ਬਾਲ ਮਹੰਤ ਆਸ਼ੂ ਨੂੰ ਸੰਪਰਦਾਇ ਨੇ ਐਲਾਨਿਆ ਡੇਰੇ ਦਾ ਗੱਦੀਨਸ਼ੀਨ ਹਰਿੰਦਰ ਨਿੱਕਾ ਬਰਨਾਲਾ 23 ਮਈ 2020
ਡੇਰਾ ਮਹੰਤ ਭਾਗਵੰਤੀ ਹੰਡਿਆਇਆ ਦੀ ਗੱਦੀ ਨਸ਼ੀਨ ਮਹੰਤ ਹਾਜੀ ਸੁਨੀਤਾ ਮਹੰਤ ਨੇ ਲੰਬੀ ਬੀਮਾਰੀ ਤੋਂ ਬਾਅਦ ਚੋਲਾ ਛੱਡ ਦਿੱਤਾ । ਹਾਜ਼ੀ ਮਹੰਤ ਸੁਨੀਤਾ ਨੂੰ ਸਪੁਰਦ ਏ ਖਾਕ ਕਰਨ ਮੌਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਮਹੰਤਾਂ ਨੇ ਹਿੱਸਾ ਲਿਆ। ਸ਼ਨੀਵਾਰ ਰਾਤ ਕਰੀਬ 9 ਵਜੇ ਤਾਰਿਆਂ ਦੀ ਛਾਵੇਂ ਪਿੰਡ ਦੇ ਕਬਰਿਸਤਾਨ ਵਿੱਚ ਹਾਜੀ ਮਹੰਤ ਸੁਨੀਤਾ ਨੂੰ ਪੂਰਨ ਮੁਸਲਿਮ ਰੀਤੀ ਰਿਵਾਜ਼ ਅਨੁਸਾਰ ਸਪੁਰਦ ਏ ਖਾਕ ਕਰ ਦਿੱਤਾ ਗਿਆ। ਡੇਰੇ ਤੋਂ ਚੱਲੇ ਜਨਾਜ਼ੇ ਚ ਪਿੰਡ ਦੇ ਲੋਕਾਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਹਰਿਆਣਾ ਸੂਬੇ ਦੇ ਕਰਨਾਲ ਤੋਂ ਪਹੁੰਚੀ ਮਹੰਤ ਨੇ ਕਿਹਾ ਕਿ ਹਾਜੀ ਮਹੰਤ ਸੁਨੀਤਾ ਦਾ ਜਨਮ ਭਾਂਵੇ ਹਿੰਦੂ ਪ੍ਰੀਵਾਰ ਵਿਚ ਹੋਇਆ। ਪਰੰਤੂ ਉਸ ਨੇ ਕਰੀਬ 40 ਸਾਲ ਪਹਿਲਾਂ ਮਹੰਤ ਬਣਨ ਤੋਂ ਬਾਅਦ ਮੁਸਲਿਮ ਧਰਮ ਆਪਣਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸਲਾਮ ਕਬੂਲ ਕਰ ਲੈਣ ਤੋਂ ਬਾਅਦ ਉਹ ਮੱਕਾ ਮਦੀਨਾ ਦਾ ਹੱਜ ਵੀ ਕਰਕੇ ਆਈ ਸੀ। ਉਨ੍ਹਾਂ ਕਿਹਾ ਕਿ ਇਸਲਾਮ ਧਰਮ ਵਿਚ ਹੋਰ ਧਰਮ ਬਦਲ ਕੇ ਦੀਨ ਕਬੂਲ ਕਰਨ ਵਾਲੇ ਨੂੰ ਮੁਸਲਿਮ ਧਰਮ ਚ ਪੈਦਾ ਹੋਣ ਵਾਲੇ ਵਿਅਕਤੀ ਤੋੰ ਵੀ ਕਈ ਗੁਣਾ ਉੱਚਾ ਰੁਤਬਾ ਪ੍ਰਾਪਤ ਹੈ।
ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੀ ਪ੍ਰਸਿੱਧ ਸਮਾਜ ਸੇਵੀ ਮਹੰਤ ਪ੍ਰੀਤੀ ਸੰਗਰੂਰ ਨੇ ਕਿਹਾ ਕਿ ਸਭ ਤੋਂ ਛੋਟੀ ਉਮਰ ਵਿੱਚ ਹੀ ਮਹੰਤ ਜਾਮੇ ਚ, ਪ੍ਰਗਟ ਹੋਏ ਆਸ਼ੂ ਮਹੰਤ ਨੂੰ ਹਾਜ਼ੀ ਮਹੰਤ ਸੁਨੀਤਾ ਨੇ ਆਪਣਾ ਚੇਲਾ ਬਣਾ ਕੇ ਆਪਣਾ ਵਾਰਿਸ ਐਲਾਨ ਦਿੱਤਾ ਸੀ। ਕਰੀਬ 10 ਕੁ ਵਰ੍ਹਿਆਂ ਦੇ ਮਹੰਤ ਬਣ ਚੁੱਕੇ ਆਸ਼ੂ ਮਹੰਤ ਨੂੰ ਹੁਣ ਹਾਜ਼ੀ ਸੁਨੀਤਾ ਮਹੰਤ ਦੇ ਚੋਲਾ ਤਿਆਗ ਜਾਣ ਤੋਂ ਬਾਅਦ ਮਹੰਤ ਸੰਪਰਦਾਇ ਨੇ ਵੀ ਗੱਦੀ ਸੌਂਪ ਦਿੱਤੀ ਹੈ । ਪ੍ਰੀਤੀ ਮਹੰਤ ਨੇ ਕਿਹਾ ਕਿ ਉਹ ਤੇ ਪੂਰਾ ਮਹੰਤ ਸੰਪਰਦਾਇ ਹੀ ਬਾਲ ਮਹੰਤ ਆਸ਼ੂ ਦੇ ਨਾਲ ਹਰ ਦੁੱਖ ਸੁੱਖ ਚ ਚੱਟਾਨ ਵਾਂਗ ਖੜੇਗਾ। ਉਨ੍ਹਾਂ ਪਿੰਡ ਤੇ ਇਲਾਕੇ ਦੇ ਲੋਕਾਂ ਨੂੰ ਵੀ ਗੱਦੀ ਨਸ਼ੀਨ ਮਹੰਤ ਆਸ਼ੂ ਦੇ ਸਿਰ ਤੇ ਹੱਥ ਰੱਖਣ ਦੀ ਅਪੀਲ ਵੀ ਕੀਤੀ।
ਇਸ ਮੌਕੇਂ ਹੀਰਾ ਮਹੰਤ ਬਠਿੰਡਾ, ਰੇਸ਼ਮਾਂ ਮਹੰਤ ਨਾਭਾ, ਪੂਨਮ ਮਹੰਤ ਫ਼ਤਹਿਗੜ੍ਹ ਪੰਜਤੂਰ , ਮਹੰਤ ਮੀਨਾ ਹਾਜ਼ੀ ਜਗਰਾਓਂ, ਸੀਮਾ ਮਹੰਤ ਜੀਰਾ, ਨੂਰੀ ਮਹੰਤ ਜਲੰਧਰ , ਰਾਧਾ ਮਹੰਤ ਰਾਣੀਆਂ, ਸਿਮਰਨ ਮਹੰਤ ਪਟਿਆਲਾ , ਪਰਮਜੀਤ ਮਹੰਤ ਭਦੌੜ, ਗੁਰਪ੍ਰੀਤ ਮਹੰਤ ਠੀਕਰੀਵਾਲਾ ,ਸਰਬੀ ਮਹੰਤ ਤੇ ਮਨਜੀਤ ਮਹੰਤ ਧਨੌਲਾ,ਕਿਰਨ ਮਹੰਤ ਸਹਿਤ ਵੱਡੀ ਗਿਣਤੀ ਵਿੱਚ ਮਹੰਤ ਸੰਪਰਦਾਇ ਦੇ ਲੋਕ ਸ਼ਾਮਿਲ ਜਨਾਜ਼ੇ ਦੇ ਮੌਕੇ ਹਾਜ਼ਿਰ ਰਹੇ। ਇਸ ਮੌਕੇ ਹਾਜ਼ੀ ਸੁਨੀਤਾ ਮਹੰਤ ਦੇ ਚੇਲੇ ਤੇ ਗੱਦੀਨਸ਼ੀਨ ਬਾਲ ਮਹੰਤ ਆਸ਼ੂ ਦਾ ਰੋ ਰੋ ਕੇ ਬੁਰਾ ਹਾਲ ਸੀ। ਜਦੋਂ ਹਾਜ਼ੀ ਸੁਨੀਤਾ ਮਹੰਤ ਦਾ ਡੇਰਿਉਂ ਜਨਾਜ਼ਾ ਤੁਰਿਆ ਤਾਂ ਆਸ਼ੂ ਮਹੰਤ ਦੀਆਂ ਮਾਸੂਮੀਅਤ ਭਰੀਆਂ ਨਜ਼ਰਾਂ ਤੇ ਅੱਖੀਆਂ ਚੋਂ ਆਪ ਮੁਹਾਰੇ ਵਹਿ ਤੁਰੇ ਅੱਥਰੂਆਂ ਨੂੰ ਤੱਕ ਕੇ ਹਰ ਅੱਖ ਨਮ ਹੋ ਗਈ। ਪਿੰਡ ਵਾਸੀਆਂ ਚ ਹਾਜੀ ਮੁਸ਼ਤਾਕ ਮੁਹਮੰਦ, ਮੁਹੰਮਦ ਨੂਰਦੀਨ, ਕੋਵਿਡ 19 ਵਾਇਰਸ ਦੀ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਿਮ ਚ, ਪਾ ਕੇ ਇਲਾਕੇ ਦੀ ਸੇਵਾ ਵਿੱਚ ਤਨਦੇਹੀ ਨਾਲ ਸੇਵਾ ਨਿਭਾ ਰਹੇ ਸਲੀਮ ਖਾਨ ਅਤੇ ਹੋਰ ਮੋਹਤਬਰ ਵਿਅਕਤੀ ਵੀ ਹਾਜ਼ਿਰ ਰਹੇ।
ਡੇਰੇ ਦੇ ਸਭ ਤੋਂ ਛੋਟੀ ਉਮਰ ਦੇ ਗੱਦੀਨਸ਼ੀਨ ਮਹੰਤ ਹੋਣਗੇ ਆਸ਼ੂ
ਵਰਨਣਯੋਗ ਹੈ ਕਿ ਹੰਡਿਆਇਆ ਡੇਰੇ ਦੀ ਪਹਿਲੀ ਮਹੰਤ ਭਾਗਵੰਤੀ ਦੇ ਚੋਲਾ ਛੱਡ ਜਾਣ ਤੋਂ ਬਾਅਦ ਗੁੱਡੀ ਮਹੰਤ , ਡੇਰੇ ਦੀ ਦੂਸਰੇ ਗੱਦੀਨਸ਼ੀਨ ਬਣੇ ਅਤੇ ਉਨਾਂ ਦੇ ਦੇਹ ਤਿਆਗ ਦੇਣ ਤੋਂ ਬਾਅਦ ਉਸਦੇ ਚੇਲੇ ਮਹੰਤ ਸੁਨੀਤਾ ਨੂੰ ਤੀਜ਼ੇ ਗੱਦੀਨਸ਼ੀਨ ਦੇ ਰੂਪ ਚ, ਗੱਦੀ ਸੌਂਪੀ ਗਈ। ਸਭ ਤੋਂ ਛੋਟੀ ਉਮਰ ਦੇ ਬਾਲ ਰੂਪ ਚ, ਹੀ ਪ੍ਰਗਟ ਹੋਏ ਮਹੰਤ ਆਸ਼ੂ ਹੁਣ ਇਸ ਡੇਰੇ ਦੇ ਚੌਥੇ ਗੱਦੀਨਸ਼ੀਨ ਮਹੰਤ ਬਣ ਗਏ ਹਨ।