ਰਘੁਵੀਰ ਹੈੱਪੀ/ ਬਰਨਾਲਾ,17 ਅਕਤੂਬਰ 2022
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਅਤੇ ਓ.ਡੀ.ਐੱਲ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਇਕਾਈ ਬਰਨਾਲਾ ਦੀ ਮੀਟਿੰਗ ਅੱਜ ਸਸਸਸ ਬਰਨਾਲਾ ਲੜਕੇ ਵਿੱਚ ਰਾਜੀਵ ਕੁਮਾਰ, ਸੋਹਣ ਸਿੰਘ, ਜਤਿੰਦਰ ਕੁਤਬਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਹੋਏ ਫ਼ੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆ ਡੀ.ਟੀ.ਐੱਫ. ਦੇ ਸਕੱਤਰ ਨਿਰਮਲ ਸਿੰਘ ਚੁਹਾਣਕੇ,ਪਰਮਜੀਤ ਝਲੂਰ, ਬਲਜਿੰਦਰ ਅਕਲੀਆ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਸੰਘਰਸ਼ੀ ਧਿਰਾਂ ਨਾਲ ਗੰਭੀਰ ਗੱਲਬਾਤ ਚਲਾਉਣ ਦੀ ਥਾਂ ਕੇਵਲ ਡੰਗ ਟਪਾਈ ਕੀਤੀ ਜਾ ਰਹੀ ਹੈ। ਬੀਤੀ 12 ਅਕਤੂਬਰ ਨੂੰ ਡੀ.ਟੀ.ਐੱਫ., ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਨਾਲ ਸਿੱਖਿਆ ਮੰਤਰੀ ਬੈਂਸ ਵੱਲੋਂ ਅਧਿਕਾਰੀਆਂ ਦੀ ਮੌਜੂਦਗੀ ਵਾਲੀ ਕੋਈ ਫ਼ੈਸਲਾਕੁਨ ਮੀਟਿੰਗ ਕਰਨ ਦੀ ਥਾਂ 40 ਦਿਨਾਂ ਬਾਅਦ ਦੁਬਾਰਾ ਮਿਲਣ ਦਾ ਲਾਰਾ ਲਗਾ ਕੇ ਮਹਿਜ਼ ਖਾਨਾਪੂਰਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਆਮ ਆਦਮੀ ਪਾਰਟੀ ਦੇ ਆਗੂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਖ ਵੱਖ ਵਰਗਾਂ ਦੇ ਧਰਨਿਆਂ ਵਿੱਚ ਜਾ ਕੇ ਆਪਣੇ ਤੋਂ ਪਹਿਲੀਆਂ ਸਰਕਾਰਾਂ ਦੇ ਵਿਰੋਧ ਵਿੱਚ ਬੋਲਦੇ ਰਹੇ ਹਨ। ਪ੍ਰੰਤੂ ਹੁਣ ਆਪ ਸਰਕਾਰ ਵੀ ਅਕਾਲੀ-ਕਾਂਗਰਸੀ ਸਰਕਾਰਾਂ ਵਾਂਗ ਹੀ ਜਮਹੂਰੀ ਹੱਕਾਂ ਨੂੰ ਬੇਕਿਰਕੀ ਨਾਲ ਕੁਚਲ ਰਹੀ ਹੈ। ਆਗੂਆਂ ਨੇ ਦੱਸਿਆ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਵੀ ਰਾਜ ਕਰਦੀਆਂ ਬਾਕੀ ਸਿਆਸੀ ਧਿਰਾਂ ਵਰਗੀ ਕਾਰਪੋਰੇਟਾਂ ਪੱਖੀ, ਕੇਂਦਰੀਕ੍ਰਿਤ ਸਿਆਸਤ ਵਾਲੀ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੀ ਪਾਰਟੀ ਹੀ ਹੈ।
ਉਨ੍ਹਾਂ ਕਿਹਾ ਕਿ ਮੰਤਰੀ ਦੇ ਅਜਿਹੇ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਤਹਿਤ ਓ.ਡੀ.ਐੱਲ. ਅਧਿਆਪਕਾਂ ਦੇ 11-11 ਸਾਲ ਤੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਨਾ ਕਰਨ ਅਤੇ 180 ਈ.ਟੀ.ਟੀ. ਅਧਿਆਪਕਾਂ ‘ਤੇ ਮੂਲ ਭਰਤੀ (4500 ਈ.ਟੀ.ਟੀ.) ਦੇ ਸਾਰੇ ਲਾਭ ਬਹਾਲ ਨਾ ਕਰਨ ਦੇ ਵਿਰੋਧ ਵਿੱਚ 23 ਅਕਤੂਬਰ ਨੂੰ 9 ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨਾਂ ਦੀ ਲੜੀ ਵਜੋਂ ਬਰਨਾਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੀਆਂ ਇਕਾਈਆਂ ਵੱਲੋਂ ਬਰਨਾਲਾ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਤਿੰਨੋਂ ਅਧਿਆਪਕ ਜਥੇਬੰਦੀਆਂ ਦੇ ਸੱਦੇ ਤਹਿਤ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 6 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਰਨੇ ਲਾਉਣ ਵਾਲੀਆਂ ਜੱਥੇਬੰਦੀਆਂ ਨਾਲ ਕੋਈ ਗੱਲਬਾਤ ਨਾ ਕਰਨ ਵਾਲੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਬਲਜਿੰਦਰ ਪ੍ਰਭੂ, ਲਖਵੀਰ ਠੁੱਲੀਵਾਲ, ਅੰਮ੍ਰਿਤਪਾਲ ਕੋਟਦੁੰਨਾ, ਮਾਲਵਿੰਦਰ ਸਿੰਘ, ਮਨਮੋਹਨ ਭੱਠਲ, ਦਰਸ਼ਨ ਬਦਰਾ, ਦਵਿੰਦਰ ਤਲਵੰਡੀ, ਪ੍ਰਿੰਸੀਪਲ ਮੇਜਰ ਸਿੰਘ, ਭੁਪਿੰਦਰ ਸੇਖਾ, ਪ੍ਰਦੀਪ ਬਖ਼ਤਗੜ੍ਹ, ਗੁਰਜੰਟ ਸਿੰਘ ਅਸਪਾਲ ਕਲਾਂ,ਸੁਖਪ੍ਰੀਤ ਬੜੀ ਆਦਿ ਆਗੂ ਹਾਜ਼ਰ ਸਨ।