ਪਿੰਡਾਂ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਸਮੇਂ ਕੀਤੀ ਜਾਵੇ-ਜਗਰਾਜ ਹਰਦਾਸਪੁਰਾ
ਰਘਬੀਰ ਹੈਪੀ ,ਮਹਿਲ ਕਲਾਂ ,25 ਅਕਤੂਬਰ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬੀਤੇ ਦਿਨਾਂ ਦੌਰਾਨ ਡੀ ਏ ਪੀ ਖਾਦ ਦੀ ਪੰਜਾਬ ਵਿੱਚ ਕਿਸਾਨਾਂ ਨੂੰ ਬਹੁਤ ਭਾਰੀ ਕਿੱਲਤ ਆਉਣ ਕਾਰਨ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਗਈ ਸੀ। ਸਰਕਾਰ ਨੂੰ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਕਣਕ, ਆਲੂ, ਹਰੇ ਚਾਰੇ ਆਦਿ ਦੀ ਬਿਜਾਈ ਬਿਲਕੁਲ ਸਿਰ ਉੱਪਰ ਹੈ ਪ੍ਰੰਤੂ ਡੀ ਏ ਪੀ ਖਾਦ ਦਾ ਇੱਕ ਦਾਣਾ ਦੇਖਣ ਲਈ ਵੀ ਨਹੀਂ ਮਿਲ ਰਿਹਾ। ਜੇਕਰ ਸਰਕਾਰ ਨੇ ਸਮੇਂ ਸਿਰ ਖਾਦ ਦੀ ਇਸ ਕਿੱਲਤ ਨੂੰ ਦੂਰ ਨਾ ਕੀਤਾ ਤਾਂ ਜੱਥੇਬੰਦੀ ਨੂੰ ਮਜਬੂਰਨ ਸੜਕਾਂ ਉੱਪਰ ਆਉਣਾ ਪਵੇਗਾ। ਜਥੇਬੰਦੀ ਦੀ ਇਸ ਚਿਤਾਵਨੀ ਤੋਂ ਬਾਅਦ ਸਾਰੇ ਕਿਸਾਨ ਦੋਸਤਾਂ ਨੂੰ ਦੱਸਿਆ ਜਾਂਦਾ ਹੈ ਕਿ ਡੀਏਪੀ ਖਾਦ ਪਹੁੰਚਣੀ ਸ਼ੁਰੂ ਹੋ ਗਈ ਹੈ। ਸਾਰੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਦੇ ਅਦਾਰਿਆਂ ਨਾਲ, ਆੜ੍ਹਤੀਆਂ ਨਾਲ ਜਾਂ ਫਿਰ ਪ੍ਰਾਈਵੇਟ ਖਾਦ ਡੀਲਰਾਂ ਨਾਲ ਸੰਪਰਕ ਕਰਕੇ ਖਾਦ ਪ੍ਰਾਪਤ ਕਰ ਲੈਣ। ਜੇਕਰ ਕਿਸਾਨਾਂ ਨੂੰ ਖਾਦ ਡੀਲਰ ਜਾਂ ਸੁਸਾਇਟੀ ਵਾਲੇ ਡੀਏਪੀ ਖਾਦ ਨਾਲ ਕੋਈ ਹੋਰ ਵਸਤ ਖਰੀਦਣ ਲਈ ਮਜਬੂਰ ਕਰਦੇ ਹਨ ਤਾਂ ਡਟਕੇ ਜਥੇਬੰਦਕ ਢੰਗ ਨਾਲ ਵਿਰੋਧ ਕਰਨ। ਅੰਨ੍ਹਾ ਮੁਨਾਫ਼ਾ ਕਮਾਉਣ ਦੀ ਹੋਰ ਵਿੱਚ ਲੱਗੀਆਂ ਕਾਲੀਆਂ ਭੇਡਾਂ ਨੂੰ ਵੀ ਬਾਜ ਆਉਣ ਲਈ ਕਿਹਾ ਕਿਉਂਕਿ ਇਹੀ ਲੋਕ ਮਾਰਕੀਟ ਵਿੱਚ ਖਾਦ ਦੀ ਅਖੌਤੀ ਕਿੱਲਤ ਦਾ ਹਊਆ ਖੜਾ ਕਰਕੇ ਮਨ ਮਾਨੇ ਭਾਅ ਨਾਲ ਪਹਿਲਾਂ ਹੀ ਸੰਕਟ ਵਿੱਚ ਘਿਰੀ ਕਿਸਾਨੀ ਨੂੰ ਨਵੇਂ ਸੰਕਟ ਵਿੱਚ ਧਸਣ ਲਈ ਮਜ਼ਬੂਰ ਕਰਦੇ ਹਨ। ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਅਮਨਦੀਪ ਸਿੰਘ ਰਾਏਸਰ, ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਅਮਰਜੀਤ ਸਿੰਘ ਠੁੱਲੀਵਾਲ,ਜਗਰੂਪ ਸਿੰਘ ਗਹਿਲ ਅਤੇ ਅਮਰਜੀਤ ਸਿੰਘ ਮਹਿਲ ਖੁਰਦ ਨੇ ਪਿੰਡਾਂ ਦੀਆਂ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਦੀ ਆ ਰਹੀ ਸਮੱਸਿਆ ਹੱਲ ਕਰਨ ਦੀ ਜੋਰਦਾਰ ਮੰਗ ਕੀਤੀ। ਕਿਉਂਕਿ ਕਿ ਸਮੇਂ ਸਿਰ ਲਿਫਟਿੰਗ ਨਾਂ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ। ਕਿਸਾਨ ਆਗੂਆਂ ਨੇ ਪਿੰਡ ਇਕਾਈਆਂ ਨੂੰ ਕਿਹਾ ਕਿ ਹਰ ਮੰਡੀ ਦੀ ਲਗਾਤਾਰ ਪੜਤਾਲ ਕਰਕੇ ਕਿਸਾਨਾਂ ਦੇ ਸੰਪਰਕ ਵਿੱਚ ਰਹਿਣ ਅਤੇ ਹਰ ਕਿਸਮ ਦੀ ਮੁਸ਼ਕਿਲ ਦੇ ਹੱਲ ਲਈ ਸੰਘਰਸ਼ ਵਾਸਤੇ ਤਿਆਰ ਰਹਿਣ।