ਰਾਜੇਸ਼ ਗੌਤਮ/ ਸਮਾਣਾ, 18 ਅਕਤੂਬਰ 2022
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਮੁੜ ਲੀਹਾਂ ਉਪਰ ਪਾਉਣ ਲਈ ਦਿਨ-ਰਾਤ ਇੱਕ ਕਰ ਰਹੀ ਹੈ ਤਾਂ ਜੋ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਅੱਜ ਪਬਲਿਕ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਜੇ ਦਿਨ ਸ਼ਾਮ ਸਮੇਂ ਵਿਦਿਆਰਥੀਆਂ ਦੇ ਨਾਟਕ ਮੁਕਾਬਲੇ ਦੇਖਣ ਬਾਅਦ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨਾਂ ਵਿੱਚ ਊਰਜਾ, ਚਿਹਰੇ ਉਪਰ ਮੁਸਕਾਨ ਅਤੇ ਅੱਖਾਂ ਵਿੱਚ ਆਸ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨੀ ਦੀ ਇਸ ਆਸ ਨੂੰ ਹਕੀਕੀ ਰੂਪ ਦੇਣ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਰਾਜ ਕਰਦੇ ਰਹੇ ਹਨ ਪ੍ਰੰਤੂ ਪਿਛਲੇ ਸਮੇਂ ਵਿੱਚ ਪੰਜਾਬ ਲੀਹ ਤੋਂ ਲਹਿ ਗਿਆ ਸੀ ਜਿਸ ਕਰਕੇ ਸਾਡੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਲਈਆਂ ਸਨ ਪਰ ਹੁਣ ਸੂਬਾ ਸਰਕਾਰ ਦੇ ਯਤਨਾਂ ਸਦਕਾ ਪੰਜਾਬੀ ਮੁੜ ਤੋਂ ਨੌਕਰੀਆਂ ਪ੍ਰਦਾਨ ਕਰਨ ਵੱਲ ਵੱਧ ਰਹੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਵਿੱਚ ਮੁੜ ਤੋਂ ਉਹੀ ਭੰਗੜੇ, ਗਿੱਧੇ, ਕਿਲਕਾਰੀਆਂ ਗੂੰਜਣੀਆਂ ਅਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ, ਜੋਕਿ ਸ਼ੁੱਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਵਲ ਪੁਰਾਣੀਆਂ ਸੰਸਥਾਵਾਂ ਨੂੰ ਬਣਾਕੇ ਹੀ ਨਹੀਂ ਰੱਖੇਗੀ ਸਗੋਂ ਨਵੀਆਂ ਸੰਸਥਾਵਾਂ ਵੀ ਖੋਲ੍ਹ ਰਹੀ ਹੈ ਤਾਂ ਕਿ ਪੰਜਾਬ ਵਿੱਚ ਰੋਜ਼ਗਾਰ ਦੇ ਨਵੇਂ ਸੋਮੇ ਪੈਦਾ ਹੋਣ।
ਇਸ ਮੌਕੇ ਗੁਰਦੀਪ ਸਿੰਘ ਟਿਵਾਣਾ, ਐਡਵੋਕੇਟ ਗੁਲਜ਼ਾਰ ਸਿੰਘ, ਮਦਨ ਮਿੱਤਲ, ਕਾਲਜ ਦੇ ਫਾਊਂਡਰ ਮੈਂਬਰ ਇੰਦਰਜੀਤ ਸਿੰਘ ਵੜੈਚ ਤੇ ਸਤਪਾਲ ਜੌਹਰੀ, ਐਸ.ਡੀ.ਐਮ. ਚਰਨਜੀਤ ਸਿੰਘ, ਪ੍ਰਿੰਸੀਪਲ ਜਤਿੰਦਰ ਦੇਵ, ਗੋਪਾਲ ਕ੍ਰਿਸ਼ਨ ਬਿੱਟੂ, ਡਾਇਰੈਕਟਰ ਯੁਵਕ ਸੇਵਾਵਾਂ ਪ੍ਰੋ. ਗਗਨ ਥਾਪਾ, ਡਾ. ਸਮਸ਼ੇਰ ਸਿੰਘ ਸਮੇਤ ਵੱਡੀ ਗਿਣਤੀ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।