ਸਾਈਕਲਾਂ ’ਤੇ ਚੱਲੇ ਪਰਵਾਸੀਆਂ ਨੂੰ ਰੇਲਗੱਡੀ ਰਾਹੀਂ ਬਿਹਾਰ ਪਹੁੰਚਾਉਣ ਦੇ ਡੀ ਸੀ ਬਰਨਾਲਾ ਨੇ ਕੀਤੇ ਇੰਤਜ਼ਾਮ
ਸਬੰਧਤ ਵਿਅਕਤੀਆਂ ਦੇ ਰਹਿਣ ਅਤੇ ਖਾਣ-ਪੀਣ ਦੇ ਵੀ ਕੀਤੇ ਗਏ ਪੁਖਤਾ ਪ੍ਰਬੰਧ
ਚੇਤਨ ਬਾਂਸਲ ਬਰਨਾਲਾ, 16 ਮਈ 2020
ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਤੋਂ ਬਿਹਾਰ ਲਈ ਸਾਈਕਲਾਂ ’ਤੇ ਚੱਲੇ ਪਰਵਾਸੀ ਮਜ਼ਦੂਰਾਂ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾਂ ਵੱਲੋਂ ਵਿਸ਼ੇਸ਼ ਉਦਮ ਕੀਤਾ ਗਿਆ ਹੈ, ਜਿਸ ਬਦੌਲਤ ਇਹ ਪਰਵਾਸੀ ਹੁਣ ਸਾਈਕਲਾਂ ਦੀ ਬਜਾਏ ਰੇਲਗੱਡੀ ਰਾਹੀਂ ਬਿਹਾਰ ਪਹੁੰਚ ਸਕਣਗੇ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰੰਘ ਫੂਲਕਾ ਨੂੰ ਮੀਡੀਆ ਕਰਮੀ ਦਵਿੰਦਰ ਸ਼ਰਮਾ ਦੇਵ ਵੱਲੋਂ ਸੂਚਨਾ ਦਿੱਤੀ ਗਈ ਕਿ 11 ਪਰਵਾਸੀ ਵਿਅਕਤੀ ਕੋਟਕਪੂਰਾ ਤੋਂ ਸਾਈਕਲਾਂ ’ਤੇ ਬਿਹਾਰ ਲਈ ਚੱਲੇ ਹੋਏ ਹਨ ਤੇ ਉਹ ਬਰਨਾਲਾ ਵਿਚ ਗੁਜ਼ਰ ਰਹੇ ਹਨ। ਡਿਪਟੀ ਕਮਿਸ਼ਨਰ ਨੂੰ ਸੂਚਨਾ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਸਾਰੇ ਪਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂਜ਼ਿਲ੍ਹਾ ਰੈੱਡ ¬ਕ੍ਰਾਸ ਸੁਸਾਇਟੀ ਰਾਹੀਂ ਪਰਵਾਸੀ ਮਜ਼ਦੂਰਾਂ ਦੇ ਖਾਣ-ਪੀਣ ’ਤੇ ਹੋਰ ਇੰਤਜ਼ਾਮ ਕਰਵਾਏ ਅਤੇ ਏਡੀਸੀ (ਜ) ਮੈਡਮ ਰੂਹੀ ਦੁੱਗ ਨੂੰ ਇਨ੍ਹਾਂ ਦੇ ਸਾਰੇ ਤਰ੍ਹਾਂ ਦੇ ਇੰਤਜ਼ਾਮ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਦੇ ਵੇਰਵੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੈ ਲਏ ਹਨ ਤੇ ਉਨ੍ਹਾਂ ਵੱਲੋਂ ਇਨ੍ਹਾਂ ਪਰਵਾਸੀਆਂ ਨੂੰ ਰੇਲਗੱਡੀ ਰਾਹੀਂ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਸ ਦਾ ਇੰਤਜ਼ਾਮ ਕਰ ਕੇ ਇਨ੍ਹਾਂ ਨੂੰ ਫਿਰੋਜ਼ਪੁਰ ਭੇਜਿਆ ਜਾਵੇਗਾ, ਜਿੱਥੋਂ ਇਨ੍ਹਾਂ ਨੂੰ ਰੇਲਗੱਡੀ ਰਾਹੀਂ ਬਿਹਾਰ ਭੇਜਿਆ ਜਾਵੇਗਾ। ਇਸ ਮੌਕੇ ਸ੍ਰੀ ਫੂਲਕਾ ਨੇ ਆਖਿਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਮਹਾਮਾਰੀ ਦੇ ਸਮੇਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਮਨੁੱਖਤਾ ਦੀ ਭਲਾਈ ਵਿਚ ਜੁਟਿਆ ਹੋਇਆ ਹੈ ਤੇ ਗਰੀਬ, ਲੋੜਵੰਦਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।