ਸਕੂਲ ਸਿੱਖਿਆ ਤੋਂ ਬਾਅਦ ਹੁਣ ਹਾਇਰ ਐਜੂਕੇਸ਼ਨ ਤੋਂ ਵੀ ਕੀਤਾ ਲਾਂਭੇ
ਜੇ.ਐਸ. ਚਹਿਲ, ਬਰਨਾਲਾ 7 ਜਨਵਰੀ 2023
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣਕੇ ਲੰਬੇ ਅਰਸੇ ਬਾਅਦ ਬਰਨਾਲਾ ਹਲਕੇ ਤੋਂ ਕੈਬਨਿਟ ਚ ਪਹੁੰਚੇ ਗੁਰਮੀਤ ਸਿੰਘ ਮੀਤ ਹੇਅਰ ਦੇ ਮੰਤਰੀ ਬਣਨ ਤੋਂ ਬਾਅਦ 10 ਮਹੀਨਿਆਂ ਦੇ ਅੰਦਰ ਅੰਦਰ ਹੀ ਸਰਕਾਰ ਵਲੋਂ ਦੋ ਵਾਰ ਉਨਾਂ ਦੇ ਵਿਭਾਗ ਬਦਲ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਵਲੋਂ ਆਪਣੇ ਮੁੱਖ ਏਜੰਡੇ ਤੇ ਰੱਖੇ ਦੋ ਅਹਿਮ ਮਹਿਕਮੇ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚੋਂ ਸਰਕਾਰ ਬਣਨ ਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੰਜਾਬ ਦਾ ਸਿੱਖਿਆ ਮੰਤਰੀ ਬਣਾਇਆ ਗਿਆ। ਪਰ ਸਿੱਖਿਆ ਵਿਭਾਗ ਚ ਉਹਨਾ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਸੰਤੁਸ਼ਟ ਨਾ ਹੋਏ ਅਤੇ ਉਹਨਾ ਜੁਲਾਈ ਮਹੀਨੇ ਵਿੱਚ ਮੰਤਰੀ ਮੰਡਲ ਵਿੱਚ ਹੋਏ ਫੇਰ ਬਦਲ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿੱਖਿਆ ਮਹਿਕਮਾ ਵਾਪਿਸ ਲੈ ਕੇ ਹਰਜੋਤ ਸਿੰਘ ਬੈਂਸ ਨੂੰ ਦੇ ਦਿੱਤਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਹਾਇਰ ਐਜੂਕੇਸ਼ਨ,ਯੂਥ ਅਤੇ ਸਪੋਰਟਸ ਆਦਿ ਵਿਭਾਗ ਦਿੱਤੇ ਗਏ। ਪਰ ਹੁਣ ਕਰੀਬ ਪੰਜ ਮਹੀਨਿਆਂ ਬਾਅਦ ਮੰਤਰੀ ਮੰਡਲ ਵਿੱਚ ਮੁੜ ਹੋਏ ਫੇਰ ਬਦਲ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਇਰ ਐਜੂਕੇਸ਼ਨ ਦਾ ਵਿਭਾਗ ਵੀ ਵਾਪਿਸ ਲੈ ਕੇ ਇਹ ਮਹਿਕਮਾ ਵੀ ਹਰਜੋਤ ਸਿੰਘ ਬੈਂਸ ਨੂੰ ਦੇ ਦਿੱਤਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਪਹਿਲਾਂ ਵਾਲੇ ਚਾਰ ਵਿਭਾਗਾਂ ਦੇ ਨਾਲ ਮਾਇਨਿੰਗ ਵਿਭਾਗ ਦਿੱਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਦੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਤੋਂ ਦੋ ਵਾਰ ਮਹਿਕਮੇ ਬਦਲ ਦੇਣ ਨੂੰ ਲੈ ਕੇ ਬਰਨਾਲਾ ਅੰਦਰ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਾਰਜਕਾਲ ਤੋਂ ਖੁਸ਼ ਨਾ ਹੋਣ ਕਾਰਨ ਉਹਨਾ ਦੇ 10 ਮਹੀਨਿਆਂ ਅੰਦਰ ਦੋ ਵਾਰ ਪਰ ਕੁਤਰ ਦਿੱਤੇ ਹਨ।
ਗੁਜਰਾਤ ਚੋਣਾ ਤੋਂ ਬਾਅਦ ਇਸ ਗੱਲ ਦੀ ਵੀ ਚਰਚਾ ਚਲਦੀ ਰਹੀ ਕਿ ਜਿਸ ਹਲਕੇ ਅੰਦਰ ਗੁਰਮੀਤ ਸਿੰਘ ਮੀਤ ਹੇਅਰ ਚੋਣ ਪ੍ਰਚਾਰ ਦੀ ਅਗਵਾਈ ਕਰ ਰਹੇ ਸਨ,ਉਸ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ,ਉਸ ਤੋਂ ਬਾਅਦ ਹੀ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਸੀ ਕਿ ਆਉਣ ਵਾਲੇ ਸਮੇਂ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਦੀ ਮੰਤਰੀ ਮੰਡਲ ਚੋਂ ਛੁੱਟੀ ਵੀ ਹੋ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨਾਲ ਕਥਿਤ ਤੌਰ ਤੇ ਵਿਚਾਰਿਕ ਮੱਤਭੇਦ ਹੋਣ ਦੇ ਬਾਵਜੂਦ ਦਿੱਲੀ ਦਰਬਾਰ ਦੇ ਵਿਸ਼ਵਾਸ ਪਾਤਰਾਂ ਚ ਨਾਮ ਦਰਜ਼ ਹੋਣ ਕਾਰਨ ਭਾਂਵੇਂ ਕਿ ਗੁਰਮੀਤ ਸਿੰਘ ਮੀਤ ਹੇਅਰ ਆਪਣੀ ਮੰਤਰੀ ਪਦ ਤੋਂ ਬਰਖਾਸਤਗੀ ਤਾਂ ਬਚਾ ਸਕੇ,ਪਰ ਆਮ ਆਦਮੀ ਪਾਰਟੀ ਦੇ ਮੁੱਖ ਏਜੰਡੇ ਵਾਲੇ ਵਿਭਾਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਵਾਪਿਸ ਲੈ ਲਏ ਜਾਣ ਤੋਂ ਬਾਅਦ ਬਰਨਾਲੇ ਦੇ ਲੋਕਾਂ ਅੰਦਰ ਇਸ ਗੱਲ ਦੀ ਆਮ ਚਰਚਾ ਚੱਲ ਪਈ ਹੈ ਕਿ ‘ ਭਗਵੰਤ ਮਾਨ ਸਰਕਾਰ ਨੇ 10 ਮਹੀਨਿਆਂ ਚ ਮੀਤ ਹੇਅਰ ਦੇ ਦੋ ਵਾਰ ਪਰ ਕੁਤਰ ਦਿੱਤੇ ‘।