਿੱਤੀ। ਅਦਾਲਤੀ ਹੁਕਮ ਵਿੱਚ ਮੰਗਾ ਨੂੰ ਕਿਹਾ ਗਿਆ ਹੈ ਕਿ ਉਹ ਪੁਲਿਸ ਦੀ ਤਫਤੀਸ਼ ‘ਚ ਸ਼ਾਮਿਲ ਹੋਵੇ। ਵਰਨਣਯੋਗ ਹੈ ਕਿ 20 ਅਪ੍ਰੈਲ ਦੀ ਸ਼ਾਮ ਬਰਨਾਲਾ ਹੰਡਿਆਇਆ ਰੋਡ ਤੇ ਸਥਿਤ ਗੁਰੂਦੁਆਰਾ ਪ੍ਰਗਟਸਰ ਨੇੜੇ, ਬੀਬੀ ਹਿੰਦ ਮੋਟਰਜ ਦੀ ਕੋਠੀ ਵਾਲੀ ਸਾਈਡ ਬਣੇ ਸੀਮਿੰਟ ਸਟੋਰ ਤੇ ਸੜਕ ਕਿਨਾਰੇ ਟਰਾਲਾ ਖੜ੍ਹਾ ਕਰਕੇ, ਸੀਮਿੰਟ ਉਤਾਰ ਰਹੇ, ਟਰਾਲੇ ਨਾਲ ਇੱਕ ਮੋਟਰਸਾਈਕਲ ਟਕਰਾ ਗਿਆ ਸੀ। ਮੋਟਰਸਾਈਕਲ ਚਲਾ ਰਹੇ ਕਰੀਬ 28 ਕੁ ਵਰ੍ਹਿਆਂ ਦੇ ਈਸ਼ਵਰ ਸਿੰਘ ਦੀ ਮੌਤ ਹਸ ਗਈ ਸੀ, ਜਦੋਂਕਿ ਉਸ ਦੇ ਨਾਲ ਬੈਠਾ ਸਨਦੀਪ ਸਿੰਘ ਜਖਮੀ ਹੋ ਗਿਆ ਸੀ। ਪੁਲਿਸ ਨੇ ਹਾਦਸੇ ਵਿੱਚ ਜਖਮੀ ਹੋਏ ਸਨਦੀਪ ਸਿੰਘ ਦੇ ਬਿਆਨ ਪਰ, ਟਰਾਲਾ ਚਾਲਕ ਰਾਮ ਚੰਦ ਵਾਸੀ ਸੰਗਰੀਆ (ਰਾਜਸਥਾਨ) ਦੇ ਖਿਲਾਫ ਅਧੀਨ ਜੁਰਮ 304 A/ 337/338/427/283 ਆਈਪੀਸੀ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ਼ ਕਰ ਦਿੱਤਾ ਸੀ। ਪਰੰਤੂ ਬਾਅਦ ਵਿੱਚ ਪੁਲਿਸ ਨੇ ਜੁਰਮ ਵਿੱਚ ਵਾਧਾ ਕਰਕੇ ਗੈਰਜਮਾਨਤੀ ਧਾਰਾ 304 ਜੋੜ ਕੇ, ਕਾਂਗਰਸੀ ਕੌਂਸਲਰ ਮੀਨੂੰ ਬਾਂਸਲ ਦੇ ਪਤੀ ਮੰਗਤ ਰਾਏ ਮੰਗਾ ਬਾਂਸਲ ਅਤੇ ਮੰਗਾ ਦੇ ਭਤੀਜੇ ਨੂੰ ਵੀ ਕੇਸ ਵਿੱਚ ਨਾਮਜਦ ਕਰ ਦਿੱਤਾ ਸੀ। ਪੁਲਿਸ ਨੇ ਮੰਗਾ ਦੀ ਗਿਰਫਤਾਰੀ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰੰਤੂ ਮੰਗਾ ਪੁਲਿਸ ਦੀ ਗਿਰਫਤਾਰੀ ਤੋਂ ਬਚਣ ਲਈ ਬਰਨਾਲਾ ਛੱਡ ਕੇ ਕਿੱਧਰੇ ਚਲਾ ਗਿਆ। ਮੰਗਾ ਨੇ ਸੀਨੀਅਰ ਫੌਜਦਾਰੀ ਐਡਵੋਕੇਟ ਰਾਹੁਲ ਗੁਪਤਾ ਰਾਹੀਂ ਅਦਾਲਤ ਵਿੱਚ ਐਂਟੀਸਪੇਟਰੀ ਜਮਾਨਤ ਦੀ ਅਰਜੀ ਦਾਇਰ ਕਰ ਦਿੱਤੀ, ਜਿਸ ਦੀ ਸੁਣਵਾਈ ਅੱਜ ਜਿਲਾ ਤੇ ਸ਼ੈਸ਼ਨ ਜੱਜ ਬੀਬੀਐਸ ਤੇਜੀ ਦੀ ਅਦਾਲਤ ਵਿੱਚ ਹੋਈ।
ਅਦਾਲਤ ‘ਚ ਟਿਕ ਨਹੀਂ ਸਕੀ ਪੁਲਿਸ ਦੀ ਘੜੀ ਕਹਾਣੀ
ਮੰਗਾ ਬਾਂਸਲ ਦੇ ਐਡਵੋਕੇਟ ਰਾਹੁਲ ਗੁਪਤਾ ਨੇ ਮਾਨਯੋਗ ਅਦਾਲਤ ਨੂੰ ਜ਼ੋਰਦਾਰ ਬਹਿਸ ਕਰਦਿਆਂ ਦੱਸਿਆ ਕਿ ਮੰਗਾ ਬਾਂਸਲ ਦਾ ਨਾਮ ਹਾਦਸੇ ਸਬੰਧੀ ਦਰਜ਼ ਐਫਆਈਆਰ ਨੰਬਰ 169 ਮਿਤੀ 21/4/2023 ਵਿੱਚ ਸ਼ਾਮਿਲ ਨਹੀਂ ਹੈ ਅਤੇ ਇਸ ਐਫਆਈਆਰ ਵਿੱਚ 304 ਆਈਪੀਸੀ ਦਾ ਜੁਰਮ ਵੀ ਨਹੀਂ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ ,ਜੁਰਮ ਵਿੱਚ ਜੋ ਵਾਧਾ ਅਤੇ ਮੰਗਾ ਬਾਂਸਲ ਨੂੰ ਨਾਮਜਦ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ,ਕਿਉਂਕਿ ਮ੍ਰਿਤਕ ਦਾ ਪਿਤਾ ਰਾਕੇਸ਼ ਕੁਮਾਰ ਤਾਂ ਮੌਕਾ ਵਾਲੀ ਥਾਂ ਤੇ ਹਾਦਸੇ ਸਮੇਂ ਮੌਜੂਦ ਹੀ ਨਹੀਂ ਸੀ। ਪੁਲਿਸ ਨੇ ਹਾਦਸੇ ਤੋਂ 20 ਘੰਟਿਆਂ ਬਾਅਦ ਐਫਆਈਆਰ ਦਰਜ ਕੀਤੀ, ਉਸ ਸਮੇਂ ਰਾਕੇਸ਼ ਕੁਮਾਰ ਦਾ ਕੋਈ ਬਿਆਨ ਨਹੀਂ ਲਿਆ ਗਿਆ, ਸਗੋਂ ਐਫਆਈਆਰ ਦੇ ਮੁਦਈ ਸਨਦੀਪ ਸਿੰਘ ਦੇ ਬਿਆਨ ਦੀ ਹੀ, ਰਾਕੇਸ਼ ਕੁਮਾਰ ਨੇ ਤਾਈਦ ਕੀਤੀ ਸੀ। ਐਡਵੋਕੇਟ ਰਾਹੁਲ ਗੁਪਤਾ ਨੇ ਇਹ ਵੀ ਕਿਹਾ ਕਿ ਮੰਗਾ ਬਾਂਸਲ ਦੀ ਦੁਕਾਨ ਵੀ ਹਾਦਸੇ ਵਾਲੀ ਥਾਂ ਦੇ ਨੇੜੇ ਨਹੀਂ, ਸਗੋਂ ਸੜਕ ਦੇ ਦੂਜੇ ਪਾਸੇ, ਹਾਦਸੇ ਵਾਲੀ ਜਗ੍ਹਾ ਤੋਂ ਕਾਫੀ ਦੂਰ ਹੈ। ਪੁਲਿਸ ਨੇ ਮੰਗਾ ਦਾ ਨਾਂ ਐਫਆਈਆਰ ਵਿੱਚ ਝੂਠਾ ਦਰਜ ਕੀਤਾ ਹੈ। ਪੁਲਿਸ ਅਦਾਲਤ ਵਿੱਚ ਕੋਈ ਅਜਿਹਾ ਸਬੂਤ ਮੰਗਾ ਬਾਂਸਲ ਦੀ ਦੁਕਾਨ ਹੋਣ ਸਬੰਧੀ ਵੀ ਪੇਸ਼ ਨਹੀਂ ਕਰ ਸਕੀ। ਮਾਨਯੋਗ ਅਦਾਲਤ ਨੇ ਐਡਵੋਕੇਟ ਰਾਹੁਲ ਗੁਪਤਾ ਦੀ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੰਗਾ ਬਾਂਸਲ ਦੀ 19 ਮਈ ਤੱਕ ਅੰਤਰਿਮ ਜਮਾਨਤ ਮੰਜੂਰ ਕਰ ਦਿੱਤੀ ਅਤੇ ਮੰਗਾ ਨੂੰ ਪੁਲਿਸ ਕੋਲ ਸ਼ਾਮਿਲ ਤਫਤੀਸ਼ ਹੋਣ ਦਾ ਹੁਕਮ ਵੀ ਦੇ ਦਿੱਤਾ। ਅੰਤਰਿਮ ਜਮਾਨਤ ਮਿਲਣ ਨਾਲ, ਮੰਗਾ ਦੇ ਸਿਰ ਤੇ ਲਟਕਦੀ ਗਿਰਫਤਾਰੀ ਦੀ ਤਲਵਾਰ ਹੁਣ ਚੁੱਕੀ ਗਈ।
ਕਾਂਗਰਸੀ ਕੌਂਸਲਰ ਮੀਨੂੰ ਬਾਂਸਲ ਨੇ ਅਦਾਲਤ ਵੱਲੋਂ ਦਿੱਤੀ ਰਾਹਤ ਲਈ ਮਾਨਯੋਗ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੇ ਲੋਕਲ ਆਗੂਆਂ ਨੇ ਨਗਰ ਕੌਂਸਲ ਦੀ ਰਾਜਨੀਤੀ ਵਿੱਚ ਆਪ ਦਾ ਸਾਥ ਦੇਣ ਲਈ ਮੇਰੇ ਤੇ ਦਬਾਅ ਪਾਉਣ ਦੀ ਘਟੀਆ ਤੇ ਸੌੜੀ ਰਾਜਨੀਤੀ ਕੀਤੀ ਸੀ। ਤਾਂਕਿ ਅਸੀਂ ਝੁਕ ਕੇ, ਨਗਰ ਕੌਂਸਲ ਦੇ ਪ੍ਰਧਾਨ ਨੂੰ ਲਾਹੁਣ ਲਈ ਚੱਲ ਰਹੀਆਂ ਚਾਲਾਂ ਵਿੱਚ, ਆਪ ਦਾ ਸਾਥ ਦੇਈਏ। ਉਨਾਂ ਕਿਹਾ ਕਿ ਸਾਨੂੰ ਸੱਚ ਅਤੇ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ। ਅਸੀਂ ਇਸ ਤਰਾਂ ਦੇ ਝੂਠੇ ਪਰਚਿਆਂ ਤੋਂ ਡਰ ਕੇ, ਕਾਂਗਰਸ ਛੱਡਣ ਵਾਲਿਆਂ ਵਿੱਚੋਂ ਨਹੀਂ ਹਾਂ। ਮੀਨੂੰ ਬਾਂਸਲ ਨੇ ਕਿਹਾ ਕਿ ਆਮ ਹਾਦਸੇ ਦੀ ਘਟਨਾ ਨੂੰ ਬਿਨਾਂ ਇਰਾਦਾ ਕਤਲ ਦੇ ਜੁਰਮ ਵਿੱਚ ਬਦਲ ਕੇ,ਸਾਡੇ ਪਰਿਵਾਰ ਨੂੰ ਝੁਠਾ ਸ਼ਾਮਿਲ ਕਰਨਾ, ਸ਼ੋਭਾ ਨਹੀਂ ਦਿੰਦਾ। ਉਨਾਂ ਕਿਹਾ ਕਿ ਇੱਕ ਪਾਸੇ, ਮੁੱਖ ਮੰਤਰੀ ਭਗਵੰਤ ਮਾਨ , ਕੋਈ ਬਦਲਾਖੋਰੀ ਨਾ ਕਰਨ ਦਾ ਦਾਅਵਾ ਹਰ ਦਿਨ ਕਰਦੇ ਹਨ, ਪਰੰਤੂ ਬਰਨਾਲਾ ਸ਼ਹਿਰ ਅੰਦਰ ਬਦਲਾਖੋਰੀ ਦੀ ਨੀਤੀ ਸ਼ਰੇਆਮ ਹਰ ਕਿਸੇ ਨੂੰ ਦਿਖਦੀ ਹੈ।