ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਅਹੁਦੇਦਾਰਾਂ ਨੇ ਵਿਜੀਲੈਂਸ ਦੀ ਗੈਰ ਇਨਸਾਨੀ ਕਾਰਵਾਈ ਨੂੰ ਭੰਡਿਆ
ਬੇਅੰਤ ਸਿੰਘ ਬਾਜਵਾ , ਚੰਡੀਗੜ੍ਹ 7 ਜਨਵਰੀ 2023
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸ੍ਰੋਮਣੀ ਪੱਤਰਕਾਰ ਐਨ ਐਸ ਪਰਵਾਨਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਜੀਲੈਂਸ ਬਿਊਰੋ ਵਲੋਂ ਉਨ੍ਹਾਂ ਦੇ ਬੇਟੇ ਐੱਸ.ਪੀ ਸਿੰਘ ਨੂੰ ਸ਼ਮਸ਼ਾਨ ਘਾਟ ਵਿਚੋਂ ਹੀ ਹਿਰਾਸਤ ’ਚ ਲੈਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਇੰਡੀਅਨ ਜਰਨਾਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਪੰਜਾਬ ਤੇ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਬੀਰ ਸਿੰਘ ਜੰਡੂ, ਸਕੱਤਰ ਜਨਰਲ ਪਾਲ ਸਿੰਘ ਨੌਲੀ, ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ, ਭੁਪਿੰਦਰ ਮਲਿਕ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਪਰਵਾਨਾ ਜੀ ਦੇ ਦਿਹਾਂਤ ਨਾਲ ਪੱਤਰਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ।
ਯੂਨੀਅਨ ਆਗੂਆਂ ਨੇ ਬਾਪ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਹੀ ਪੁੱਤ ਨੂੰ ਹਿਰਾਸਤ ਵਿਚ ਲੈਣ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਮੌਕਾ ਵਿਚਾਰਨਾ ਚਾਹੀਦਾ ਸੀ। ਯੂਨੀਅਨ ਆਗੂਆਂ ਨੇ ਕਿਹਾ ਕਿ ਬੇਸ਼ੱਕ ਐੱਸ.ਪੀ ਸਿੰਘ ਵਿਜੀਲੈਂਸ ਨੂੰ ਇਕ ਕੇਸ ਵਿਚ ਲੋੜੀਂਦਾ ਹੈ, ਪਰ ਉਨ੍ਹਾਂ ਨੂੰ ਇੱਕ ਸੀਨੀਅਰ ਪੱਤਰਕਾਰ ਤੇ ਬਾਪ ਦੇ ਭੋਗ ਤੱਕ ਹਿਰਾਸਤ ਵਿਚ ਲੈਣ ਦੀ ਰਾਹਤ ਦੇਣੀ ਚਾਹੀਦੀ ਸੀ। ਮਾਂ ਬਾਪ ਦੇ ਸਸਕਾਰ ਅਤੇ ਭੋਗ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਤਾਂ ਅਦਾਲਤਾਂ ਵੀ ਵੱਡੇ ਵੱਡੇ ਮਾਮਲਿਆਂ ਵਿਚ ਗ੍ਰਿਫ਼ਤਾਰ ਵਿਅਕਤੀਆਂ ਨੂੰ ਜਮਾਨਤ ਦਿੰਦੀਆਂ ਹਨ। ਜਦਕਿ ਐੱਸ.ਪੀ ਸਿੰਘ ਵਿਜੀਲੈਂਸ ਅਧਿਕਾਰੀਆਂ ਨੂੰ ਬਾਪ ਦੇ ਭੋਗ ਤੱਕ ਇੱਥੋ ਤੱਕ ਗੁਰਦੁਆਰਾ ਸਾਹਿਬ ਵਿਚ ਅਲਾਹਣੀਆਂ ਦਾ ਪਾਠ ਵਿਚ ਸ਼ਾਮਲ ਹੋਣ ਲਈ ਮਿੰਨਤਾਂ ਕਰਦਾ ਰਿਹਾ। ਪਰ ਵਿਜੀਲੈਂਸ ਅਧਿਕਾਰੀਆਂ ਨੇ ਇਕ ਨਾ ਸੁਣੀ।
ਉਧਰ ਬਲੌਂਗੀ ਦੇ ਸ਼ਮਸ਼ਾਨਘਾਟ ਵਿਚ ਅੱਜ ਐਨ.ਐੱਸ ਪਰਵਾਨਾ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਪੱਤਰਕਾਰਾਂ, ਰਿਸ਼ਤੇਦਾਰਾਂ, ਸਗੇ ਸਬੰਧੀਆਂ ਤੋਂ ਬਿਨਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਅੰਤ ਚੋਟਾਲਾ, ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ , ਡਾ ਦਲਜੀਤ ਚੀਮਾ , ਸੁਨੀਲ ਜਾਖੜ, ਬਲਵੀਰ ਸਿੱਧੂ , ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਅਹੁੱਦੇਦਾਰ, ਮੈਂਬਰਾਨ , ਪ੍ਰੈੱਸ ਕਲੱਬ ਦੇ ਮੈਂਬਰਾਨ, ਹਾਜ਼ਰ ਸਨ।