ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਲਿਆ ਮੰਗ ਪੱਤਰ, ਦਿੱਤਾ ਭਰੋਸਾ
ਰਘਬੀਰ ਹੈਪੀ ,ਬਰਨਾਲਾ 7 ਜਨਵਰੀ 2023
ਜਬਰੀ ਛਾਂਟੀ ਦੇ ਹੱਲੇ ਨੂੰ ਰੋਕਣ ਲਈ , ਲੋਟੂ ਕੰਪਨੀਆਂ ਤੇ ਠੇਕੇਦਾਰਾਂ ਨੂੰ ਸਰਕਾਰੀ ਵਿਭਾਗਾਂ ਵਿਚੋਂ ਬਾਹਰ ਕੱਢ ਕੇ, ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰਨ ਦੇ ਹੱਕ ਦੀ ਪ੍ਰਾਪਤੀ ਲਈ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਨੂੰ ਘੇਰਾ ਪਾ ਕੇ,ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੰਤਰੀ ਤੱਕ ਮੈਮੋਰੰਡਮ ਪਹੁੰਚਾਉਣ ਲਈ ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਗੁਰਦੀਪ ਸਿੰਘ ਬਾਠ ਨੂੰ ਮੰਗ ਪੱਤਰ ਸੌਪਿਆ । ਸ੍ਰੀ ਬਾਠ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੰਤਰੀ ਜੀ, ਉਨ੍ਹਾਂ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਨਗੇ । ਵਰਨਣਯੋਗ ਹੈ ਕਿ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਮੁਤਾਬਕ ਠੇਕਾ ਮੁਲਾਜ਼ਮਾਂ ਵਲੋਂ ਵੱਖ ਵੱਖ ਥਾਵਾਂ ਤੇ ਸਾਂਝੇ ਵਿਸ਼ਾਲ ਇਕੱਠ ਕਰਕੇ, ਪਹਿਲਾਂ ਰੈਲੀਆਂ ਕਰਕੇ ਲੋਕਾਂ ਸਾਹਮਣੇ ਠੇਕਾ ਮੁਲਾਜਮਾਂ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੀ ਧੱਕੇਸ਼ਾਹੀ ਦਾ ਜ਼ਿਕਰ ਕੀਤਾ ਗਿਆ, ਇਸ ਉਪਰੰਤ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਰਿਹਾਇਸ਼ਾਂ ਤੱਕ ਮਾਰਚ ਕਰਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਇੱਕ ਹੋਰ ਯਾਦ ਪੱਤਰ ਦਿੱਤਾ ਗਿਆ। ਇਨ੍ਹਾਂ ਯਾਦ ਪੱਤਰਾਂ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਵਖ ਵਖ ਵਿਭਾਗਾਂ ਵਿਚ ਲੰਬੇ ਅਰਸੇ ਤੋਂ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਦੀ ਜ਼ਬਰੀ ਛਾਂਟੀ ਬੰਦ ਕਰਕੇ ਛਾਂਟੀ ਕੀਤੇ ਕਾਮਿਆਂ ਨੂੰ ਮੁੜ ਕੰਮ ਤੇ ਰੱਖੇ, ਸਰਕਾਰੀ ਵਿਭਾਗਾਂ ਦੀ ਬੇਰਹਿਮ ਅਤੇ ਅੰ ਨ੍ਹੀਂ ਲੁੱਟ ਕਰ ਰਹੇ ਲੋਟੂ ਠੇਕੇਦਾਰਾਂ ਕੰਪਨੀਆਂ ਅਤੇ ਸੁਸਾਇਟੀਆਂ ਨੂੰ ਵਿਭਾਗਾਂ ਵਿਚੋਂ ਬਾਹਰ ਕੱਢ ਕੇ ਸਮੂਹ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰੇ, ਗੁਜ਼ਾਰੇ ਨੂੰ ਅਧਾਰ ਮੰਨ ਕੇ ਉਜ਼ਰਤਾਂ ਤਹਿ ਕਰੇ, ਪੱਕੇ ਕੰਮ ਖੇਤਰ ਵਿੱਚ ਪੱਕੇ ਰੋਜ਼ਗਾਰ ਦੀ ਨੀਤੀ ਨੂੰ ਲਾਗੂ ਕਰੇ। ਬਦਲ ਖੋਰ ਭਾਵਨਾ ਚੋਂ ਸਿਹਤ ਵਿਭਾਗ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਦੀ ਕੀਤੀ ਵਿਕਟੇਮਾਈਜੇਸਨ ਨੂੰ ਆਦਿ ਰੱਦ ਕਰੇ । ਇਨ੍ਹਾਂ ਯਾਦ ਪੱਤਰਾਂ ਰਾਹੀਂ ਸਰਕਾਰ ਨੂੰ ਚਿਤਾਵਨੀ ਕੀਤੀ ਗਈ ਕਿ ਅਗਰ ਮੁੱਖ ਮੰਤਰੀ ਸਾਹਿਬ ਵਲੋਂ ਗਲਬਾਤ ਰਾਹੀਂ ਇਨ੍ਹਾਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਠੇਕਾ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।ਅੱਜ ਪੰਜਾਬ ਭਰ ਵਿੱਚ ਜਿਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਯਾਦ ਪੱਤਰ ਦਿੱਤੇ ਗਏ , ਉਨ੍ਹਾਂ ਵਿੱਚ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। ਇਸ ਪਰੋਗਰਾਮ ਚ ਠੇਕਾ ਮੁਲਾਜਮਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ।
ਇਸ ਸੰਘਰਸ਼ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਮੋਰਚੇ ਦੇ ਸੂਬਾ ਆਗੂ ਰਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਆਗੂਆਂ ਸ੍ਰੀ ਵਰਿੰਦਰ ਸਿੰਘ ਮੋਮੀ, ਪਵਨਦੀਪ ਸਿੰਘ,ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਰਮਨਪ੍ਰੀਤ ਕੌਰ ਮਾਨ, ਵੀਰਪਾਲ ਕੌਰ,ਚਮਕੌਰ ਸਿੰਘ ਨੇਂ ਦਸਿਆ ਕਿ ਅਸੀਂ ਠੇਕਾ ਮੁਲਾਜ਼ਮ ਪਿਛਲੇ ਲੰਬੇ ਅਰਸੇ ਤੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਬਤੌਰ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਦੇ ਤੋਰ ਤੇ ਕੰਮ ਕਰਦੇ ਆ ਰਹੇ ਹਾਂ।ਸਾਡੀ ਸਮੇਂ ਦੀ ਹਰ ਸਰਕਾਰ ਤੋਂ ਮੰਗ ਰਹੀ ਹੈ ਕਿ ਜਦੋਂ ਇਨ੍ਹਾਂ ਅਦਾਰਿਆਂ ਦਾ ਕੰਟਰੋਲ ਸਰਕਾਰ ਦੇ ਹੱਥਾਂ ਵਿਚ ਹੈ।ਸਾਡੀ ਭਰਤੀ ਸਰਕਾਰੀ ਕੰਮ ਦੀਆਂ ਲੋੜਾਂ ਵਿਚੋਂ ਸਰਕਾਰ ਦੀ ਮੰਗ ਤੇ ਕੀਤੀ ਗਈ ਹੈ ਅਤੇ ਇਨ੍ਹਾਂ ਸੇਵਾਵਾਂ ਦੀ ਸਾਡੇ ਸਮਾਜ ਨੂੰ ਸਥਾਈ ਲੋੜ ਹੈ ਤਾਂ ਫਿਰ ਸਾਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕੀਤਾ ਜਾਵੇ। ਸਮੇਂ ਦੀ ਹਰ ਹਕੂਮਤ ਨੇ ਸਾਡੀ ਇਸ ਅਪੀਲ ਨੂੰ ਲਗਾਤਾਰ ਵੱਖ ਵੱਖ ਬਹਾਨਿਆਂ ਹੇਠ ਟਾਲਿਆ ਹੈ ਧੋਖੇ ਭਰੀਆਂ ਚਾਲਾਂ ਰਾਹੀਂ ਡੰਗ ਟਪਾਈ ਕੀਤੀ ਹੈ। ਮੌਜੂਦਾ ਪੰਜਾਬ ਸਰਕਾਰ ਜਿਹੜੀ ਜਿਹੜੀ ਬਦਲਾਅ ਦੇ ਧੋਖੇ ਹੇਠ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੋਈ ਹੈ ਇਸ ਨੇ ਇਸ ਧੋਖੇ ਦੀ ਦੌੜ ਵਿੱਚ ਪਹਿਲੀਆਂ ਸਰਕਾਰਾਂ ਨੂੰ ਵੀ ਮਾਤ ਪਾ ਦਿੱਤਾ ਹੈ। ਗਲਬਾਤ ਰਾਹੀਂ ਮੰਗਾਂ ਦਾ ਹੱਲ ਕਰਨ ਦੀ ਥਾਂ ਗਲਬਾਤ ਦੇ ਦਰਵਾਜ਼ੇ ਬੰਦ ਕਰ ਲਏ ਹਨ। ਠੇਕਾ ਮੋਰਚੇ ਵਲੋਂ ਸੈਂਕੜੇ ਯਾਦ ਪੱਤਰ ਦੇ ਕੇ ਮੰਗਾਂ ਦੇ ਹੱਲ ਲਈ ਗਲਬਾਤ ਦੇ ਸਮੇਂ ਦੀ ਮੰਗ ਕੀਤੀ ਗਈ ਪਰ ਸਰਕਾਰ ਨੇ ਐਨ ਮੌਕੇ ਤੇ ਜਾ ਕੇ ਜ਼ਰੂਰੀ ਰੁਝੇਵਿਆਂ ਦੇ ਬਹਾਨਿਆਂ ਹੇਠ ਗਲਬਾਤ ਕਰਨ ਤੋਂ ਇਨਕਾਰ ਕੀਤਾ ਹੈ।