ਡਿਪਟੀ ਕਮਿਸ਼ਨਰ ਅਤੇ ਵਿਧਾਇਕਾਂ ਨੇ ਬਾਲ ਘਰ ਦੇ ਬੱਚਿਆਂ ਨਾਲ ਮਨਾਈ ਦਿਵਾਲੀ

Advertisement
Spread information

ਦਵਿੰਦਰ ਡੀ ਕੇ/ ਲੁਧਿਆਣਾ, 24 ਅਕਤੂਬਰ 2022

 

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਵਿਧਾਇਕਾਂ ਸ੍ਰੀ ਮਦਨ ਲਾਲ ਬੱਗਾ, ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਸ. ਕੁਲਵੰਤ ਸਿੰਘ ਸਿੱਧੂ, ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕਾ ਸ੍ਰੀਮਤੀ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਅੱਜ ਸਥਾਨਕ ਰੈਡ ਕਰਾਸ ਬਾਲ ਘਰ, ਸਰਾਭਾ ਨਗਰ ਦਾ ਦੌਰਾ ਕਰਦਿਆਂ, ਬਾਲ ਘਰ ਦੇ ਬੱਚਿਆਂ ਨਾਲ ਦਿਵਾਲੀ ਮਨਾਈ। ਉਨ੍ਹਾਂ ਬਾਲ ਘਰ ਵਿੱਚ ਰਹਿ ਰਹੇ ਬੱਚਿਆਂ ਦਾ ਹਾਲ ਚਾਲ ਜਾਣਿਆਂ ਅਤੇ ਦਿਵਾਲੀ ਦੇ ਸ਼ੁੱਭ ਅਵਸਰ ਕਰਕੇ ਬੱਚਿਆਂ ਨੂੰ ਫੱਲ, ਮਿਠਿਆਈਆਂ ਅਤੇ ਉਪਹਾਰ ਵੀ ਦਿੱਤੇ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਦੇ ਨਾਲ ਉਨ੍ਹਾਂ ਦੀ ਬੇਟੀ ਵੀ ਮੌਜੂਦ ਸੀ।

ਸਾਰੇ ਵਿਧਾਇਕਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਆਪਣੇ ਪਰਿਵਾਰਾਂ ਨਾਲ ਦਿਵਾਲੀ ਮਨਾਉਣ ਦੇ ਨਾਲ ਨਾਲ ਇਸ ਅਵਸਰ ਉੱਪਰ ਸਾਨੂੰ ਸਾਰਿਆਂ ਨੂੰ ਗਰੀਬਾਂ, ਲੋੜਵੰਦਾਂ, ਗਊਆਂ, ਬੇਸਹਾਰਾ ਵਿਅਕਤੀਆਂ ਦਾ ਸਹਾਰਾ ਬਣ ਕੇ ਵੀ ਦਿਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਦਾ ਸੰਬੰਧ ਭਾਰਤ ਦੇ ਇਤਿਹਾਸਕ ਵਿਰਸੇ ਦੇ ਨਾਲ ਨਾਲ ਧਾਰਮਿਕ ਵਿਰਸੇ ਨਾਲ ਵੀ ਹੈ। ਇਸ ਦਿਨ ਅਯੁਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਜੀ ਚੌਦਾਂ ਵਰ੍ਹਿਆਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਿੱਚ ਵਾਪਸ ਆਏ ਸਨ ਇਸੇ ਕਰਕੇ ਅਯੁਧਿਆ ਵਾਸੀਆਂ ਨੇ ਉਨ੍ਹਾਂ ਦੀ ਆਉਣ ਦੀ ਖੁਸ਼ੀ ਵਿੱਚ ਘਿਉ ਦੇ ਦੀਵੇ ਬਾਲੇ ਸਨ। ਜੈਨੀਆਂ ਦੇ ਗੁਰੂ ਮਹਾਂਵੀਰ ਜੀ ਨੂੰ ਇਸ ਦਿਨ ਨਿਰਵਾਨ ਪ੍ਰਾਪਤ ਹੋਇਆ ਸੀ। ਇਸ ਕਰਕੇ ਜੈਨ ਧਰਮ ਦੇ ਲੋਕ ਵੀ ਦਿਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ 52 ਪਹਾੜੀ ਰਾਜਿਆਂ ਨੂੰ ਛੁਡਵਾਇਆ ਸੀ ਤੇ ਦਿਵਾਲੀ ਵਾਲੇ ਦਿਨ ਉਹ ਹਰਮਿੰਦਰ ਸਾਹਿਬ ਪਹੁੰਚੇ ਸਨ, ਇਸੇ ਕਰਕੇ ਸਿੱਖ ਲੋਕ ਦਿਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ।

ਸ੍ਰੀਮਤੀ ਮਲਿਕ ਨੇ ਅੱਗੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ ਤੋਂ ਰੌਸ਼ਨੀ ਵੱਲ ਅੱਗੇ ਵਧਣ ਦਾ ਸੰਦੇਸ਼ ਵੀ ਦਿੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਦਾ ਦ੍ਰਿੜ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਅਰਦਾਸ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਦੀਵਾਲੀ ਇੱਕ ਵਾਰ ਫਿਰ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ ਅਤੇ ਇਸ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ, ਸ਼ਾਂਤੀ ਅਤੇ ਭਾਈਚਾਰੇ ਦੇ ਬੰਧਨਾਂ ਨੂੰ ਹੋਰ ਮਜ਼ਬੂਤ ਕਰੇ।

Advertisement
Advertisement
Advertisement
Advertisement
error: Content is protected !!