ਸਿੰਗਲਾ ਸਵੀਟਸ ਦੇ ਤਿੰਨ ਮੁਲਾਜ਼ਮ ਹੀ ਪੁਲਿਸ ਨੇ ਹਿਰਾਸਤ ਵਿੱਚ ਲਏ, ਪੁਲਿਸ ਦੀ ਕਥਿਤ ਲਾਪਰਵਾਹੀ ਨਾਲ ਫਰਾਰ ਹੋ ਗਏ ਫਾਇਰਿੰਗ ਕਰਨ ਵਾਲੇ!
ਹਰਿੰਦਰ ਨਿੱਕਾ , ਬਰਨਾਲਾ 16 ਸਤੰਬਰ 2022
ਸ਼ਹਿਰ ਅੰਦਰ ਗੁੰਡਾਗਰਦੀ ਹਰ ਦਿਨ ਵੱਧਦੀ ਹੀ ਜਾ ਰਹੀ ਹੈ। ਕਈ ਵਾਰ ਮਾਮੂਲੀ ਝਗੜੇ ਖੂਨੀ ਲੜਾਈ ਦਾ ਰੂਪ ਲੈ ਚੁੱਕੇ ਹਨ। ਦੋਸ਼ੀ ਵਾਰਦਾਤਾਂ ਨੂੰ ਬੇਖੌਫ ਅੰਜਾਮ ਦੇ ਕੇ ਭੱਜ ਜਾਂਦੇ ਹਨ ਤੇ ਪੁਲਿਸ ਹੱਥ ਮਲਦੀ ਰਹਿ ਜਾਂਦੀ ਹੈ। ਕਰੀਬ ਪੌਣਾ ਘੰਟਾ ਪਹਿਲਾਂ ਸਦਰ ਬਾਜ਼ਾਰ ਦੇ ਨਹਿਰੂ ਚੌਕ ਦੇ ਸਾਹਮਣੇ, ਜਦੋਂ ਮੋਟਰਸਾਈਕਲ ਸਵਾਰਾਂ ਨੇ ਫਾਇਰ ਕੀਤੇ, ਤਾਂ ਆਲੇ ਦੁਆਲੇ ਵਿੱਚ ਸਹਿਮ ਫੈਲ ਗਿਆ। ਪ੍ਰਤੱਖ ਦਰਸ਼ਕਾਂ ਅਨੁਸਾਰ ਸਿੰਗਲਾ ਸਵੀਟਸ ਵਾਲਿਆਂ ਦੇ ਮੁਲਾਜ਼ਮਾਂ ਨੇ, ਫਾਇਰਿੰਗ ਕਰਨ ਵਾਲੇ ਦੋ ਜਣਿਆਂ ਨੂੰ ਥੋੜ੍ਹੀ ਦੂਰ ਜਾ ਕੇ।ਫੜ੍ਹ ਵੀ ਲਿਆ ਸੀ। ਪਰੰਤੂ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਜਦੋਂ ਸਿੰਗਲਾ ਸਵੀਟਸ ਦੇ ਇਕੱਠੇ ਖੜ੍ਹੇ ਮੁਲਾਜ਼ਮਾਂ ਚੋਂ ਦੋ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ । ਸਿੰਗਲਾ ਸਵੀਟਸ ਦੇ ਮਾਲਿਕ ਟਿੰਕੂ ਸਿੰਗਲਾ ਨੇ ਹਵਾਈ ਫਾਇਰਿੰਗ ਦੀ ਪੁਸ਼ਟੀ ਕੀਤੀ ਹੈ।ਖਬਰ ਲਿਖੇ ਜਾਣ ਤੱਕ ਪੁਲਿਸ ਨੇ ਸਵੀਟਸ ਸ਼ਾਪ ਦੇ ਤਿੰਨ ਮੁਲਾਜ਼ਮਾਂ ਨੂੰ ਹੀ ਹਿਰਾਸਤ ਵਿੱਚ ਲਿਆ ਹੈ, ਜਦੋਂਕਿ ਫਾਇਰਿੰਗ ਕਰਨ ਵਾਲਿਆਂ ਨੂੰ ਫੜ੍ਹਨ ਤੋਂ ਪੁਲਿਸ ਟਾਲਮਟੋਲ ਕਰਦੀ ਪ੍ਰਤੀਤ ਹੁੰਦੀ ਹੈ। ਸ਼ਹਿਰੀਆਂ ਵਿੱਚ ਪੁਲਿਸ ਦੀ ਕਾਰਜਸ਼ੈਲੀ ਪ੍ਰਤੀ ਵੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਕਿ ਪੁਲਿਸ ,ਫਾਈਰਿੰਗ ਕਰਨ ਵਾਲਿਆਂ ਦੀ ਬਜਾਏ ਸਵੀਟਸ ਸ਼ੌਪ ਵਾਲਿਆਂ ਤੇ ਹੀ ਸ਼ਿਕੰਜਾ ਕਸ ਰਹੀ ਹੈ। ਘਟਨਾਕ੍ਰਮ ਬਾਰੇ ਜਾਣਕਾਰੀ ਲੈਣ ਲਈ ਥਾਣਾ ਸਿਟੀ 1 ਦੇ ਐਸ.ਐਚ.ਓ. ਬਲਜੀਤ ਸਿੰਘ ਨਾਲ ,ਉਨ੍ਹਾਂ ਦੇ ਮੋਬਾਇਲ ਤੇ ਸੰਪਰਕ ਕੀਤਾ, ਪਰ ਉਨ੍ਹਾਂ ਦਾ ਫੋਨ ਅਟੈਂਡ ਕਰਨ ਵਾਲੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਐਸ.ਐਚ.ਓ. ਸਾਬ੍ਹ ਹਾਲੇ ਉਕਤ ਫਾਇਰਿੰਗ ਤੇ ਝਗੜੇ ਵਾਲੀ ਘਟਨਾ ਸਬੰਧੀ ਤਹਿਕੀਕਾਤ ਵਿੱਚ ਰੁੱਝੇ ਹੋਏ ਹਨ। ਘਟਨਾਕ੍ਰਮ ਸਬੰਧੀ ਹੋਰ ਵੇਰਵਿਆਂ ਦਾ ਹਾਲੇ ਇੰਤਜ਼ਾਰ ਹੈ।