ਇਹ ਵਰਤਾਰਾ ਇੱਕ ਅਧ ਵਾਰ ਨਹੀਂ ਬਲਕਿ ਦਸ ਵਾਰ ਵਾਪਰਿਆ ਹੈ। ਇਸ ਤੋਂ ਉਲਟ ਇਸ ਸਮੇਂ ਇਕ ਪਾਸੇ ਪਹਿਲੀਆਂ ਸਰਕਾਰਾਂ ਦੇ ਰਾਹ ਤੇ ਚਲਦਿਆਂ ਸਬ ਕਮੇਟੀ ਦਾ ਗਠਨ ਕਰਕੇ ਠੇਕਾ ਮੁਲਾਜ਼ਮ ਮੰਗਾਂ ਦਾ ਹੱਲ ਕਰਨ ਦਾ ਲਾਰਾ ਲਾਇਆ ਗਿਆ, ਦੂਸਰੇ ਪਾਸੇ ਵਿਭਾਗ ਵਿੱਚ ਸਾਲਾਂ-ਬੱਧੀ ਅਰਸੇ ਦਾ ਕੰਮ ਤਜਰਬਾ ਰਖਦੇ, ਹਜ਼ਾਰਾਂ ਕਾਮਿਆਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰੋਂ ਪੱਕੀ ਭਰਤੀ ਦੇ ਧੋਖੇ ਹੇਠ ਹਜ਼ਾਰਾਂ ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਤੇ ਛਾਂਟੀ ਦਾ ਹੱਲਾ ਬੋਲ ਦਿੱਤਾ ਹੈ। ਡੀਸੀ ਦਫ਼ਤਰ ਬਰਨਾਲਾ, ਪਾਵਰਕੌਮ,ਸੇਹਤ ਵਿਭਾਗ, ਵੇਰਕਾ ਮਿਲਕ ਪਲਾਂਟ ਦੇ ਕਾਮੇ ਛਾਂਟੀ ਦੇ ਇਸ ਹਮਲੇ ਦੀ ਮਾਰ ਹੇਠ ਆ ਗਏ ਹਨ। ਬਦਲਖੋਰ ਭਾਵਨਾ ਤਹਿਤ ਕਾਮਿਆਂ ਨੂੰ ਆਗੂ ਰਹਿਤ ਕਰਕੇ ਇਸ ਹਮਲੇ ਨੂੰ ਅੱਗੇ ਵਧਾਉਣ ਦੇ ਰਾਹ ਤੇ ਚਲਦਿਆਂ ਸੇਹਤ ਵਿਭਾਗ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਦੀ ਛਾਂਟੀ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਹਾਲਤ ਵਿੱਚ ਅਗਰ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕਰਦੀ ਤਾਂ ਠੇਕਾ ਮੁਲਾਜ਼ਮਾਂ ਕੋਲ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਬਗ਼ੈਰ ਹੋਰ ਕੋਈ ਚਾਰਾ ਨਹੀਂ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਅੱਜ ਦੇ ਪ੍ਰੋਗਰਾਮ ਚ ਰਮਨਪ੍ਰੀਤ ਕੌਰ ਮਾਨ, ਬੀਕੇਯੂ ਕਾਦੀਆਂ ਤੋਂ ਜਗਸੀਰ ਸਿੰਘ,ਬੀਕੇਯੂ ਉਗਰਾਹਾਂ ਤੋਂ ਚਮਕੌਰ ਸਿੰਘ,ਬੀਕੇਯੂ ਕ੍ਤੀਕਾਰੀ ਤੋਂ ਪਵਿੱਤਰ ਸਿੰਘ ਲਾਲੀ, ਦਰਸ਼ਨ ਚੀਮਾਂ,ਮਾਸਟਰ ਰਾਜੀਵ ਕੁਮਾਰ,ਹਰਿੰਦਰ ਮੱਲੀਆਂ,ਰਮੇਸ ਹਮਦਰਦ,ਦੀਪਕ ਖੰਨਾਂ,ਸਰਬਜੀਤ ਸਿੰਘ,ਖੁਸ਼ਵਿੰਦਰ ਪਾਲ ,ਮਿਲਖਾ ਸਿੰਘ,ਡੀ ਸੀ ਦਫਤਰ ਤੋਂ ਰੇਸ਼ਮ ਸਿੰਘ,ਵਿੱਕੀ ਡਾਵਲਾ,ਸ਼ਿੰਗਾਰਾ ਸਿੰਘ ਰਾਜੀਆਂ,ਨਿਰਭੈ ਸਿੰਘ,ਰਮਨਦੀਪ ਸ਼ਿੰਗਲਾ,ਤੇਜਿੰਦਰ ਸਿੰਘ ਤੇਜੀ,ਬੀਕੇਯੂ ਰਾਜੇਵਾਲ,ਬੀਕੇਯੂ ਡਕੌਂਦਾ,ਬੀਕੇਯੂ ਚ ਕਾਦੀਆਂ ਦੇ ਵਰਕਰਾਂ ਨੇਵੱਡੀ ਗਿਣਤੀ ਚ ਸਾਥੀ ਹਾਜਰ ਹਾਜਰੀ ਭਰੀ।